ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀਆਂ ਗਤੀਵਿਧੀਆਂ ਕਾਂਗਰਸ ਨੂੰ ਹੁਣ ਰੜਕਣ ਲੱਗੀਆਂ ਹਨ। ਸੂਬੇ ਵਿੱਚ ਕਾਂਗਰਸ ਦੇ ਬਰਾਬਰ ਚਲਾਈਆਂ ਜਾ ਰਹੀਆਂ ਸਿਆਸੀ ਗਤੀਵਿਧੀਆਂ ਸਬੰਧੀ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮਾਮਲਾ ਧਿਆਨ ’ਚ ਲਿਆਉਣ ’ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਮੈਦਾਨ ਵਿੱਚ ਨਿੱਤਰ ਆਏ ਹਨ। ਕਾਂਗਰਸ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਸਿੱਧੂ ’ਤੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੀ ਕਾਰਵਾਈ ਦਾ ਮੁੱਢ ਬੱਝ ਗਿਆ ਹੈ। ਸੁਨੀਲ ਜਾਖੜ ਤੋਂ ਬਾਅਦ ਸਿੱਧੂ ਅਜਿਹੇ ਕੱਦਾਵਾਰ ਆਗੂ ਹੋਣਗੇ ਜਿਨ੍ਹਾਂ ਦੇ ਖਿਲਾਫ਼ ਕਾਂਗਰਸ ਕਾਰਵਾਈ ਕਰਨ ਦਾ ਮਨ ਬਣਾਈ ਬੈਠੀ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਸਾਬਕਾ ਪ੍ਰਧਾਨ ਖ਼ਿਲਾਫ਼ ਜ਼ਾਬਤਾ ਕਾਰਵਾਈ ਲਈ ਪਾਰਟੀ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਰਾਹੀਂ ਚੌਧਰੀ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇੱਕ ਨੋਟ ਦਾ ਵੀ ਹਵਾਲਾ ਦਿੱਤਾ ਹੈ। ਇਸ ਨੋਟ ਰਾਹੀਂ ਵੜਿੰਗ ਨੇ ਨਵਜੋਤ ਸਿੰਘ ਸਿੱਧੂ ’ਤੇ ਪਾਰਟੀ ਵਿਰੁੱਧ ਗਤੀਵਿਧੀਆਂ ਕਰਨ ਅਤੇ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ ਹਨ। ਕਾਂਗਰਸ ਵੱਲੋਂ ਸਿੱਧੂ ’ਤੇ ਦੋਸ਼ ਲਾਇਆ ਗਿਆ ਹੈ ਕਿ ਸਾਬਕਾ ਪ੍ਰਧਾਨ ਵੱਲੋਂ ਅਕਾਲੀ ਦਲ ਨਾਲ ਰਲ਼ ਕੇ ਪਾਰਟੀ ਵਿਰੁੱਧ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਚੌਧਰੀ ਨੇ ਸ੍ਰੀਮਤੀ ਗਾਂਧੀ ਨੂੰ ਕਿਹਾ ਹੈ ਕਿ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਦੀ ਤੁਰੰਤ ਜਵਾਬਤਲਬੀ ਕਰ ਕੇ ਪੁੱਛਿਆ ਜਾਣਾ ਚਾਹੀਦਾ ਹੈ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਿਉਂ ਨਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਪੱਤਰ ਰਾਹੀਂ ਇਹ ਵੀ ਕਿਹਾ ਗਿਆ ਹੈ ਕਿ ਸਿੱਧੂ ਨੂੰ ਅਜਿਹੀਆਂ ਕਾਰਵਾਈਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਜਿਨ੍ਹਾਂ ਨਾਲ ਪਾਰਟੀ ਨੂੰ ਨੁਕਸਾਨ ਪਹੁੰਚਦਾ ਹੋਵੇ। ਕਾਂਗਰਸ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤਾਂ ਨਵਜੋਤ ਸਿੱਧੂ ਦੀਆਂ ਗਤੀਵਿਧੀਆਂ ਪਾਰਟੀ ਨੂੰ ਰੜਕ ਹੀ ਰਹੀਆਂ ਸਨ, ਪਰ ਚੋਣਾਂ ਤੋਂ ਬਾਅਦ ਸਾਬਕਾ ਪ੍ਰਧਾਨ ਵੱਲੋਂ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਪਾਰਟੀ ਨੂੰ ਸਪੱਸ਼ਟ ਤੌਰ ’ਤੇ ਦੋ ਧੜਿਆਂ ’ਚ ਵੰਡ ਕੇ ਰੱਖ ਦਿੱਤਾ ਹੈ। ਪਾਰਟੀ ਦੇ ਸਾਬਕਾ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਦਾ ਧੜਾ ਖੁੱਲ੍ਹ ਕੇ ਨਵਜੋਤ ਸਿੰਘ ਸਿੱਧੂ ਨਾਲ ਵਿਚਰ ਰਿਹਾ ਹੈ। ਕਾਂਗਰਸ ਹਾਈ ਕਮਾਨ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬੇ ਦਾ ਪ੍ਰਧਾਨ ਬਣਾਉਣ ਤੋਂ ਬਾਅਦ ਤਾਂ ਸਿੱਧੂ ਨੇ ਇੱਕ ਤਰ੍ਹਾਂ ਨਾਲ ਬਾਗ਼ੀ ਸੁਰ ਅਪਣਾ ਲਈ ਹੈ। ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਵਿੱਚੋਂ ਕੱਢੇ ਗਏ ਆਗੂਆਂ ਨਾਲ ਵੀ ਸਾਬਕਾ ਪ੍ਰਧਾਨ ਨੇ ਮੀਟਿੰਗਾਂ ਕੀਤੀਆਂ। ਨਵਜੋਤ ਸਿੱਧੂ ਦੀਆਂ ਗਤੀਵਿਧੀਆਂ ਕਾਰਨ ਰਾਜਾ ਵੜਿੰਗ ਦੀ ਹਾਲਤ ਵੀ ਕਸੂਤੀ ਬਣੀ ਹੋਈ ਹੈ। ਪਿਛਲੇ ਦਿਨਾਂ ਦੌਰਾਨ ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਨਾਲ ਸਿੱਧੂ ਦੀ ਗੁਪਤ ਮੀਟਿੰਗ ਨੇ ਕਾਂਗਰਸ ਨੂੰ ਸੋਚੀਂ ਪਾ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਦੇ ਕਈ ਹੋਰਨਾਂ ਆਗੂਆਂ ਨਾਲ ਵੀ ਰਾਬਤਾ ਕਾਇਮ ਕੀਤਾ ਸੀ। ਚਰਚਾਵਾਂ ਦਾ ਦੌਰ ਚੱਲ ਰਿਹਾ ਹੈ ਕਿ ਸ੍ਰੀ ਸਿੱਧੂ ਆਪਣੀ ਪਾਰਟੀ ਵੀ ਬਣਾ ਸਕਦੇ ਹਨ। ਸਿੱਧੂ ਦੇ ਪਾਲ਼ੇ ਵਿੱਚ ਖੜ੍ਹੇ ਸਾਬਕਾ ਵਿਧਾਇਕਾਂ ਨੂੰ ਵੀ ਤਾੜਨਾ ਕੀਤੀ ਗਈ ਹੈ ਕਿ ਜੇਕਰ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਗਿਆ ਤਾਂ ਕਾਰਵਾਈ ਹੋ ਸਕਦੀ ਹੈ।
The post ਕਾਂਗਰਸ ਵੱਲੋਂ ਸਿੱਧੂ ਖ਼ਿਲਾਫ਼ ਕਾਰਵਾਈ ਦੀਆਂ ਹੋ ਗਈਆਂ ਤਿਆਰੀਆਂ ? first appeared on Punjabi News Online.
source https://punjabinewsonline.com/2022/05/03/%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%b5%e0%a9%b1%e0%a8%b2%e0%a9%8b%e0%a8%82-%e0%a8%b8%e0%a8%bf%e0%a9%b1%e0%a8%a7%e0%a9%82-%e0%a8%96%e0%a8%bc%e0%a8%bf%e0%a8%b2%e0%a8%be/