ਦੱਖਣੀ ਅਫ਼ਰੀਕਾ ਵਿਚ ਕਰੋਨਾਵਾਇਰਸ ਦਾ ਨਵਾਂ ਸਰੂਪ ਮਿਲਿਆ ਹੈ ਜਿਸ ਕਾਰਨ ਵਿਗਿਆਨਕ ਚਿੰਤਤ ਹਨ, ਕਿਉਂਕਿ ਵਾਇਰਸ ਦਾ ਇਹ ਨਵਾਂ ਸਰੂਪ ਜਲਦੀ-ਜਲਦੀ ਆਪਣਾ ਰੂਪ ਬਦਲਣ ਦੇ ਯੋਗ ਹੈ ਅਤੇ ਦੇਸ਼ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਗੌਟੈਂਗ ’ਚ ਨੌਜਵਾਨਾਂ ਵਿਚ ਬੜੀ ਤੇਜ਼ੀ ਨਾਲ ਫੈਲਿਆ ਹੈ।
ਇਜ਼ਰਾਈਲ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ ਕਰੋਨਾਵਾਇਰਸ ਦੇ ਨਵੇਂ ਸਰੂਪ ਦਾ ਪਹਿਲਾ ਕੇਸ ਮਿਲਿਆ ਹੈ। ਮਹਾਮਾਰੀ ਦਾ ਇਹ ਨਵਾਂ ਸਰੂਪ ਮਲਾਵੀ ਤੋਂ ਪਰਤੇ ਇਕ ਯਾਤਰੀ ਵਿਚ ਮਿਲਿਆ ਹੈ। ਸਿਹਤ ਮੰਤਰਾਲੇ ਨੇ ਅੱਜ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਯਾਤਰੀ ਅਤੇ ਇਸ ਸਰੂਪ ਤੋਂ ਪ੍ਰਭਾਵਿਤ ਹੋਣ ਦੇ ਸ਼ੱਕ ਵਿਚ ਦੋ ਹੋਰ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਇਨ੍ਹਾਂ ਤਿੰਨੋਂ ਵਿਅਕਤੀਆਂ ਨੂੰ ਕਰੋਨਾ ਤੋਂ ਬਚਾਅ ਲਈ ਵੈਕਸੀਨ ਲੱਗੀ ਹੋਈ ਸੀ ਪਰ ਫਿਰ ਵੀ ਮੰਤਰਾਲੇ ਵੱਲੋਂ ਇਨ੍ਹਾਂ ਵਿਅਕਤੀਆਂ ਦੇ ਟੀਕਾਕਰਨ ਸਬੰਧੀ ਅਸਲ ਸਥਿਤੀ ਦਾ ਪਤਾ ਲਗਾਇਆ ਜਾ ਰਿਹਾ ਹੈ। ਵੀਰਵਾਰ ਨੂੰ ਸਰਕਾਰ ਨੇ ਦੱਖਣੀ ਅਫ਼ਰੀਕਾ ਅਤੇ ਛੇ ਹੋਰ ਅਫ਼ਰੀਕੀ ਦੇਸ਼ਾਂ ਨੂੰ ‘ਲਾਲ ਚਿਤਾਵਨੀ ਵਾਲੇ ਦੇਸ਼’ ਐਲਾਨ ਦਿੱਤਾ ਸੀ, ਜਿਸ ਤਹਿਤ ਇਨ੍ਹਾਂ ਮੁਲਕਾਂ ਦੇ ਲੋਕਾਂ ਦੇ ਇਜ਼ਰਾਇਲ ਯਾਤਰਾ ’ਤੇ ਆਉਣ ਉੱਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਮੁਲਕਾਂ ਵਿੱਚੋਂ ਆਉਣ ਵਾਲੇ ਇਜ਼ਰਾਈਲੀ ਲੋਕਾਂ ਨੂੰ ਵੀ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਪਿਛਲੇ ਸਾਲ ਇਜ਼ਰਾਈਲ ਨੇ ਦੁਨੀਆ ਦੀ ਪਹਿਲੀ ਤੇ ਸਭ ਤੋਂ ਸਫ਼ਲ ਟੀਕਾਕਰਨ ਮੁਹਿੰਮਾਂ ਵਿੱਚੋਂ ਇਕ ਚਲਾਈ ਸੀ ਅਤੇ ਇਸ ਮੁਲਕ ਦੀ ਤਕਰੀਬਨ ਅੱਧੀ ਆਬਾਦੀ ਨੂੰ ਵੈਕਸੀਨ ਦੀ ਬੂਸਟਰ ਡੋਜ਼ ਵੀ ਲੱਗ ਚੁੱਕੀ ਹੈ। ਇਜ਼ਰਾਈਲ ਨੇ ਹਾਲ ਹੀ ਵਿਚ ਪੰਜ ਸਾਲ ਤੋਂ ਵੱਧ ਉਮਰ ਦੇ ਸਾਰੇ ਬੱਚਿਆਂ ਨੂੰ ਵੀ ਇਸ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਕੀਤਾ ਸੀ, ਪਰ ਇਸ ਦੇ ਬਾਵਜੂਦ ਹਾਲ ਦੇ ਮਹੀਨਿਆਂ ਵਿਚ ਦੇਸ਼ ’ਚ ਕਰੋਨਾ ਦੇ ਡੈਲਟਾ ਸਰੂਪ ਦੇ ਨਵੇਂ ਮਾਮਲਿਆਂ ਦੀ ਲਹਿਰ ਦੇਖਣ ਨੂੰ ਮਿਲੀ।
ਕਰੋਨਾਵਾਇਰਸ ਦੇ ਨਵੇਂ ਰੂਪ ਦੀ ਦਹਿਸ਼ਤ ਕਾਰਨ ਅੱਜ ਭਾਰਤ ਸਮੇਤ ਹੋਰ ਮੁਲਕਾਂ ਦੇ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗ ਪਏ। ਸੈਂਸੈਕਸ ’ਚ ਅੱਜ 1688 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 57,107.15 ’ਤੇ ਬੰਦ ਹੋਇਆ ਜਦਕਿ ਨਿਫਟੀ 509.80 ਅੰਕ ਗੁਆ ਕੇ 17,026.45 ’ਤੇ ਬੰਦ ਹੋਇਆ। ਬਾਜ਼ਾਰ ’ਚ ਮੰਦੀ ਕਾਰਨ ਨਿਵੇਸ਼ਕਾਂ ਦੇ 7.35 ਲੱਖ ਕਰੋੜ ਰੁਪਏ ਡੁੱਬ ਗਏ। ਯੂਰਪ, ਸ਼ੰਘਾਈ, ਹਾਂਗਕਾਂਗ, ਸਿਓਲ ਅਤੇ ਟੋਕੀਓ ਦੇ ਬਾਜ਼ਾਰ ਵੀ ਡਿੱਗੇ।
The post ਕਰੋਨਾਂ ਦਾ ਨਵਾਂ ਸਰੂਪ ਦਿਖਾ ਰਿਹਾ ਪ੍ਰਭਾਵ, ਦੁਨੀਆਂ ਭਰ ‘ਚ ਸੇ਼ਅਰ ਬਾਜ਼ਾਰ ਡਿੱਗੇ first appeared on Punjabi News Online.
source https://punjabinewsonline.com/2021/11/27/%e0%a8%95%e0%a8%b0%e0%a9%8b%e0%a8%a8%e0%a8%be%e0%a8%82-%e0%a8%a6%e0%a8%be-%e0%a8%a8%e0%a8%b5%e0%a8%be%e0%a8%82-%e0%a8%b8%e0%a8%b0%e0%a9%82%e0%a8%aa-%e0%a8%a6%e0%a8%bf%e0%a8%96%e0%a8%be-%e0%a8%b0/