ਦੇਸ਼ ਵਿੱਚ ਕੋਰੋਨਾ ਨੇ ਇੱਕ ਵਾਰ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਤੇਜ਼ੀ ਨਾਲ ਫੈਲਣ ਵਾਲੇ ‘ਓਮੀਕ੍ਰੋਨ’ ਕਰਕੇ ਸਰਕਾਰ ਦੀ ਚਿੰਤਾ ਵਧ ਗਈ ਹੈ। ਇਸੇ ਵਿਚਾਲੇ 3 ਹਜ਼ਾਰ ਲੋਕਾਂ ‘ਤੇ ਬੂਸਟਰ ਡੋਜ਼ (ਕੋਰੋਨਾ ਟੀਕੇ ਦੀ ਤੀਜੀ ਖੁਰਾਕ) ਦਾ ਟ੍ਰਾਇਲ ਕੀਤਾ ਜਾਵੇਗਾ।
ਇਸ ਟ੍ਰਾਇਲ ਦੇ ਨਤੀਜੇ ਇਹ ਫੈਸਲਾ ਕਰਨਗੇ ਕਿ ਕੀ ਸਾਰੇ ਲੋਕਾਂ ਨੂੰ ਬੂਸਟਰ ਡੋਜ਼ ਲਾਈ ਜਾਵੇ ਜਾਂ ਨਹੀਂ। ਕੇਂਦਰ ਸਰਕਾਰ ਨੇ ਬੂਸਟਰ ਡੋਜ਼ ਦੀ ਜ਼ਰੂਰਤ ਦਾ ਪਤਾ ਲਗਾਉਣ ਲਈ ਇੱਕ ਸਟੱਡੀ ਸ਼ੁਰੂ ਕੀਤੀ ਹੈ, ਜਿਸ ਵਿੱਚ ਉਹ ਲੋਕ ਸ਼ਾਮਲ ਹੋਣਗੇ ਜਿਨ੍ਹਾਂ ਨੇ ਛੇ ਮਹੀਨੇ ਪਹਿਲਾਂ ਟੀਕੇ ਦੀ ਦੂਜੀ ਖੁਰਾਕ ਲਈ ਸੀ।
ਇਹ ਸਟੱਡੀ ਬਾਇਓਟੈਕਨਾਲੋਜੀ ਵਿਭਾਗ ਦੇ ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨਾਲੋਜੀ ਇੰਸਟੀਚਿਊਟ (THSTI) ਵੱਲੋਂ ਕਰਵਾਈ ਜਾ ਰਹੀ ਹੈ। ਇਸ ਵਿੱਚ ਕੋਵਿਸ਼ੀਲਡ, ਕੋਵੈਕਸਿਨ ਤੇ ਸਪੁਤਨਿਕ-V ਵੈਕਸੀਨਾਂ ਨੂੰ ਕਵਰ ਕੀਤਾ ਜਾਵੇਗਾ। ਸਟੱਡੀ ਲਈ ਦਿੱਲੀ-ਐਨਸੀਆਰ, ਗੁਰੂਗ੍ਰਾਮ ਅਤੇ ਫਰੀਦਾਬਾਦ ਤੋਂ ਸੈਂਪਲ ਇਕੱਠੇ ਕੀਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

ਇੱਕ ਰਿਪੋਰਟ ਮੁਤਾਬਕ ਇਹ ਇਕ ਅਕਾਦਮਿਕ ਸਟੱਡੀ ਹੈ, ਜਿਸ ਦਾ ਮਕਸਦ ਇਹ ਸਮਝਣਾ ਹੈ ਕਿ ਵੈਕਸੀਨ ਤੋਂ ਮਿਲੀ ਇਮਿਊਨਿਟੀ ਕਿੰਨੀ ਦੇਰ ਤੱਕ ਰਹਿੰਦੀ ਹੈ। ਸਾਡੇ ਸੈੱਲਾਂ ਵਿੱਚ ਬਣੀ ਰੋਗ ਰੋਕੂ ਸ਼ਕਤੀ ਦੀ ਸਟੱਡੀ ਲਈ ਖੂਨ ਦੇ ਸੈਂਪਲ ਲੈਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਇਸ ਵਿੱਚ ਟੀ ਅਤੇ ਬੀ ਸੈੱਲਾਂ ਦੀ ਪ੍ਰਤੀਕਿਰਿਆ ਅਤੇ ਐਂਟੀਬਾਡੀਜ਼ ਦੀ ਜਾਂਚ ਕੀਤੀ ਜਾਵੇਗੀ ਤੇ ਵੇਖਿਆ ਜਾਵੇਗਾ ਕਿ ਦੂਜੀ ਖੁਰਾਕ ਲੈਣ ਦੇ ਛੇ ਮਹੀਨਿਆਂ ਬਾਅਦ ਸਰੀਰ ਵਿੱਚ ਸੁਰੱਖਿਆ ਦਾ ਪੱਧਰ ਕੀ ਹੈ। ਜਿਸ ਤੋਂ ਪਤਾ ਲੱਗੇਗਾ ਕਿ ਦੇਸ਼ ਨੂੰ ਬੂਸਟਰ ਖੁਰਾਕ ਦੀ ਲੋੜ ਹੈ ਜਾਂ ਨਹੀਂ।
ਇਸ ਸਟੱਡੀ ਲਈ ਲੋਕਾਂ ਦੀਆਂ ਚਾਰ ਸ਼੍ਰੇਣੀਆਂ ਤਿਆਰ ਕੀਤੀਆਂ ਗਈਆਂ ਹਨ- 40 ਸਾਲ ਤੋਂ ਵੱਧ ਉਮਰ ਦੇ ਲੋਕ, 40 ਸਾਲ ਤੋਂ ਘੱਟ ਉਮਰ ਦੇ ਲੋਕ, ਉਹ ਲੋਕ ਜੋ ਟੀਕਾ ਲਗਵਾਉਣ ਤੋਂ ਪਹਿਲਾਂ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਸਨ ਅਤੇ ਜੋ ਪਹਿਲਾਂ ਹੀ ਕਿਸੇ ਹੋਰ ਬਿਮਾਰੀ ਤੋਂ ਪੀੜਤ ਹਨ। ਇਨ੍ਹਾਂ ਸਾਰੇ ਲੋਕਾਂ ਦੀ ਮੈਡੀਕਲ ਹਿਸਟਰੀ, ਟੀਕਾਕਰਨ ਦੀ ਸਥਿਤੀ ਅਤੇ ਹੋਰ ਕਲੀਨਿਕਲ ਜਾਣਕਾਰੀ ਇਕੱਠੀ ਕਰਨ ਲਈ ਸਧਾਰਨ ਸਵਾਲ ਅਤੇ ਜਵਾਬ ਤਿਆਰ ਕੀਤੇ ਗਏ ਹਨ।
ਵੈਕਸੀਨ ਬੂਸਟਰ ਸ਼ਾਟ ਬਾਰੇ ICMR ਦੇ ਡਾਇਰੈਕਟੋਰੇਟ ਜਨਰਲ ਡਾਕਟਰ ਬਲਰਾਮ ਭਾਰਗਵ ਨੇ ਕਿਹਾ ਕਿ ਅਸੀਂ ਬੂਸਟਰ ਸ਼ਾਟ ਬਾਰੇ ਗੱਲਬਾਤ ਕਰ ਰਹੇ ਹਾਂ। ਨੀਤੀ ਬਣਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ICMR ਅਤੇ DBT ਵਾਇਰਸ ਨੂੰ ਕਲਚਰ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ। ਅਸੀਂ ਓਮੀਕ੍ਰੋਨ ਦੇ ਵਿਰੁੱਧ ਟੀਕੇ ਦੀ ਅਸਰ ਨੂੰ ਲੈ ਕੇ ਜਾਂਚ ਕਰ ਰਹੇ ਹਾਂ।
The post ਬੂਸਟਰ ਡੋਜ਼ ਲਗਵਾਉਣ ਨੂੰ ਲੈ ਕੇ ਸਰਕਾਰ 3000 ਲੋਕਾਂ ‘ਤੇ ਕਰਨ ਜਾ ਰਹੀ ਟ੍ਰਾਇਲ appeared first on Daily Post Punjabi.