
ਇਮਰਾਨ ਖ਼ਾਨ ਨੂੰ ਸੱਤਾ ਤੋਂ ਬਾਹਰ ਕੀਤੇ ਜਾਣ ਤੋਂ ਇਕ ਦਿਨ ਮਗਰੋਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਦਾ ਨਵਾਂ ਆਗੂ ਚੁਣਨ ਦਾ ਅਮਲ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ ਕੌਮੀ ਅਸੈਂਬਲੀ ਦੇ ਵਿਸ਼ੇਸ਼ ਇਜਲਾਸ ਦੌਰਾਨ ਨਵੇਂ ਆਗੂ ਦੀ ਚੋਣ ਕੀਤੀ ਜਾਵੇਗੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਅੱਜ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। ਮੁਲਕ ਦੀ ਸਾਂਝੀ ਵਿਰੋਧੀ ਧਿਰ, ਜੋ ਸੋਸ਼ਲਿਸਟ, ਲਿਬਰਲ ਤੇ ਕੱਟੜਵਾਦੀ ਧਾਰਮਿਕ ਪਾਰਟੀਆਂ ਦਾ ਗੱਠਜੋੜ ਹੈ, ਨੇ 70 ਸਾਲਾ ਸ਼ਾਹਬਾਜ਼ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ ਜਦੋਂਕਿ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਉਨ੍ਹਾਂ ਦੇ ਮੁਕਾਬਲੇ ਵਿੱਚ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਮਰਾਨ ਖ਼ਾਨ ਦੇ ਜਾਨਸ਼ੀਨ ਦੀ ਚੋਣ ਸੋਮਵਾਰ ਨੂੰ ਕੌਮੀ ਅਸੈਂਬਲੀ ਵਿੱਚ ਹੋਵੇਗੀ। ਇਸ ਦੌਰਾਨ ਕੌਮੀ ਅਸੈਂਬਲੀ ਸਕੱਤਰੇਤ ਨੇ ਪੀਟੀਆਈ ਵੱਲੋਂ ਦਾਇਰ ਇਤਰਾਜ਼ਾਂ ਨੂੰ ਖਾਰਜ ਕਰਦਿਆਂ ਸ਼ਾਹਬਾਜ਼ ਤੇ ਉਸ ਦੇ ਰਵਾਇਤੀ ਵਿਰੋਧੀ ਕੁਰੈਸ਼ੀ ਨੂੰ ਭਲਕੇ ਚੋਣ ਲੜਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਚੋਣ ਅਮਲ ਪੂਰਾ ਕਰਨ ਲਈ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਨਵਾਂ ਪ੍ਰਧਾਨ ਮੰਤਰੀ ਬਣਨ ਲਈ ਉਮੀਦਵਾਰ ਨੂੰ 342 ਮੈਂਬਰੀ ਅਸੈਂਬਲੀ ਵਿੱਚ 172 ਵੋਟਾਂ ਲੋੜੀਂਦੀਆਂ ਹਨ। ਦੇਸ਼ ਦੇ ਮੌਜੂਦਾ ਸਿਆਸੀ ਘਟਨਾਕ੍ਰਮ ਨੂੰ ਵੇਖਦਿਆਂ ਸ਼ਾਹਬਾਜ਼ ਸ਼ਰੀਫ਼ ਦੇ ਸਦਨ ਦਾ ਨਵਾਂ ਆਗੂ ਚੁਣੇ ਜਾਣ ਦੇ ਆਸਾਰ ਹਨ। ਹਾਲਾਂਕਿ ਸ਼ਰੀਫ਼ ਲਈ ਗੱਠਜੋੜ ਦੇ ਮੈਂਬਰਾਂ, ਜਿਨ੍ਹਾਂ ਵਿੱਚ ਚਾਰ ਆਜ਼ਾਦ ਉਮੀਦਵਾਰ ਵੀ ਹਨ, ਨੂੰ ਸੰਭਾਲ ਕੇ ਰੱਖਣਾ ਤੇ ਨਾਲ ਤੋਰਨਾ ਅਸਲ ਚੁਣੌਤੀ ਹੋਵੇਗੀ। ਮੌਜੂਦਾ ਕੌਮੀ ਅਸੈਂਬਲੀ ਦੀ ਮਿਆਦ ਅਗਲੇ ਸਾਲ ਅਗਸਤ ਵਿੱਚ ਖ਼ਤਮ ਹੋਣੀ ਹੈ।
The post ਪਾਕਿਸਤਾਨ : ਸ਼ਾਹਬਾਜ਼ ਸ਼ਰੀਫ਼ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ,ਚੋਣ ਅੱਜ first appeared on Punjabi News Online.
source https://punjabinewsonline.com/2022/04/11/%e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8-%e0%a8%b6%e0%a8%be%e0%a8%b9%e0%a8%ac%e0%a8%be%e0%a8%9c%e0%a8%bc-%e0%a8%b6%e0%a8%b0%e0%a9%80%e0%a8%ab%e0%a8%bc-%e0%a8%b5/