ਕੇਂਦਰ ਨੇ ਵਧਾਇਆ ਡੀਏਪੀ ਦਾ ਭਾਅ ; ਕਿਸਾਨਾਂ ਨੂੰ ਡੀਏਪੀ ਦਾ ਭਾਅ ਹੋਰ ਵਧਣ ਦਾ ਖਦਸ਼ਾ

ਭਾਰਤ ਸਰਕਾਰ ਨੇ ਅਪ੍ਰੈਲ ਮਹੀਨੇ ਦੇ ਚੌਥੇ ਹਫ਼ਤੇ ਵੀ ਖਾਦ ਦੇ ਰੇਟ ’ਚ ਨਵੇਂ ਵਾਧੇ ਬਾਰੇ ਕੋਈ ਪੱਤੇ ਨਹੀਂ ਖੋਲ੍ਹੇ ਹਨ। ਉਂਜ, ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਹੀ ਪਹਿਲੀ ਅਪਰੈਲ ਨੂੰ ਚੁੱਪ ਚੁਪੀਤੇ ਡੀਏਪੀ ਦੇ ਭਾਅ ’ਚ 150 ਰੁਪਏ ਪ੍ਰਤੀ ਗੱਟਾ ਵਾਧਾ ਕਰ ਵੀ ਦਿੱਤਾ ਹੈ। ਅਗਲੇ ਫ਼ਸਲੀ ਸੀਜ਼ਨ ਵਿਚ ਫ਼ਿਲਹਾਲ ਕਿਸਾਨਾਂ ਨੂੰ ਪ੍ਰਤੀ ਗੱਟਾ 150 ਰੁਪਏ ਵੱਧ ਦੇਣੇ ਪੈਣਗੇ ਪਰ ਪੰਜਾਬ ਦੇ ਕਿਸਾਨਾਂ ਨੂੰ ਡਰ ਹੈ ਕਿ ਕੇਂਦਰ ਸਰਕਾਰ ਖਾਦ ਦੇ ਭਾਅ ’ਚ ਹੋਰ ਵੱਡਾ ਵਾਧਾ ਕਰੇਗੀ।
ਕੇਂਦਰ ਸਰਕਾਰ ਵੱਲੋਂ ਹਰ ਸਾਲ ਪਹਿਲੀ ਅਪਰੈਲ ਨੂੰ ਖਾਦ ਬਾਰੇ ਜੋ ਪਾਲਿਸੀ ਜਾਰੀ ਕੀਤੀ ਜਾਂਦੀ ਹੈ, ਉਹ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ। ਕੇਂਦਰ ਸਰਕਾਰ ਕੋਲ ਦੋ ਹੀ ਰਾਹ ਬਚੇ ਹਨ। ਪਹਿਲਾ ਇਹ ਕਿ ਕੇਂਦਰ ਸਰਕਾਰ ਖਾਦ ਸਬਸਿਡੀ ’ਚ ਵਾਧਾ ਕਰ ਦੇਵੇ ਤੇ ਦੂਜਾ ਇਹ ਕਿ ਖਾਦ ਦੀਆਂ ਕੀਮਤਾਂ ਵਿੱਚ ਚੋਖਾ ਵਾਧਾ ਕਰ ਦੇਵੇ। ਪਹਿਲੀ ਅਪਰੈਲ ਨੂੰ ਕੀਤੇ ਵਾਧੇ ਪਿੱਛੋਂ ਪੰਜਾਬ ਵਿਚ ਡੀਏਪੀ ਖਾਦ ਦੀ ਕੀਮਤ 1200 ਰੁਪਏ ਤੋਂ ਵੱਧ ਕੇ 1350 ਰੁਪਏ ਪ੍ਰਤੀ ਗੱਟਾ ਹੋ ਗਈ ਹੈ। ਪਿਛਲੇ ਸਾਲ ਵੀ ਕੇਂਦਰ ਨੇ ਇੱਕ ਵਾਰ ਪ੍ਰਤੀ ਬੋਰੀ ਕੀਮਤ 1200 ਤੋਂ ਵਧਾ ਕੇ 1900 ਰੁਪਏ ਕਰ ਦਿੱਤੀ ਸੀ। ਉਸ ਸਮੇਂ ਰੌਲਾ ਪੈਣ ਕਰਕੇ ਕੇਂਦਰ ਨੇ ਸਬਸਿਡੀ ਵਿਚ ਵਾਧਾ ਕਰ ਦਿੱਤਾ ਸੀ ਜਿਸ ਪਿੱਛੋਂ ਖਾਦ ਮੁੜ ਪੁਰਾਣੇ ਭਾਅ ’ਤੇ ਕਿਸਾਨਾਂ ਨੂੰ ਮਿਲਣ ਲੱਗੀ ਸੀ। ਪੰਜਾਬ ਵਿਚ ਡੀਏਪੀ ਖਾਦ ਦੀ ਸਾਲਾਨਾ 7।50 ਲੱਖ ਮੀਟਰਿਕ ਟਨ ਦੀ ਖਪਤ ਹੁੰਦੀ ਹੈ ਜਿਸ ’ਚੋਂ 5।25 ਲੱਖ ਮੀਟਰਿਕ ਟਨ ਹਾੜ੍ਹੀ ਦੀ ਫ਼ਸਲ ’ਤੇ ਅਤੇ 2।25 ਲੱਖ ਮੀਟਰਿਕ ਟਨ ਡੀਏਪੀ ਦੀ ਖਪਤ ਸਾਉਣੀ ਦੀ ਫਸਲ ’ਤੇ ਹੁੰਦੀ ਹੈ।
ਪੰਜਾਬ ਕੋਲ ਇਸ ਵੇਲੇ ਸਿਰਫ਼ 50 ਹਜ਼ਾਰ ਮੀਟਰਿਕ ਟਨ ਡੀਏਪੀ ਮੁਹੱਈਆ ਹੈ। ਪ੍ਰਾਈਵੇਟ ਕੰਪਨੀਆਂ ਕੌਮਾਂਤਰੀ ਮਾਰਕੀਟ ਵਿਚ ਖਾਦ ਦੇ ਰੇਟ ਤੇਜ਼ ਹੋਣ ਕਰਕੇ ਪੱਲਿਓਂ ਘਾਟਾ ਝੱਲ ਕੇ ਖਾਦ ਦੀ ਸਪਲਾਈ ਦੇਣ ਲਈ ਤਿਆਰ ਨਹੀਂ ਹਨ। ਰੂਸ-ਯੂਕਰੇਨ ਜੰਗ ਕਰਕੇ ਵੀ ਖਾਦ ਦੇ ਭਾਅ ਅਸਮਾਨੀਂ ਚੜ੍ਹੇ ਹਨ। ਹਾੜ੍ਹੀ ਦੇ ਸੀਜ਼ਨ ਵਿੱਚ ਕੌਮਾਂਤਰੀ ਬਾਜ਼ਾਰ ਵਿੱਚ ਡੀਏਪੀ ਦਾ ਭਾਅ 670 ਡਾਲਰ ਪ੍ਰਤੀ ਮੀਟਰਿਕ ਟਨ ਸੀ ਜੋ ਕਿ ਹੁਣ 940 ਡਾਲਰ ਪ੍ਰਤੀ ਮੀਟਰਿਕ ਟਨ ਤੋਂ ਉੱਪਰ ਹੋ ਗਿਆ ਹੈ। ਕਿਸਾਨਾਂ ਨੂੰ ਜਿੱਥੇ ਕੀਮਤਾਂ ਵਿੱਚ ਹੋਰ ਵਾਧੇ ਦਾ ਡਰ ਬਣਿਆ ਹੋਇਆ ਹੈ, ਉੱਥੇ ਖਾਦ ਦਾ ਸੰਕਟ ਬਣਨ ਦਾ ਵੀ ਡਰ ਹੈ। ਪੰਜਾਬ ਵਿਚ ਐਤਕੀਂ 31 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਤੇ ਚਾਰ ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਂਦ ਹੋਣ ਦਾ ਅਨੁਮਾਨ ਹੈ। ਕਾਰੋਬਾਰੀ ਮਾਹਿਰ ਆਖਦੇ ਹਨ ਕਿ ਕੇਂਦਰ ਸਰਕਾਰ ਦੀ ਨਵੀਂ ਪਾਲਿਸੀ ਰੰਗ ਦਿਖਾਏਗੀ। ਕੇਂਦਰ ਨੇ ਸਬਸਿਡੀ ਨਾ ਵਧਾਈ ਤਾਂ ਡੀਏਪੀ ਖਾਦ ਦੀਆਂ ਕੀਮਤਾਂ ਵਿਚ 500 ਰੁਪਏ ਤੋਂ ਲੈ ਕੇ 700 ਰੁਪਏ ਤੱਕ ਪ੍ਰਤੀ ਬੋਰੀ ਦਾ ਵਾਧਾ ਹੋ ਸਕਦਾ ਹੈ। ਪੰਜਾਬ ਦੀ ਕਿਸਾਨੀ ਤਾਂ ਪਹਿਲਾਂ ਹੀ ਕਣਕ ਦਾ ਝਾੜ ਘਟਣ ਕਰਕੇ ਕਰੀਬ ਛੇ ਹਜ਼ਾਰ ਕਰੋੜ ਰੁਪਏ ਦੀ ਵਿੱਤੀ ਮਾਰ ਝੱਲ ਰਹੀ ਹੈ। ਨਵੇਂ ਬੋਝ ਕਿਸਾਨੀ ਨੂੰ ਦਮੋਂ ਕੱਢ ਦੇਣਗੇ।

The post ਕੇਂਦਰ ਨੇ ਵਧਾਇਆ ਡੀਏਪੀ ਦਾ ਭਾਅ ; ਕਿਸਾਨਾਂ ਨੂੰ ਡੀਏਪੀ ਦਾ ਭਾਅ ਹੋਰ ਵਧਣ ਦਾ ਖਦਸ਼ਾ first appeared on Punjabi News Online.



source https://punjabinewsonline.com/2022/04/25/%e0%a8%95%e0%a9%87%e0%a8%82%e0%a8%a6%e0%a8%b0-%e0%a8%a8%e0%a9%87-%e0%a8%b5%e0%a8%a7%e0%a8%be%e0%a8%87%e0%a8%86-%e0%a8%a1%e0%a9%80%e0%a8%8f%e0%a8%aa%e0%a9%80-%e0%a8%a6%e0%a8%be-%e0%a8%ad%e0%a8%be/
Previous Post Next Post

Contact Form