ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ‘ਚ ਖਾਮੀ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ ਅਤੇ ‘ਵੱਡੇ ਅਤੇ ਸਖਤ ਫੈਸਲੇ’ ਲਏ ਜਾਣਗੇ । ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਸ ਮਾਮਲੇ ‘ਤੇ ਵਿਚਾਰ-ਚਰਚਾ ਹੋਣ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਠਾਕੁਰ ਨੇ ਕਿਹਾ ਕਿ ਕੁਝ ਲੋਕ ਪਹਿਲਾਂ ਹੀ ਇਸ ਸੰਬੰਧ ਵਿੱਚ ਸੁਪਰੀਮ ਕੋਰਟ ਤੱਕ ਪਹੁੰਚ ਕਰ ਚੁੱਕੇ ਹਨ । ਗ੍ਰਹਿ ਮੰਤਰਾਲੇ ਨੇ ਵੀ ਕਾਰਵਾਈ ਕਰਨ ਦੀ ਗੱਲ ਕਹੀ ਹੈ । ਸੂਚਨਾਵਾਂ ਇਕੱਤਰ ਹੋਣ ਦੇ ਬਾਅਦ ਜੋ ਵੀ ਕਦਮ ਚੁੱਕੇ ਜਾਣਗੇ, ਉਹ ਵੱਡੇ ਅਤੇ ਸਖਤ ਹੋਣਗੇ । ਉਨ੍ਹਾ ਕਿਹਾ-ਇਹ ਮੇਰਾ ਪੱਕਾ ਵਿਸ਼ਵਾਸ ਹੈ ਕਿ ਜਦੋਂ ਅਜਿਹੀਆਂ ਗਲਤੀਆਂ ਹੁੰਦੀਆਂ ਹਨ ਤਾਂ ਨਿਆਂ ਪਾਲਿਕਾ ਨਿਆਂ ਕਰਦੀ ਹੈ । ਜਿਹੜੇ ਕਦਮ ਚੁੱਕਣ ਦੀ ਲੋੜ ਪਈ, ਚੁੱਕੇ ਜਾਣਗੇ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਕੈਬਨਿਟ ਦੀ ਮੀਟਿੰਗ ਤੋਂ ਇਲਾਵਾ ਆਰਥਕ ਮਾਮਲਿਆਂ ਦੀ ਕੈਬਨਿਟ ਕਮੇਟੀ ਤੇ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀਆਂ ਮੀਟਿੰਗਾਂ ਵੀ ਕੀਤੀਆਂ । ਜਾਂਚ ਕਮੇਟੀ ਬਣਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਦੌਰੇ ‘ਤੇ ਜਾਣ ਦੌਰਾਨ ਸੁਰੱਖਿਆ ਖਾਮੀਆਂ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਦੋ ਮੈਂਬਰੀ ਉੱਚ-ਪੱਧਰੀ ਕਮੇਟੀ ਬਣਾਈ ਹੈ । ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਮੇਟੀ ਵਿੱਚ ਜਸਟਿਸ (ਸੇਵਾਮੁਕਤ) ਮਹਿਤਾਬ ਸਿੰਘ ਗਿੱਲ ਅਤੇ ਪ੍ਰਮੁੱਖ ਸਕੱਤਰ (ਗ੍ਰਹਿ ਮਾਮਲੇ ਅਤੇ ਨਿਆਂ) ਅਨੁਰਾਗ ਵਰਮਾ ਸ਼ਾਮਲ ਹਨ । ਕਮੇਟੀ ਤਿੰਨ ਦਿਨਾਂ ਵਿੱਚ ਆਪਣੀ ਰਿਪੋਰਟ ਦੇਵੇਗੀ । ਜਸਟਿਸ ਗਿੱਲ ਨੇ ਇਸ ਮਾਮਲੇ ਨੂੰ ‘ਬਹੁਤ ਗੰਭੀਰ’ ਕਰਾਰ ਦਿੱਤਾ ਹੈ । ਇਸ ਬਾਰੇ ਹੋਰ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਜਸਟਿਸ ਗਿੱਲ ਨੇ ਜ਼ੋਰ ਦੇ ਕੇ ਕਿਹਾ-ਇਹ ਪਹਿਲੀ ਨਜ਼ਰੇ ਬਹੁਤ ਗੰਭੀਰ ਮਾਮਲਾ ਜਾਪਦਾ ਹੈ । ਕਿਤੇ ਨਾ ਕਿਤੇ ਕੋਈ ਕਮੀ ਹੈ, ਜਿਸ ਨੂੰ ਕਮੇਟੀ ਜ਼ਿੰਮੇਵਾਰੀ ਤੈਅ ਕਰਨ ਤੋਂ ਪਹਿਲਾਂ ਘੋਖੇਗੀ ।
The post ਮੋਦੀ ਦੇ ਮੰਤਰੀ ਦਾ ਕਹਿਣਾ ‘ਲਵਾਂਗੇ ਵੱਡੇ ਤੇ ਸਖ਼ਤ ਫੈਸਲੇ’ ! first appeared on Punjabi News Online.
source https://punjabinewsonline.com/2022/01/07/%e0%a8%ae%e0%a9%8b%e0%a8%a6%e0%a9%80-%e0%a8%a6%e0%a9%87-%e0%a8%ae%e0%a9%b0%e0%a8%a4%e0%a8%b0%e0%a9%80-%e0%a8%a6%e0%a8%be-%e0%a8%95%e0%a8%b9%e0%a8%bf%e0%a8%a3%e0%a8%be-%e0%a8%b2%e0%a8%b5%e0%a8%be/