
ਨਵਾਂਸ਼ਹਿਰ ’ਚ ਮੰਗਲਵਾਰ ਨੂੰ ਬਰਜਿੰਦਰ ਸਿੰਘ ਹੁਸੈਨਪੁਰ ਨੇ ਬਸਪਾ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਪਰ ਇੱਥੋਂ ਨਛੱਤਰਪਾਲ ਪਹਿਲਾਂ ਹੀ ਪਾਰਟੀ ਦੇ ਅਧਿਕਾਰਕ ਉਮੀਦਵਾਰ ਦੇ ਤੌਰ ’ਤੇ ਨਾਮਜ਼ਦਗੀ ਭਰ ਚੁੱਕੇ ਹਨ। ਜਦੋਂ ਅਕਾਲੀ ਦਲ ਤੇ ਬਸਪਾ ਦੇ ਆਗੂਆਂ ਨੂੰ ਇਸ ਦਾ ਪਤਾ ਲੱਗਿਆ ਤਾਂ ਉਹ ਹੈਰਾਨ ਹੋ ਗਏ। ਜਲਦਬਾਜ਼ੀ ’ਚ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਉਮੀਦਵਾਰ ਨਛੱਤਰ ਪਾਲ ਤੇ ਹੋਰ ਕਈ ਆਗੂ ਰਿਟਰਨਿੰਗ ਅਧਿਕਾਰੀ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਬਰਜਿੰਦਰ ਸਿੰਘ ਹੁਸੈਨਪੁਰ ਦੀ ਸ਼ਿਕਾਇਤ ਕੀਤੀ। ਬਸਪਾ ਪ੍ਰਧਾਨ ਗੜ੍ਹੀ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਨੇ ਨਵਾਂਸ਼ਹਿਰ ਤੋਂ ਨਛੱਤਰਪਾਲ ਨੂੰ ਉਮੀਦਵਾਰ ਬਣਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਰਜਿੰਦਰ ਸਿੰਘ ਹੁਸੈਨਪੁਰ ਨੇ ਜਾਅਲੀ ਕਾਗਜ਼ ਲਾ ਕੇ ਨਾਮਜ਼ਦਗੀ ਭਰੀ ਹੈ। ਇਸ ਦੀ ਸ਼ਿਕਾਇਤ ਉਨ੍ਹਾਂ ਨੇ ਰਿਟਰਨਿੰਗ ਅਧਿਕਾਰੀ ਨੂੰ ਕੀਤੀ ਹੈ। ਗੜ੍ਹੀ ਨੇ ਕਿਹਾ ਕਿ ਇਕ ਸ਼ਿਕਾਇਤ ਐੱਸਐੱਸਪੀ ਨੂੰ ਦੇ ਕੇ ਬਰਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਵਾਇਆ ਜਾਵੇਗਾ।
ਦੂਜੇ ਪਾਸੇ ਬਰਜਿੰਦਰ ਸਿੰਘ ਹੁਸੈਨਪੁਰ ਦੇ ਨੱਮ ਤੇ ਇੱਕ ਆਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ “ਉਹ ਸੂਬੇ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਤੇ ਸੂਬੇ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਟਿਕਟ ਨਾਲ ਨਵਾਜ਼ਿਆ। ਹੁਸੈਨਪੁਰ ਨੇ ਕਿਹਾ ਕਿ ਸਵੇਰੇ ਬਸਪਾ ਦੇ ਕੁਝ ਵਰਕਰ ਉਨ੍ਹਾਂ ਕੋਲ ਆਏ ਤੇ ਕਿਹਾ ਕਿ ਪ੍ਰਧਾਨ ਗੜ੍ਹੀ ਨੇ ਉਨ੍ਹਾਂ ਦੀ ਡਿਊਟੀ ਲਾਈ ਹੈ। ਸਮਾਂ ਬਹੁਤ ਘੱਟ ਹੈ, ਉਹ ਜਲਦੀ ਤੋਂ ਜਲਦ ਆਪਣੀ ਨਾਮਜ਼ਦਗੀ ਦਾਖਲ ਕਰਨ। ਇਸ ਤੋਂ ਬਾਅਦ ਪ੍ਰਧਾਨ ਉਨ੍ਹਾਂ ਦੀ ਬੈਠਕ ਬਸਪਾ ਵਰਕਰਾ ਨਾਲ ਕਰਵਾਉਣਗੇ। ਉਹ ਇਕ ਵਾਰ ਫਿਰ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਉਹ ਸਾਰਿਆਂ ਦੀਆਂ ਉਮੀਦਾਂ ’ਤੇ ਖਰਾ ਉੱਤਰਨਗੇ ਅਤੇ ਨਵਾਂਸ਼ਹਿਰ ਦੀ ਸੀਟ ਨੂੰ ਜਿੱਤ ਕੇ ਬਸਪਾ-ਅਕਾਲੀ ਦਲ ਦੇ ਖਾਤੇ ’ਚ ਪਾਉਣਗੇ।”
The post ਦੋ ਜਣਿਆ ਨੇ ਇਕੋ ਜਗ੍ਹਾ ਬਸਪਾ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ ! first appeared on Punjabi News Online.
source https://punjabinewsonline.com/2022/02/02/%e0%a8%a6%e0%a9%8b-%e0%a8%9c%e0%a8%a3%e0%a8%bf%e0%a8%86-%e0%a8%a8%e0%a9%87-%e0%a8%87%e0%a8%95%e0%a9%8b-%e0%a8%9c%e0%a8%97%e0%a9%8d%e0%a8%b9%e0%a8%be-%e0%a8%ac%e0%a8%b8%e0%a8%aa%e0%a8%be-%e0%a8%89/