
ਸਾਬਕਾ ਉਪ ਮੁੱਖ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਹਾਰ ਲਈ ਸਿੱਧੂ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਸਿੱਧੂ ਨੂੰ ਤੁਰੰਤ ਪ੍ਰਭਾਵ ਤੋਂ ਅਸਤੀਫਾ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਨੇ ਸਿੱਧੂ ਨੂੰ ਬਾਹਰ ਦਾ ਰਸਤਾ ਨਾ ਦਿਖਾ ਕੇ ਗ਼ਲਤੀ ਕੀਤੀ ਹੈ। ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ, ‘‘ਪਾਰਟੀ ਨੂੰ ਭਾਵੇਂ ਕਿ ਨੁਕਸਾਨ ਕਿਉਂ ਨਾ ਝੱਲਣਾ ਪੈਂਦਾ, ਪਰ ਸਿੱਧੂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਸੀ। ਉਂਜ ਵੀ ਸਿੱਧੂ ਦੇ ਡੀਐੱਨਏ ’ਚ ਕਾਂਗਰਸੀ ਸੱਭਿਆਚਾਰ ਨਹੀਂ ਹੈ।’’ਰੰਧਾਵਾ ਨੇ ਆਖਿਆ ਕਿ ਅਸਲ ਵਿੱਚ ਸਿੱਧੂ ਕਦੇ ਵੀ ਕਾਂਗਰਸ ਦੇ ਨਹੀਂ ਹੋਏ ਕਿਉਂਕਿ ਉਨ੍ਹਾਂ ਦਾ ਸੀਨੀਅਰ ਆਗੂਆਂ ਨਾਲ ਵਰਤਾਰਾ ਅਤੇ ਨੀਵੇਂ ਪੱਧਰ ਦੀ ਬੋਲਬਾਣੀ ਕਾਰਨ ਜਿੱਥੇ ਕਾਂਗਰਸੀ ਆਗੂ ਖ਼ਫ਼ਾ ਸਨ, ਉੱਥੇ ਹੀ ਜ਼ਮੀਨੀ ਪੱਧਰ ’ਤੇ ਜੁੜੇ ਪਾਰਟੀ ਵਰਕਰ ਵੀ ਨਾਰਾਜ਼ ਸਨ। ਉਨ੍ਹਾਂ ਹਲਕਾ ਧੂਰੀ ਦੇ ਇਕ ਮੰਚ ਦਾ ਹਵਾਲਾ ਵੀ ਦਿੱਤਾ, ਜਦੋਂ ਸਿੱਧੂ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਬਾਵਜੂਦ ਇਸ ਦੇ ਪਾਰਟੀ ਹਾਈਕਮਾਨ ਨੇ ਉਨ੍ਹਾਂ ਦੇ ਇਸ ਵਰਤਾਰੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਕਾਂਗਰਸੀ ਆਗੂ ਨੇ ਕਿਹਾ ਕਿ ਪਾਰਟੀ ਵਿੱਚ ਇੱਕਸੁਰਤਾ ਅਤੇ ਤਾਲਮੇਲ ਜ਼ਰੂਰੀ ਹੈ, ਪਰ ਸਿੱਧੂ ‘ਵਨ ਮੈਨ ਸ਼ੋਅ’ ਦਾ ਦਬਾਅ ਬਣਾਉਣ ’ਚ ਲੱਗਾ ਰਿਹਾ, ਜਿਸ ਦਾ ਨਤੀਜਾ ਪਾਰਟੀ ਅਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿੱਧੂ ਨੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕੀਤੇ ਤਾਂ ਪਾਰਟੀ ਹਾਈਕਮਾਨ ਖ਼ਾਸ ਕਰ ਕੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਤੁਰੰਤ ਹਰਕਤ ਵਿੱਚ ਆਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ’ਤੇ ਲਗਾਮ ਨਾ ਕੱਸੇ ਜਾਣ ਦਾ ਖ਼ਮਿਆਜ਼ਾ ਅੱਜ ਕਾਂਗਰਸ ਪਾਰਟੀ ਨੂੰ ਭੁਗਤਣਾ ਪਿਆ ਹੈ।
The post ਸਿੱਧੂ ਖ਼ਿਲਾਫ਼ ਹੋਏ ਕਾਂਗਰਸੀ first appeared on Punjabi News Online.
source https://punjabinewsonline.com/2022/03/13/%e0%a8%b8%e0%a8%bf%e0%a9%b1%e0%a8%a7%e0%a9%82-%e0%a8%96%e0%a8%bc%e0%a8%bf%e0%a8%b2%e0%a8%be%e0%a8%ab%e0%a8%bc-%e0%a8%b9%e0%a9%8b%e0%a8%8f-%e0%a8%95%e0%a8%be%e0%a8%82%e0%a8%97%e0%a8%b0%e0%a8%b8/