ਉਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਭਾਜਪਾ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ । ਯੋਗੀ ਸਰਕਾਰ ‘ਚ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਤੋਂ ਬਾਅਦ ਮੰਗਲਵਾਰ ਨੂੰ 3 ਹੋਰ ਵਿਧਾਇਕਾਂ ਨੇ ਵੀ ਭਾਜਪਾ ਛੱਡ ਦਿੱਤੀ । ਇਨ੍ਹਾਂ ‘ਚ ਬਾਂਦਾ ਜ਼ਿਲ੍ਹੇ ਦੀ ਤਿੰਦਵਾਰੀ ਵਿਧਾਨ ਸਭਾ ਤੋਂ ਵਿਧਾਇਕ ਬ੍ਰਜ਼ੇਸ਼ ਪ੍ਰਜਾਪਤੀ, ਸ਼ਾਹਜਹਾਂਪੁਰ ਦੀ ਤਿਲਹਰ ਸੀਟ ਤੋਂ ਵਿਧਾਇਕ ਰੋਸ਼ਨ ਲਾਲ ਵਰਮਾ ਅਤੇ ਕਾਨਪੁਰ ਦੇ ਬਿਲਹੌਰ ਤੋਂ ਵਿਧਾਇਕ ਭਗਵਤੀ ਸਾਗਰ ਸ਼ਾਮਲ ਹਨ । ਇਨ੍ਹਾਂ ਵਿਧਾਇਕਾਂ ਨੇ ਸਵਾਮੀ ਪ੍ਰਸਾਦ ਮੌਰੀਆ ਦੇ ਸਮਰਥਨ ‘ਚ ਭਾਜਪਾ ਨੂੰ ਛੱਡ ਦਿੱਤਾ । ਸਵਾਮੀ ਪ੍ਰਸਾਦ ਮੌਰੀਆ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਕੇ ਸਮਾਜਵਾਦੀ ਪਾਰਟੀ (ਸਪਾ) ਦਾ ਪੱਲਾ ਫੜ ਲਿਆ ਹੈ । ਮੌਰੀਆ ਦੇ ਅਸਤੀਫ਼ੇ ਤੋਂ ਬਾਅਦ ਅਖਿਲੇਸ਼ ਯਾਦਵ ਨੇ ਉਨ੍ਹਾ ਦੇ ਨਾਲ ਇੱਕ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ । 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਉਹ ਸਪਾ ਛੱਡ ਕੇ ਭਾਜਪਾ ‘ਚ ਆਏ ਸਨ । ਇਸ ਤੋਂ ਪਹਿਲਾ ਬਸਪਾ ਸਰਕਾਰ ‘ਚ ਮੰਤਰੀ ਵੀ ਰਹੇ ਅਤੇ ਫਿਰ ਮਾਇਆਵਤੀ ਨੂੰ ਛੱਡ ਕੇ ਸਪਾ ‘ਚ ਗਏ ਸਨ । ਸਵਾਮੀ ਪ੍ਰਸਾਦ ਮੌਰੀਆ ਨੇ ਆਪਣਾ ਅਸਤੀਫ਼ਾ ਰਾਜਪਾਲ ਅਨੰਦੀਬੇਨ ਪਟੇਲ ਨੂੰ ਭੇਜ ਦਿੱਤਾ ਹੈ । ਮੌਰੀਆ ਨੇ ਭਾਜਪਾ ਸਰਕਾਰ ‘ਚ ਦਲਿਤਾਂ, ਪੱਛੜੇ, ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ ਅਤੇ ਛੋਟੇ ਵਪਾਰੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ । ਮੌਰੀਆ ਨੇ ਆਪਣੇ ਪੱਤਰ ‘ਚ ਲਿਖਿਆ, ‘ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੇ ਮੰਤਰੀ ਮੰਡਲ ‘ਚ ਕਿਰਤ ਅਤੇ ਰੁਜ਼ਗਾਰ ਤਾਲਮੇਲ ਮੰਤਰੀ ਹੋਣ ਦੇ ਨਾਤੇ ਉਨ੍ਹਾ ਪ੍ਰਤੀਕੂਲ ਹਾਲਤਾਂ ਅਤੇ ਵਿਚਾਰਧਾਰਾ ਵਿੱਚ ਰਹਿਣ ਦੇ ਬਾਵਜੂਦ ਇਸ ਜ਼ਿੰਮੇਵਾਰੀ ਨੂੰ ਬੜੀ ਤਨਦੇਹੀ ਨਾਲ ਨਿਭਾਇਆ, ਪਰ ਦਲਿਤਾਂ, ਪੱਛੜੇ ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ ਦੀ ਅਣਦੇਖੀ ਵਾਲੇ ਰਵੱਈਏ ਕਾਰਨ ਮੈਂ ਉਤਰ ਪ੍ਰਦੇਸ਼ ਦੇ ਮੰਤਰੀ ਮੰਡਲ ਤੋਂ ਅਸਤੀਫ਼ਾ ਦਿੰਦਾ ਹਾਂ ।’
ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਸਵਾਮੀ ਪ੍ਰਸਾਦ ਮੌਰੀਆ ਭਾਜਪਾ ਦਾ ਦਾਮਨ ਛੱਡ ਕੇ ਅਖਿਲੇਸ਼ ਯਾਦਵ ਦੇ ਸਾਇਕਲ ‘ਤੇ ਸਵਾਰ ਹੋ ਸਕਦੇ ਹਨ । ਮੌਰੀਆ ਦੇ ਅਸਤੀਫ਼ੇ ਨੂੰ ਭਾਜਪਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ । ਵਿਧਾਇਕ ਰੋਸ਼ਨ ਲਾਲ ਨੇ ਭਾਜਪਾ ਛੱਡਦੇ ਸਮੇਂ ਕਿਹਾ ਕਿ ਯੋਗੀ ਸਰਕਾਰ ‘ਚ ਉਨ੍ਹਾ ਵੱਲੋਂ 5 ਸਾਲਾਂ ‘ਚ ਕੀਤੀ ਗਈ ਇੱਕ ਵੀ ਸ਼ਿਕਾਇਤ ‘ਤੇ ਸੁਣਵਾਈ ਨਹੀਂ ਹੋਈ, ਜਿਸ ਦੇ ਚਲਦੇ ਉਨ੍ਹਾ ਇਹ ਫੈਸਲਾ ਲਿਆ ।
The post ਭਾਜਪਾ ਛੱਡ ਭੱਜੇ ਯੋਗੀ ਦਾ ਮੰਤਰੀ ਤੇ ਵਿਧਾਇਕ first appeared on Punjabi News Online.
source https://punjabinewsonline.com/2022/01/12/%e0%a8%ad%e0%a8%be%e0%a8%9c%e0%a8%aa%e0%a8%be-%e0%a8%9b%e0%a9%b1%e0%a8%a1-%e0%a8%ad%e0%a9%b1%e0%a8%9c%e0%a9%87-%e0%a8%95%e0%a8%88-%e0%a8%b5%e0%a8%bf%e0%a8%a7%e0%a8%be%e0%a8%87%e0%a8%95/