ਨਿਊਯਾਰਕ ਜੇਕੇਐੱਫ ਕੌਮਾਂਤਰੀ ਹਵਾਈ ਅੱਡੇ ’ਤੇ ਭਾਰਤੀ ਮੂਲ ਦੇ ਸਿੱਖ ਟੈਕਸੀ ਚਾਲਕ ’ਤੇ ਹਮਲਾ ਕਰਨ, ਉਸ ਦੀ ਪੱਗ ਲਾਹੁਣ ਅਤੇ ‘‘ਪੱਗ ਵਾਲੇ ਵਿਅਕਤੀ ਆਪਣੇ ਮੁਲਕ ਵਾਪਸ ਜਾਓ’’ ਵਰਗੀਆਂ ਟਿੱਪਣੀਆਂ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਨਸਲੀ ਨਫ਼ਰਤੀ ਅਪਰਾਧ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਿੱਖ ਟੈਕਸੀ ਚਾਲਕ ’ਤੇ 3 ਜਨਵਰੀ ਨੂੰ ਹਮਲਾ ਕਰਨ ਦੇ ਦੋਸ਼ ਹੇਠ ਵੀਰਵਾਰ ਨੂੰ ਮੁਹੰਮਦ ਹਸਨੈਨ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀੜਤ ਵੱਲੋਂ ਪਛਾਣ ਗੁਪਤ ਰੱਖਣ ਦੀ ਅਪੀਲ ਕੀਤੇ ਜਾਣ ’ਤੇ ਉਸ ਦੀ ਪਛਾਣ ਸਿਰਫ਼ ‘ਮਿਸਟਰ ਸਿੰਘ’ ਦੱਸੀ ਗਈ ਹੈ। ਸਿੱਖ ਭਾਈਚਾਰੇ ’ਤੇ ਆਧਾਰਤ ਨਾਗਰਿਕ ਤੇ ਮਨੁੱਖੀ ਅਧਿਕਾਰ ਸੰਸਥਾ ‘ਦਿ ਸਿੱਖ ਕੁਲੀਸ਼ਨ’ ਨੇ ਦੱਸਿਆ ਕਿ ਨਿਊਯਾਰਕ ਦੇ ਪੋਰਟ ਅਥਾਰਿਟੀ ਆਫ਼ ਨਿਊਯਾਰਕ ਅਤੇ ਨਿਊ ਜਰਸੀ ਪੁਲੀਸ ਵਿਭਾਗ (ਪੀਏਪੀਡੀ) ਨੇ ਅੱਜ ਪੁਸ਼ਟੀ ਕੀਤੀ ਕਿ ਹਸਨੈਨ ਨੂੰ ਸਿੰਘ ’ਤੇ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿੰਘ ਨੇ ‘ਦਿ ਸਿੱਖ ਕੁਲੀਸ਼ਨ’ ਨੂੰ ਭੇਜੇ ਬਿਆਨ ਵਿਚ ਕਿਹਾ, ‘‘ਮੈਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਦਿ ਸਿੱਖ ਕੁਲੀਸ਼ਨ ਅਤੇ ਸਿੱਖ ਭਾਈਚਾਰੇ ਦੇ ਉਨ੍ਹਾਂ ਲੋਕਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੁਸ਼ਕਿਲ ਸਮੇਂ ਵਿਚ ਤਾਕਤ ਦਿੱਤੀ।’’ ਉਸ ਨੇ ਕਿਹਾ, ‘‘ਕਿਸੇ ਨਾਲ ਅਜਿਹਾ ਨਾ ਹੋਵੇ ਜੋ ਮੇਰੇ ਨਾਲ ਹੋਇਆ-ਪਰ ਜੇਕਰ ਹੁੰਦਾ ਹੈ ਤਾਂ ਮੈਂ ਆਸ ਕਰਦਾ ਹਾਂ ਉਸ ਨੂੰ ਵੀ ਇਸੇ ਤਰ੍ਹਾਂ ਦਾ ਸਹਿਯੋਗ ਮਿਲੇਗਾ।’’
The post ਨਿਊਯਾਰਕ : ਸਿੱਖ ਟੈਕਸੀ ਚਾਲਕ ’ਤੇ ਹਮਲਾ ਕਰਨ ਵਾਲਾ ਗ੍ਰਿਫ਼ਤਾਰ first appeared on Punjabi News Online.
source https://punjabinewsonline.com/2022/01/16/%e0%a8%a8%e0%a8%bf%e0%a8%8a%e0%a8%af%e0%a8%be%e0%a8%b0%e0%a8%95-%e0%a8%b8%e0%a8%bf%e0%a9%b1%e0%a8%96-%e0%a8%9f%e0%a9%88%e0%a8%95%e0%a8%b8%e0%a9%80-%e0%a8%9a%e0%a8%be%e0%a8%b2%e0%a8%95/