ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਜਨਵਰੀ 31
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵੱਲੋਂ ਸੂਬੇ ਵਿੱਚੋਂ 30 ਜਨਵਰੀ, 2022 ਤੱਕ ਜ਼ਾਬਤੇ ਦੀ ਉਲੰਘਣਾ ਦੇ ਸਬੰਧ ਵਿੱਚ 305 ਕਰੋੜ ਰੁਪਏ ਦੀ ਕੀਮਤ ਦੀਆਂ ਵਸਤਾਂ ਜ਼ਬਤ ਕੀਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਨਿਗਰਾਨ ਟੀਮਾਂ ਨੇ 12.11 ਕਰੋੜ ਰੁਪਏ ਦੀ 26.64 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ। ਇਸੇ ਤਰ੍ਹਾਂ ਇਨਫੋਰਸਮੈਂਟ ਵਿੰਗਾਂ ਵੱਲੋਂ 273.13 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਤੋਂ ਇਲਾਵਾ 18.48 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਗਈ ਹੈ।
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ 1197 ਵੱਧ ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਗੜਬੜੀ ਕਰਨ ਦੀ ਸੰਭਾਵਨਾ ਵਾਲੇ 2860 ਵਿਅਕਤੀਆਂ ਦੀ ਸ਼ਨਾਖਤ ਵੀ ਕੀਤੀ ਗਈ ਹੈ, ਜਿਨਾਂ ਵਿੱਚੋਂ 1835 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਜਾ ਚੁੱਕੀ ਹੈ ਜਦਕਿ ਬਾਕੀਆਂ ਨੂੰ ਵੀ ਜਲਦ ਮਾਮਲਾ ਦਰਜ ਕਰ ਲਿਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਸੀ.ਆਰ.ਪੀ.ਸੀ. ਐਕਟ ਦੀਆਂ ਰੋਕਥਾਮ ਸਬੰਧੀ ਧਾਰਾਵਾਂ ਤਹਿਤ 696 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਗੈਰ ਜ਼ਮਾਨਤੀ ਵਾਰੰਟਾਂ ਦੇ 2630 ਕੇਸਾਂ 'ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਜਦਕਿ 58 ਕੇਸਾਂ 'ਤੇ ਕਾਰਵਾਈ ਅਮਲ ਅਧੀਨ ਹੈ। ਉਹਨਾਂ ਅੱਗੇ ਕਿਹਾ ਕਿ ਸੂਬੇ ਭਰ ਵਿੱਚ 14997 ਨਾਕੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਵਿੱਚ ਕੁੱਲ 3,90,275 ਲਾਇਸੈਂਸੀ ਹਥਿਆਰਾਂ ਵਿੱਚੋਂ ਹੁਣ ਤੱਕ 376451 ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ ਜਦਕਿ, ਸੂਬੇ ਵਿੱਚ 65 ਬਿਨਾਂ ਲਾਇਸੈਂਸ ਵਾਲੇ ਹਥਿਆਰ ਜ਼ਬਤ ਕੀਤੇ ਗਏ ਹਨ।
The post ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ `ਚੋਂ 305 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ : ਕਰੁਣਾ ਰਾਜੂ appeared first on The Fact News Punjabi.