ਭਾਰਤ ਸਰਕਾਰ ਨੇ ਸ਼ੁੱਕਰਵਾਰ ਕੌਮਾਂਤਰੀ ਯਾਤਰੀਆਂ ਲਈ ਸੋਧੀਆਂ ਸੇਧ-ਲੀਹਾਂ ਜਾਰੀ ਕਰਕੇ ਕਿਹਾ ਕਿ 11 ਜਨਵਰੀ ਤੋਂ ਬਾਹਰੋਂ ਆਉਣ ਵਾਲਿਆਂ ਨੂੰ ਇਕ ਹਫਤਾ ਘਰ ਵਿਚ ਇਕਾਂਤਵਾਸ ਰਹਿਣਾ ਪਵੇਗਾ ਅਤੇ ਅੱਠਵੇਂ ਦਿਨ ਟੈੱਸਟ ਕਰਵਾਉਣਾ ਪਵੇਗਾ । ਇਹ ਸੇਧ-ਲੀਹਾਂ ਇਟਲੀ ਤੋਂ ਅੰਮਿ੍ਤਸਰ ਆਉਣ ਵਾਲੇ 125 ਯਾਤਰੀਆਂ ਦੇ ਕੋਰੋਨਾ ਪਾਜ਼ੀਟਿਵ ਨਿਕਲਣ ਤੋਂ ਬਾਅਦ ਜਾਰੀ ਕੀਤੀਆਂ ਗਈਆਂ ਹਨ । ਇਸ ਦੇ ਨਾਲ ਹੀ ਰਿਸਕ ਵਾਲੇ ਦੇਸ਼ਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ । ਇਨ੍ਹਾਂ ਦੇਸ਼ਾਂ ਵਿਚ ਇੰਗਲੈਂਡ ਸਮੇਤ ਸਾਰੇ ਯੂਰਪੀ ਦੇਸ਼, ਦੱਖਣੀ ਅਫਰੀਕਾ, ਬਰਾਜ਼ੀਲ, ਬੋਤਸਵਾਨਾ, ਚੀਨ, ਘਾਨਾ, ਮਾਰੀਸ਼ਿਸ਼, ਨਿਊ ਜ਼ੀਲੈਂਡ, ਜ਼ਿੰਬਾਬਵੇ, ਤਨਜ਼ਾਨੀਆ, ਹਾਂਗਕਾਂਗ, ਇਸਰਾਈਲ, ਕਾਂਗੋ, ਇਥੋਪੀਆ, ਕਜ਼ਾਖਸਤਾਨ, ਕੀਨੀਆ, ਨਾਇਜੇਰੀਆ, ਟਿਊਨੀਸ਼ੀਆ ਤੇ ਜ਼ਾਂਬੀਆ ਸ਼ਾਮਲ ਹਨ । ਇਟਲੀ ਤੋਂ ਅੰਮਿ੍ਤਸਰ ਪੁੱਜੇ ਜਹਾਜ਼ ਦੇ 150 ਯਾਤਰੀ ਕੋਰੋਨਾ ਪਾਜ਼ੀਟਿਵ ਨਿਕਲੇ ਹਨ । ਜਹਾਜ਼ ਵਿਚ 290 ਯਾਤਰੀ ਆਏ ਸਨ । ਇਕ ਦਿਨ ਪਹਿਲਾਂ ਇਟਲੀ ਤੋਂ ਆਏ ਜਹਾਜ਼ ਦੇ 170 ਵਿਚੋਂ 125 ਯਾਤਰੀ ਪਾਜ਼ੀਟਿਵ ਨਿਕਲੇ ਸਨ । ਕੋਰੋਨਾ ਦੇ ਇਕ ਦਿਨ ਵਿਚ ਆਉਣ ਵਾਲੇ ਮਾਮਲੇ 214 ਦਿਨਾਂ ਬਾਅਦ ਇਕ ਲੱਖ ਤੋਂ ਵੱਧ ਦਰਜ ਕੀਤੇ ਗਏ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 3, 52, 26,386 ਹੋ ਗਈ ਹੈ । ਇਨ੍ਹਾਂ ਵਿੱਚੋਂ 27 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਓਮੀਕਰੋਨ ਸਰੂਪ ਦੇ 3007 ਮਾਮਲੇ ਵੀ ਸ਼ਾਮਲ ਹਨ । ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ 8 ਵਜੇ ਤੱਕ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੁਣ ਤੱਕ ਸਾਹਮਣੇ ਆਏ ਓਮੀਕਰੋਨ ਦੇ ਕੁੱਲ ਮਾਮਲਿਆਂ ਵਿੱਚੋਂ 1199 ਲੋਕ ਠੀਕ ਹੋ ਚੁੱਕੇ ਹਨ ਜਾਂ ਦੇਸ਼ ਛੱਡ ਕੇ ਚਲੇ ਗਏ ਹਨ । ਮਹਾਰਾਸ਼ਟਰ ਵਿਚ ਸਭ ਤੋਂ ਵੱਧ 876 ਮਾਮਲੇ ਆਏ । ਇਸ ਤੋਂ ਬਾਅਦ ਦਿੱਲੀ ਵਿਚ 465, ਕਰਨਾਟਕ ‘ਚ 33, ਰਾਜਸਥਾਨ ਵਿਚ 291, ਕੇਰਲਾ ਵਿਚ 284 ਅਤੇ ਗੁਜਰਾਤ ਵਿਚ 204 ਮਾਮਲੇ ਆਏ । ਪਿਛਲੇ 24 ਘੰਟੇ ‘ਚ ਕੋਰੋਨਾ ਦੇ 1,17,000 ਨਵੇਂ ਕੇਸ ਸਾਹਮਣੇ ਆਏ, ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 3,71,363 ਹੋ ਗਈ ਹੈ । ਦੇਸ਼ ਵਿਚ ਪਿਛਲੇ ਸਾਲ 7 ਜੂਨ ਨੂੰ ਇਕ ਲੱਖ ਤੋਂ ਵੱਧ ਮਾਮਲੇ ਆਏ ਸਨ ਅਤੇ ਉਦੋਂ ਕੁੱਲ 1,00,636 ਮਾਮਲੇ ਦਰਜ ਕੀਤੇ ਗਏ ਸਨ ।
ਇਸੇ ਦੌਰਾਨ ਉੜੀਸਾ ਦੇ ਸਿਹਤ ਮੰਤਰੀ ਨਵ ਕਿਸ਼ੋਰ ਦਾਸ ਨੇ ਟਵੀਟ ਕਰ ਕੇ ਦੱਸਿਆ ਕਿ ਉਹ ਕੋਰੋਨਾ ਤੋਂ ਪੀੜਤ ਹੋ ਗਏ ਹਨ । ਉਨ੍ਹਾ ਸੰਪਰਕ ਵਿਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ । ਇਸੇ ਤਰ੍ਹਾਂ ਅਦਾਕਾਰਾ ਸਵਰਾ ਭਾਸਕਰ ਨੇ ਦੱਸਿਆ ਕਿ ਉਹ ਵੀ ਕੋਰੋਨਾ ਤੋਂ ਪੀੜਤ ਹੋ ਗਈ ਹੈ ਅਤੇ ਘਰ ਵਿਚ ਹੀ ਇਕਾਂਤਵਾਸ ਹੈ ।
The post ਭਾਰਤ ਪਹੁੰਚਣ ਤੇ 7 ਦਿਨ ਘਰ ਵਿਚ ਇਕਾਂਤਵਾਸ ਤੇ ਅੱਠਵੇਂ ਦਿਨ ਟੈੱਸਟ ਕਰਵਾਉਣਾ ਪਵੇਗਾ first appeared on Punjabi News Online.
source https://punjabinewsonline.com/2022/01/08/%e0%a8%ad%e0%a8%be%e0%a8%b0%e0%a8%a4-%e0%a8%aa%e0%a8%b9%e0%a9%81%e0%a9%b0%e0%a8%9a%e0%a8%a3-%e0%a8%a4%e0%a9%87-7-%e0%a8%a6%e0%a8%bf%e0%a8%a8-%e0%a8%98%e0%a8%b0-%e0%a8%b5%e0%a8%bf%e0%a8%9a-%e0%a8%87/