| ਪੰਜਾਬ ਦੇ ਚੋਣ ਨਤੀਜੇ ਤੈਅ ਕਰਨਗੇ ਨਵਜੋਤ ਸਿੱਧੂ ਦਾ ਸਿਆਸੀ ਭਵਿੱਖ Mar 3rd 2022, 06:22, by Liberal TV Punjabi Desk ਜੇ ਬਹੁਮਤ ਨਾ ਮਿਲਿਆ ਤਾਂ ਖੁੱਸ ਸਕਦੀ ਹੈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ। ਪੰਜਾਬ ਦੇ ਚੋਣ ਨਤੀਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਸਿਆਸੀ ਭਵਿੱਖ ਤੈਅ ਕਰਨਗੇ। ਜੇ ਪੰਜਾਬ ਕਾਂਗਰਸ ਨੂੰ ਮੁੜ ਤੋਂ ਬਹੁਮਤ ਹਾਸਲ ਹੋ ਜਾਂਦਾ ਹੈ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੀਰੋ ਬਣਨਗੇ ਕਿਉਂਕਿ ਜਿੱਤ ਦਾ ਸਿਹਰਾ ਚੰਨੀ ਨੂੰ ਜਾਵੇਗਾ। ਪ੍ਰੰਤੂ ਜੇਕਰ ਕਾਂਗਰਸ ਨੂੰ ਬਹੁਮਤ ਨਾ ਮਿਲਿਆ ਤਾਂ ਹਾਰ ਦਾ ਠੀਕਰਾ ਨਵਜੋਤ ਸਿੱਧੂ ਦੇ ਸਿਰ ਭੰਨਿਆ ਜਾਵੇਗਾ। ਪੰਜਾਬ 'ਚ ਕਾਂਗਰਸ ਪਾਰਟੀ ਦੀ ਹਾਰ ਨਾਲ ਸਿੱਧੂ ਦਾ ਸਿਆਸੀ ਨੁਕਸਾਨ ਹੋ ਸਕਦਾ ਹੈ ਅਤੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਵੀ ਦੇਣਾ ਪੈ ਸਕਦਾ ਹੈ। ਸੂਤਰਾਂ ਅਨੁਸਾਰ ਪੰਜਾਬ ਦੇ ਕਈ ਆਗੂ ਤਾਂ ਪਹਿਲਾਂ ਹੀ ਸਿੱਧੂ ਦੀ ਕਾਰਗੁਜ਼ਾਰੀ, ਬੋਲਬਾਣੀ ਤੋ ਪ੍ਰੇਸ਼ਾਨ ਸਨ ਪਰ ਚੋਣਾਂ ਦੌਰਾਨ ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਵੀ ਸਿੱਧੂ ਦੀ ਕਾਰਜਸ਼ੈਲੀ ਨੂੰ ਲੈ ਕੇ ਨਾਰਾਜ਼ ਦੱਸੇ ਜਾਂਦੇ ਹਨ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਤੋਂ ਬਾਅਦ ਅੰਮਿ੍ਰਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਿੱਧੂ ਦੀ ਬੋਲਬਾਣੀ ਨਾਲ ਕਾਂਗਰਸ ਦਾ ਨੁਕਸਾਨ ਹੋਇਆ ਹੈ। ਇਸ ਤਰ੍ਹਾਂ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਵ ਬਿੱਟੂ ਵੀ ਨਵਜੋਤ ਸਿੰਘ ਸਿੱਧੂ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠਾ ਚੁੱਕੇ ਹਨ। The post ਪੰਜਾਬ ਦੇ ਚੋਣ ਨਤੀਜੇ ਤੈਅ ਕਰਨਗੇ ਨਵਜੋਤ ਸਿੱਧੂ ਦਾ ਸਿਆਸੀ ਭਵਿੱਖ first appeared on Liberal TV. |