ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਫਰਵਰੀ 2
ਚੰਡੀਗੜ੍ਹ ਨਗਰ ਨਿਗਮ 'ਤੇ ਮੁੜ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਇਸ ਵਾਰ ਵੀ ਭਾਜਪਾ ਨੇ ਮੇਅਰ ਦੀ ਚੋਣ ਜਿੱਤ ਕੇ ਸਰਬਜੀਤ ਕੌਰ ਨੂੰ ਮੇਅਰ ਬਣਾਇਆ ਹੈ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ 'ਤੇ ਵੀ ਭਾਜਪਾ ਦਾ ਕਬਜ਼ਾ ਹੈ। ਤਿੰਨੋਂ ਸੀਟਾਂ ਭਾਜਪਾ ਕੋਲ ਹਨ। ਇਸ ਦੇ ਬਾਵਜੂਦ ਕੁਝ ਆਗੂ ਭਾਜਪਾ ਛੱਡ ਕੇ ਹੋਰ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ।
ਆਮ ਆਦਮੀ ਪਾਰਟੀ ਚੰਡੀਗੜ੍ਹ ਨੇ ਇੱਕ ਵਾਰ ਫਿਰ ਸ਼ਹਿਰ ਵਿੱਚ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਪਿੰਡ ਰਾਏਪੁਰ ਕਲਾਂ ਦੇ ਸਾਬਕਾ ਸਰਪੰਚ ਅਤੇ ਭਾਜਪਾ ਦੇ ਮਜ਼ਬੂਤ ਆਗੂ ਗੁਰਦੀਪ ਸਿੰਘ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। 'ਆਪ' ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਨੇ ਗੁਰਦੀਪ ਸਿੰਘ ਅਤੇ ਸਾਥੀਆਂ ਨੂੰ 'ਆਪ' ਵਿੱਚ ਸ਼ਾਮਲ ਕਰ ਲਿਆ। ਇਸ ਮੌਕੇ ਕੋ-ਇੰਚਾਰਜ ਪ੍ਰਦੀਪ ਛਾਬੜਾ ਵੀ ਮੌਜੂਦ ਸਨ। ਸਾਬਕਾ ਮੰਡਲ ਪ੍ਰਧਾਨ ਸਤੀਸ਼ ਮਨਕੋਟੀਆ, ਸਾਬਕਾ ਪੰਚ ਰਾਜਵਿੰਦਰ ਸਿੰਘ, ਪਿੰਡ ਮੌਲੀ ਦੇ ਸਾਬਕਾ ਸਰਪੰਚ ਜਗਦੀਪ ਸਿੰਘ ਸਮੇਤ ਸੈਂਕੜੇ ਲੋਕ 'ਆਪ' ਵਿੱਚ ਸ਼ਾਮਲ ਹੋਏ।
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਉਪਰੰਤ ਗੁਰਦੀਪ ਸਿੰਘ ਅਤੇ ਪਿੰਡ ਮੌਲੀ ਦੇ ਸਾਬਕਾ ਸਰਪੰਚ ਜਗਦੀਪ ਸਿੰਘ ਨੇ ਕਿਹਾ ਕਿ ਭਾਜਪਾ ਹੁਣ ਮੌਕਾ ਪ੍ਰਸਤਾਂ ਅਤੇ ਸੱਤਾ ਦੇ ਲਾਲਚੀ ਲੋਕਾਂ ਦੀ ਪਾਰਟੀ ਬਣ ਗਈ ਹੈ। ਕੁਰਸੀ ਲਈ ਭਾਜਪਾ ਆਗੂਆਂ ਦੀ ਆਪਸੀ ਲੜਾਈ ਦਾ ਖ਼ਮਿਆਜ਼ਾ ਸ਼ਹਿਰ ਦੇ ਗਰੀਬ ਤੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਭਾਜਪਾ ਆਪਣੇ ਆਦਰਸ਼ਾਂ ਅਤੇ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਭਟਕ ਚੁੱਕੀ ਹੈ। ਜਰਨੈਲ ਸਿੰਘ ਨੇ ਕਿਹਾ ਕਿ ਭਾਜਪਾ ਦੇ ਉਲਟੇ ਦਿਨ ਸ਼ੁਰੂ ਹੋ ਗਏ ਹਨ। ਅਰਵਿੰਦ ਕੇਜਰੀਵਾਲ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਦੇ ਸਾਰੇ ਪੁਰਾਣੇ ਮਿਹਨਤੀ ਆਗੂ 'ਆਪ' ਵਿੱਚ ਸ਼ਾਮਲ ਹੋ ਰਹੇ ਹਨ।
Facebook Page:https://www.facebook.com/factnewsnet
See videos:https://www.youtube.com/c/TheFACTNews/videos
The post ਚੰਡੀਗੜ੍ਹ 'ਚ ਭਾਜਪਾ ਆਗੂ ਗੁਰਦੀਪ ਸਿੰਘ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਲ appeared first on The Fact News Punjabi.