ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ 65, ਕੈਪਟਨ ਅਮਰਿੰਦਰ ਸਿੰਘ ਦੀ ਲੋਕ ਕਾਂਗਰਸ ਪਾਰਟੀ 37 ਤੇ ਸੁਖਦੇਵ ਸਿੰਘ ਢੀਂਡਸਾ ਦਾ ਅਕਾਲੀ ਦਲ (ਸੰਯੁਕਤ) 15 ਸੀਟਾਂ ‘ਤੇ ਚੋਣ ਲੜਨਗੇ । ਇਹ ਐਲਾਨ ਭਾਜਪਾ ਆਗੂ ਜੇ ਪੀ ਨੱਢਾ ਨੇ ਸੋਮਵਾਰ ਦਿੱਲੀ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ । ਇਸ ਮੌਕੇ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਵੀ ਮੌਜੂਦ ਸਨ । ਨੱਢਾ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਭਾਜਪਾ ਇਨ੍ਹਾਂ ਚੋਣਾਂ ਨੂੰ ਗੰਭੀਰਤਾ ਨਾਲ ਲੜੇਗੀ । ਨੱਢਾ ਨੇ ਕਿਹਾ ਕਿ ਪੰਜਾਬ ਦੀ 600 ਕਿਲੋਮੀਟਰ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ । ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਤੇ ਹਥਿਆਰਾਂ ਦੀ ਤਸਕਰੀ ਹੋ ਰਹੀ ਹੈ । ਇਸ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ । ਉਨ੍ਹਾ ਕਿਹਾ ਕਿ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਹੈ । ਪੰਜਾਬ ਦੀ ਸੁਰੱਖਿਆ ਅਤੇ ਸਥਿਰਤਾ ਲਈ ਕੇਂਦਰ ਅਤੇ ਸੂਬੇ ਦਰਮਿਆਨ ਚੰਗੇ ਸੰਬੰਧ ਜ਼ਰੂਰੀ ਹਨ । ਪ੍ਰਧਾਨ ਮੰਤਰੀ ਦਾ ਪੰਜਾਬ ਨਾਲ ਬਹੁਤ ਪਿਆਰ ਹੈ । ਹਾਲ ਹੀ ਵਿੱਚ ਉਨ੍ਹਾ ਵੀਰ ਬਾਲ ਦਿਵਸ ਦਾ ਐਲਾਨ ਵੀ ਕੀਤਾ । ਉਨ੍ਹਾ ਕਿਹਾ ਕਿ ਪੰਜਾਬ ਵਿੱਚ ਉਹ ਨਸ਼ੇ, ਰੇਤ ਅਤੇ ਭੂ-ਮਾਫੀਆ ਨੂੰ ਖਤਮ ਕਰਨਗੇ ।
ਕੈਪਟਨ ਨੇ ਕਿਹਾ-ਮੈਂ ਸਾਢੇ 4 ਸਾਲ ਪੰਜਾਬ ਦਾ ਮੁੱਖ ਮੰਤਰੀ ਰਿਹਾ ਹਾਂ । ਇਸ ਦੌਰਾਨ ਉਥੋਂ ਇੱਕ ਹਜ਼ਾਰ ਰਾਈਫਲਾਂ, 500 ਪਿਸਤੌਲ, ਆਰ ਡੀ ਐੱਕਸ ਅਤੇ ਗੋਲਾ-ਬਾਰੂਦ ਬਰਾਮਦ ਹੋਇਆ । ਇਨ੍ਹਾਂ ਸਾਰਿਆਂ ਨੂੰ ਡਰੋਨ ਰਾਹੀਂ ਕੁਝ ਥਾਵਾਂ ‘ਤੇ ਸੁੱਟਿਆ ਗਿਆ । 20 ਜੁਲਾਈ ਤੱਕ ਸਰਹੱਦ ਤੋਂ 31 ਕਿਲੋਮੀਟਰ ਤੱਕ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਗਈ ਸੀ । ਇਸੇ ਲਈ ਜਦੋਂ ਬੀ ਐੱਸ ਐੱਫ ਦੀ ਰੇਂਜ 15 ਕਿਲੋਮੀਟਰ ਤੋਂ ਵਧ ਕੇ 50 ਕਿਲੋਮੀਟਰ ਹੋ ਗਈ ਤਾਂ ਮੈਂ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਡਰੋਨ ਦੇ ਖਤਰੇ ਬਾਰੇ ਦੱਸਿਆ ।
ਕੈਪਟਨ ਨੇ ਇਹ ਵੀ ਕਿਹਾ-ਜਦੋਂ ਮੈਂ ਨਵਜੋਤ ਸਿੱਧੂ ਨੂੰ ਕੱਢ ਦਿੱਤਾ ਸੀ ਤਾਂ ਮੈਨੂੰ ਪਾਕਿਸਤਾਨ ਤੋਂ ਸੁਨੇਹਾ ਮਿਲਿਆ ਕਿ ਉਹ ਸਾਡੇ ਪ੍ਰਧਾਨ ਮੰਤਰੀ ਦਾ ਪੁਰਾਣਾ ਦੋਸਤ ਹੈ ਅਤੇ ਉਹ ਧੰਨਵਾਦੀ ਹੋਣਗੇ ਜੇ ਤੁਸੀਂ ਉਸ ਨੂੰ ਬਹਾਲ ਕਰ ਦਿਓ । ਜੇ ਉਹ (ਸਿੱਧੂ) ਕੰਮ ਨਹੀਂ ਕਰੇਗਾ ਤਾਂ ਤੁਸੀਂ ਉਸ ਨੂੰ ਹਟਾ ਸਕਦੇ ਹੋ । ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਹਾਲਤ ਬਹੁਤ ਖਰਾਬ ਹੈ । ਪੰਜਾਬ ਵਿੱਚ ਉਦਯੋਗ ਪਰਵਾਸ ਕਰ ਰਹੇ ਹਨ । ਖੇਤੀ ‘ਤੇ ਵੀ ਬਹੁਤ ਕਰਜ਼ਾ ਸੀ । ਪੰਜਾਬ ਸਿਰ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ । ਅਜਿਹਾ ਕੋਈ ਸਾਧਨ ਨਹੀਂ ਹੈ ਕਿ ਪੰਜਾਬ ਮੁੜ ਆਪਣੇ ਪੈਰਾਂ ‘ਤੇ ਖੜ੍ਹਾ ਹੋ ਸਕੇ । ਇਸੇ ਲਈ ਅਸੀਂ ਇਕੱਠੇ ਗੱਲ ਕੀਤੀ । ਪੰਜਾਬ ਚੋਣਾਂ ਵਿੱਚ ਹਿੰਦੂ-ਸਿੱਖ ਦਾ ਮੁੱਦਾ ਉਠਿਆ ਹੈ, ਅਸੀਂ ਉਸ ਦੀ ਦੇਖਭਾਲ ਕਰਨ ਲਈ ਇਕੱਠੇ ਹੋਏ ਹਾਂ । ਪੰਜਾਬ ਦਾ ਮਾਹੌਲ ਠੀਕ ਰਹੇਗਾ ।
The post ਭਾਜਪਾ, ਕੈਪਟਨ ਤੇ ਢੀਂਡਸਾ 65-37-15 ਦੇ ਫਾਰਮੂਲੇ ਤੇ ਲੜਨਗੇ ਚੋਣਾਂ first appeared on Punjabi News Online.
source https://punjabinewsonline.com/2022/01/25/%e0%a8%ad%e0%a8%be%e0%a8%9c%e0%a8%aa%e0%a8%be-%e0%a8%95%e0%a9%88%e0%a8%aa%e0%a8%9f%e0%a8%a8-%e0%a8%a4%e0%a9%87-%e0%a8%a2%e0%a9%80%e0%a8%82%e0%a8%a1%e0%a8%b8%e0%a8%be-65-37-15-%e0%a8%a6%e0%a9%87/