ਸੁਪ੍ਰੀਮ ਕੋਰਟ ਦੇ ਫੈਸਲੇ ਨੇ ਜਾਇਦਾਦ 'ਤੇ ਔਰਤਾਂ ਦੇ ਹੱਕ ਨੂੰ ਪੁਖਤਾ ਕੀਤਾ Jan 24th 2022, 07:51, by Narinder Jagga ਜਸਵਿੰਦਰ ਕੌਰ ਜਨਵਰੀ 24 ਔਰਤਾਂ ਦੇ ਅਧਿਕਾਰਾਂ ਦੇ ਸੰਬੰਧ ਵਿੱਚ ਮੀਲ ਦਾ ਪੱਥਰ ਸਾਬਤ ਹੋਣ ਵਾਲੇ ਤਾਜ਼ਾ ਫੈਸਲੇ ਵਿੱਚ ਸੁਪ੍ਰੀਮ ਕੋਰਟ ਨੇ ਜੱਦੀ ਅਤੇ ਪਰਵਾਰਿਕ ਜਾਇਦਾਦ 'ਤੇ ਔਰਤਾਂ ਦੇ ਹੱਕ ਨੂੰ ਹੋਰ ਪੁਖਤਾ ਕਰ ਦਿੱਤਾ ਹੈ। ਅਜੇ ਤੱਕ ਜੱਦੀ ਜਾਇਦਾਦ ਵਿੱਚ ਬੇਟੀਆਂ ਦਾ ਅਧਿਕਾਰ ਸਿਰਫ ਕਹਿਣ ਨੂੰ ਹੀ ਸੀ। ਹਾਲਾਂਕਿ ਉਤਰਾਅਧਿਕਾਰ ਕਾਨੂੰਨਾਂ ਵਿੱਚ ਬੇਟੀਆਂ ਦੇ ਬਰਾਬਰ ਹੱਕ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ ਪਰ ਧਾਰਨਾ ਇਹ ਹੈ ਕਿ ਵਿਆਹ ਹੁੰਦੇ ਹੀ ਬੇਟੀਆਂ ਦਾ ਜੱਦੀ ਜਾਇਦਾਦ ਤੋਂ ਹੱਕ ਖਤਮ ਹੋ ਜਾਂਦਾ ਹੈ। ਹੁਣ ਸੁਪ੍ਰੀਮ ਕੋਰਟ ਨੇ ਇਹ ਕਹਿੰਦੇ ਹੋਏ ਬੇਟੀਆਂ ਦੇ ਹੱਕ ਨੂੰ ਹੋਰ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵਿਅਕਤੀ ਦੀ ਬਿਨਾਂ ਵਸੀਅਤ ਕੀਤੇ ਮੌਤ ਹੋ ਜਾਣ 'ਤੇ ਉਸਦੀ ਜਾਇਦਾਦ ਤੇ ਧੀ ਦਾ ਅਧਿਕਾਰ ਖਤਮ ਨਹੀਂ ਹੁੰਦਾ। ਇਥੋਂ ਤੱਕ ਕਿ ਅਜਿਹੇ ਮਾਮਲਿਆਂ ਵਿੱਚ ਧੀ ਦਾ ਅਧਿਕਾਰ ਦੂਜੇ ਵਾਰਿਸਾਂ ਤੋਂ ਜ਼ਿਆਦਾ ਹੋਵੇਗਾ। ਹਿੰਦੂ ਉਤਰਾਅਧਿਕਾਰ ਅਧਿਨਿਯਮ ਦੇ ਤਹਿਤ ਔਰਤਾਂ ਅਤੇ ਵਿਧਵਾਵਾਂ ਦੇ ਅਧਿਕਾਰਾਂ ਦੇ ਮਾਮਲੇ ਵਿੱਚ ਇਹ ਫੈਸਲਾ ਬੇਹੱਦ ਅਹਿਮ ਹੈ। ਫੈਸਲੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਅਜਿਹੇ ਵਿਅਕਤੀ ਦੀ ਜਾਇਦਾਦ ਉਸਦੇ ਆਪਣੇ ਸਾਧਨਾਂ ਨਾਲ ਬਣੀ ਹੈ ‚ ਜਾਂ ਪਰਵਾਰਿਕ ਜਾਇਦਾਦ ਵਿੱਚ ਵੰਡ ਤੋਂ ਬਾਅਦ ਪ੍ਰਾਪਤ ਹੋਈ ਹੈ ਤਾਂ ਉਹ ਉਤਰਾਅਧਿਕਾਰ ਦੇ ਨਿਯਮਾਂ ਦੇ ਤਹਿਤ ਦਿੱਤੀ ਜਾਵੇਗੀ ਅਤੇ ਅਜਿਹੇ ਵਿੱਚ ਧੀ ਦਾ ਅਧਿਕਾਰ ਦੂਜੇ ਵਾਰਿਸਾਂ ਤੋਂ ਪਹਿਲਾਂ ਹੋਵੇਗਾ। ਮੁਕੱਦਮਾ ਹਿੰਦੂ ਉਤਰਾਅਧਿਕਾਰ ਅਧਿਨਿਯਮ ( 1956 ) ਬਣਨ ਤੋਂ ਪਹਿਲਾਂ ਦਾ ਸੀ। ਉੱਚ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਇਹ ਉਨ੍ਹਾਂ ਮਾਮਲਿਆਂ 'ਤੇ ਵੀ ਲਾਗੂ ਹੋਵੇਗਾ ਜਿਨ੍ਹਾਂ ਵਿੱਚ ਕਿਸੇ ਵਿਅਕਤੀ ਦੀ ਮੌਤ ਹਿੰਦੂ ਉਤਰਾਅਧਿਕਾਰ ਅਧਿਨਿਯਮ ( 1956 ) ਦੇ ਬਣਨ ਤੋਂ ਪਹਿਲਾਂ ਹੋ ਗਈ ਹੈ। ਫੈਸਲੇ ਨਾਲ ਸਪੱਸ਼ਟ ਹੋ ਗਿਆ ਹੈ ਕਿ ਜਾਇਦਾਦ ਦੇ ਅਧਿਕਾਰ ਦੇ ਸਵਾਲ 'ਤੇ ਪੁਰਸ਼ ਅਤੇ ਔਰਤਾਂ ਦੇ ਅਧਿਕਾਰ ਬਰਾਬਰ ਹਨ। ਅਦਾਲਤ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਕੋਈ ਹਿੰਦੂ ਮਹਿਲਾ ਬਿਨਾਂ ਵਸੀਅਤ ਦੇ ਮਰ ਜਾਂਦੀ ਹੈ‚ ਤਾਂ ਪਿਤਾ–ਮਾਤਾ ਤੋਂ ਪ੍ਰਾਪਤ ਜਾਇਦਾਦ ਪਿਤਾ ਦੇ ਵਾਰਿਸਾਂ ਦੇ ਕੋਲ ਵਾਪਸ ਚੱਲੀ ਜਾਵੇਗੀ ਜਦੋਂ ਕਿ ਪਤੀ ਜਾਂ ਸਹੁਰੇ ਵਲੋਂ ਪ੍ਰਾਪਤ ਜਾਇਦਾਦ ਪਤੀ ਦੇ ਵਾਰਿਸਾਂ ਦੇ ਕੋਲ ਚੱਲੀ ਜਾਵੇਗੀ। ਮਹਿਲਾ ਦਾ ਪਤੀ ਜਾਂ ਕੋਈ ਵੀ ਔਲਾਦ ਜਿੰਦਾ ਹੈ ਤਾਂ ਉਸਦੀ ਸਾਰੀ ਜਾਇਦਾਦ ਉਸਦੇ ਪਤੀ ਜਾਂ ਉਸਦੀ ਔਲਾਦ ਦੇ ਕੋਲ ਚੱਲੀ ਜਾਵੇਗੀ। ਹੋ ਸਕਦਾ ਹੈ ਕਿ ਹੁਣ ਅਦਾਲਤਾਂ ਵਿੱਚ ਉਤਰਾਅਧਿਕਾਰ ਸਬੰਧੀ ਮੁਕੱਦਮਿਆਂ ਦਾ ਹੜ੍ਹ ਆ ਜਾਵੇ ਕਿਉਂਕਿ ਹੱਕ ਤੋਂ ਵਾਂਝੀਆਂ ਔਰਤਾਂ ਆਪਣੇ ਹਕਾਂ ਲਈ ਉਠ ਕੇ ਖੜੀਆਂ ਹੋਣਗੀਆਂ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਫੈਸਲਾ ਸਭ ਮਾਮਲਿਆਂ ਵਿੱਚ ਮਾਰਗਦਰਸ਼ਨ ਕਰੇਗਾ ਅਤੇ ਸਾਰੇ ਮਾਮਲੇ ਪਰਵਾਰਿਕ ਸਹਿਮਤੀ ਨਾਲ ਸੁਲਝ ਜਾਣਗੇ। Facebook Page: https://www.facebook.com/factnewsnet See videos:https://www.youtube.com/c/TheFACTNews/videos The post ਸੁਪ੍ਰੀਮ ਕੋਰਟ ਦੇ ਫੈਸਲੇ ਨੇ ਜਾਇਦਾਦ 'ਤੇ ਔਰਤਾਂ ਦੇ ਹੱਕ ਨੂੰ ਪੁਖਤਾ ਕੀਤਾ appeared first on The Fact News Punjabi. |