ਫੈਕਟ ਸਮਾਚਾਰ ਸੇਵਾ
ਨੰਗਲ, ਫਰਵਰੀ 28
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਸੂਬਿਆਂ ਦੀ ਅਜ਼ਾਰੇਦਾਰੀ ਨੂੰ ਖ਼ਤਮ ਕਰਨ ਦੀ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟੀਫਿਕੇਸ਼ਨ ਦੇ ਵਿਰੋਧ ਵਿਚ ਅੱਜ ਬਲਾਕ ਕਾਂਗਰਸ ਕਮੇਟੀ ਨੰਗਲ ਵੱਲੋਂ ਚੀਫ ਇੰਜਨੀਅਰ ਭਾਖੜਾ ਡੈਮ ਦੇ ਦਫ਼ਤਰ ਦੇ ਅੱਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਸਥਾਨਕ ਵਿਧਾਇਕ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ ਜਿਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਤੇ ਬੋਲਦਿਆਂ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਇਹ ਪੰਜਾਬ ਦੇ ਹੱਕਾਂ ਤੇ ਵੱਡਾ ਡਾਕਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਦੇ ਮੈਂਬਰ ਪੰਜਾਬ ਅਤੇ ਹਰਿਆਣਾ ਦੇ ਹੱਕਾਂ ਦੀ ਰਾਖੀ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਤੋਂ ਇਹ ਮੈਂਬਰ ਹਟਾ ਕੇ ਕੇਂਦਰ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਵਿਰੋਧੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਬੀਬੀਐਮਬੀ ਨੂੰ ਲੈ ਕੇ ਪਹਿਲਾ ਹਮਲਾ ਨਹੀਂ ਹੈ , ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਭਾਖੜਾ ਡੈਮ ਦੀ ਸੁਰੱਖਿਆ ਨੂੰ ਸੀਆਈਐਸਐਫ ਨੂੰ ਜ਼ਿੰਮੇਵਾਰੀ ਦੇਣ ਦਾ ਮਨ ਬਣਾ ਲਿਆ ਹੈ ਅਤੇ ਇਸ ਤਰ੍ਹਾਂ ਕਰਕੇ ਕੇਂਦਰ ਸਰਕਾਰ ਨੇ ਇਹ ਦਰਸਾਇਆ ਹੈ ਕਿ ਉਨ੍ਹਾਂ ਨੂੰ ਪੰਜਾਬ ਅਤੇ ਹਿਮਾਚਲ ਦੀ ਪੁਲੀਸ ਤੇ ਵਿਸ਼ਵਾਸ ਨਹੀਂ।
ਉਨ੍ਹਾਂ ਬੀਬੀਐਮਬੀ ਦੇ ਚੇਅਰਮੈਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਚੇਅਰਮੈਨ ਕਿੱਥੋਂ ਦਾ ਹੈ ਪਰ ਬੀਬੀਐੱਮਬੀ ਅਤੇ ਭਾਖੜਾ ਡੈਮ ਸਾਡਾ ਹੈ ਅਤੇ ਇਸ ਨੂੰ ਅਸੀਂ ਆਪਣੇ ਤਰੀਕੇ ਨਾਲ ਚਲਾਵਾਂਗੇ । ਉਨ੍ਹਾਂ ਨੇ ਮੁਲਾਜ਼ਮਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਪੈੱਨ ਡਾਊਨ ਹੜਤਾਲ ਕਰ ਕੇ ਇਸ ਵਿਰੋਧ ਵਿੱਚ ਸ਼ਾਮਲ ਹੋਣ ਕਿਉਂਕਿ ਇਹ ਸਾਰੇ ਪੰਜਾਬ ਤੇ ਹਮਲਾ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਹ ਕਾਨੂੰਨ ਵਾਪਸ ਨਾ ਲਏ ਤਾਂ ਕਿਸਾਨੀ ਅੰਦੋਲਨ ਨਾਲੋਂ ਵੱਡਾ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਅੱਜ ਸ਼ਾਮ ਗਵਰਨਰ ਪੰਜਾਬ ਨੂੰ ਵੀ ਮਿਲਣ ਜਾ ਰਹੇ ਹਨ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਸਾਹਨੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਕੇਸ਼ ਨਈਅਰ , ਕੌਂਸਲਰ ਇੰਦੂ ਬਾਲਾ , ਡਾ ਰਵਿੰਦਰ ਦੀਵਾਨ , ਕੌਂਸਲਰ ਸੁਰਿੰਦਰ ਪੰਮਾ , ਬਲਵਿੰਦਰ ਬਾਲੀ , ਕੌਂਸਲਰ ਮਨਜੀਤ ਕੌਰ ਮੱਟੂ , ਸਾਬਕਾ ਕੌਂਸਲਰ ਪ੍ਰਤਾਪ ਸਿੰਘ ਸੈਣੀ , ਕੌਂਸਲਰ ਦੀਪਕ ਨੰਦਾ ਨਗਰ ਕੌਂਸਲ ਆਨੰਦਪੁਰ ਸਾਹਿਬ ਦੇ ਚੇਅਰਮੈਨ ਹਰਜੀਤ ਸਿੰਘ ਜੀਤਾ , ਉਮਾ ਕਾਂਤ ਸ਼ਰਮਾ , ਜਸਵਿੰਦਰ ਸਿੰਘ ਸੈਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜ਼ਰ ਸਨ।
Facebook Page: https://www.facebook.com/factnewsnet
See videos:https://www.youtube.com/c/TheFACTNews/videos
The post ਨੰਗਲ ਬਲਾਕ ਕਾਂਗਰਸ ਕਮੇਟੀ ਵੱਲੋਂ ਚੀਫ ਇੰਜਨੀਅਰ ਦੇ ਦਫ਼ਤਰ ਦੇ ਅੱਗੇ ਧਰਨਾ appeared first on The Fact News Punjabi.