ਬੁੱਧ ਸਿੰਘ ਨੀਲੋੰ
ਇਹ ਅਕਸਰ ਕਿਹਾ ਜਾਂਦਾ ਹੈ ਕਿ ” ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ !”” ਭਲਾ ਇਹ ਚਿੜੀ ਹੀ ਕਿਉਂ ਮਰੇ ਕੋਈ ਉਹ ਬਾਜ਼ ਕਿਉਂ ਨਾ ਮਰਨ ਜਿਹੜੇ ਇਸ ਨੂੰ ਨੋਚ ਨੋਚ ਖਾ ਰਹੇ ਹਨ? ਪਰ ਅਸੀਂ ਚਾਹੁੰਦੇ ਹੋਏ ਵੀ ਬੋਲਦੇ ਨਹੀ। ਸਾਨੂੰ ਘੁੱਟ ਘੁੱਟ ਮਰਨ ਤੇ ਜਰਨ ਦੀ ਆਦਤ ਪਾ ਦਿੱਤੀ ਹੈ। ਆਦਤ ਕਦੇ ਛੁੱਟਦੀ ਨਹੀਂ । ਜੇ ਇਹ ਛੁੱਟ ਜਾਵੇ ਫੇਰ ਵਾਰੇ ਸ਼ਾਹ ਝੂਠਾ ਪੈ ਜੂ। “ਵਾਰੇ ਸ਼ਾਹ ਨਾ ਜਾਂਦੀਆਂ ਆਦਤਾਂ ਜੀ,
ਭਾਵੇਂ ਕੱਟੀਏ ਪੋਰੀਏ ਪੋਰੀਏ ਜੀ !””
ਇਹ ਹਾਲਤ ਸਾਡੀ ਅਚਾਨਕ ਨਹੀਂ ਬਣੀ ਇਸ ਵਿੱਚ ਸਾਡਾ ਵੀ ਕਸੂਰ ਹੈ ਕਿ ” ਇਕ ਚੁਪ ਸੌ ਸੁਖ ” ਵਾਲੀ ਸੋਚ ਉਤੇ ਪਹਿਰਾ ਦਿੱਤਾ ਹੈ। ਪਰ ਇਹ ਪਹਿਰਾ ਹੀ ਸਾਡੇ ਲਈ ਕਹਿਰ ਬਣ ਗਿਆ । ਕਹਿਰ ਤੇ ਜ਼ਹਿਰ ਸਾਡੇ ਰਿਸ਼ਤਿਆਂ ਤੱਕ ਪੁਜ ਗਿਆ ਦੇਸ਼ ਤੇ ਸਮਾਜ ਦੇ ਅੰਦਰ ਜਿਸ ਤਰ੍ਹਾਂ ਦੇ ਹਾਲਾਤ ਬਣਾਏ ਜਾ ਰਹੇ ਹਨ, ਇਸ ਹਾਲਤਾਂ ਵਿੱਚ ਹਰਿਕ ਦਾ ਦਮ ਘੁੱਟ ਰਿਹਾ ਹੈ। ਜਿਸ ਦੇ ਕੋਲ ਤਾਂ ਤਾਕਤ ਤੇ ਸਾਧਨ ਹਨ,ਉਹ ਤਾਂ ਵਿਦੇਸ਼ ਵੱਲ ਉਡਾਰੀ ਮਾਰ ਰਹੇ ਹਨ । ਅਸੀਂ ਇਹ ਕਹਿ ਕਿ ਚੁਪ ਕਰ ਜਾਂਦੇ ਹਾਂ ਕਿ” ਜਿਥੇ ਦਾਣਾ ਉਥੇ ਜਾਣਾ.!” ਕੀ ਇਹ ਗੱਲ ਸੱਚ ਹੈ ? ਕੀ ਪਰਵਾਸ ਹੈ ਕਰਨਾ ਜਰੂਰੀ ਹੈ ਜਾਂ ਮਜਬੂਰੀ ?
ਜਿਹਨਾਂ ਦੇ ਕੋਲ ਪੂੰਜੀ ਦੀ ਤਾਕਤ ਨਹੀਂ ਉਹ ਇਸ ਦਮ-ਘੋਟੂ ਪੌਣ-ਪਾਣੀ ਵਿਚ ਮਰਨ ਲਈ ਤੜਫ਼ ਰਹੇ ਹਨ ਤੇ ਪਲ ਪਲ ਮਰ ਰਹੇ ਹਨ..ਸਲੋਅ ਡੈੱਥ… ਜਿਹੜਾ ਕੋਈ ਇਸ ਦਮ-ਘੋਟੂ ਵਾਤਾਵਰਣ ਵਿੱਚ ਸਿਰ ਬਾਹਰ ਕੱਢ ਕੇ ਸਾਹ ਲੈਣ ਦੀ ਕੋਸ਼ਿਸ਼ ਕਰਦਾ ਹੈ, ਉਸ ਦਾ ਸਿਰ ਫੇਹ ਦਿੱਤਾ ਜਾਂਦਾ ਹੈ। ਆਮ ਲੋਕ ਤਾਂ ਡਰਦੇ ਬੋਲਦੇ ਨਹੀਂ, ਉਹਨਾਂ ਨੂੰ ਪੁਜਾਰੀਵਾਦ ਨੇ ਨਰਕ ਸਵਰਗ ਦਾ ਡਰ ਪਾਇਆ ਹੋਇਆ ਹੈ…ਪੁਜਾਰੀ ਆਖਦੇ ਹਨ…ਮਰਨਾ ਸੱਚ.ਤੇ ਜਿਉਣਾ ਝੂਠ ਹੈ.ਪਰ ਸੱਚ ਦੋਵੇਂ ਹਨ… ਜਿਉਣਾ ਵੀ ਤੇ ਮਰਨਾ ਵੀ…ਕੋਈ ਵੀ ਸੱਚ ਪੂਰਾ ਨੀ ਹੁੰਦਾ …ਸ਼ੁਧ ਸੋਨੇ ਦਾ ਗਹਿਣਾ ਨੀ ਬਣਦਾ…ਪਰ ਇਥੇ ਨਾਲੋਂ ਵੱਡਾ ਨਰਕ ਹੋਰ ਕੋਈ ਨਹੀਂ …ਹਰ ਰੋਜ਼ ਪੁਜਾਰੀ ਵਰਗ…ਸਵਰਗ ਜਾਣ ਦੇ ਰਸਤੇ ਤਾਂ ਦੱਸਦੇ ਪਰ ਇਸ ਜੀਵਨ ਨੂੰ ਨਰਕ ਕਿਹੜੀਆਂ ਤਾਕਤਾਂ ਨੇ ਬਣਾਇਆ .ਚੁਪ ਹੈ…ਧਰਮ ਸੱਤਾ ਦੀ ਤਾਕਤ ਦਾ ਉਹ ਜ਼ਹਿਰ ਹੈ…ਜੋ ਬਚਪਨ ਤੋਂ ਹੀ ਤੁਪਕਾ ਤੁਪਕਾ ਪਲਾਇਆ ਜਾਂਦਾ ਹੈ…
ਜਿਹੜੇ ਸੱਤਾ ਦੇ ਦਲਾਲ ਬੋਲਦੇ ਵੀ ਹਨ, ਉਹ ‘ਸੱਤਾ’ ਦੇ ਸੋਹਿਲੇ ਗਾ ਰਹੇ ਹਨ। ਜਸ਼ਨ ਮਨਾ ਰਹੇ ਹਨ। ਢੋਲੇ ਦੀਆਂ ਲਾ ਰਹੇ ਹਨ। …..ਕਿਹੋ ਜਿਹੇ ਸਮੇਂ ਆ ਗਏ ਹਨ.
ਸਮਾਜ ਦੇ ਹਰ ਵਰਗ ਦੇ ਵਿੱਚ ‘ਗੜਵਈਆਂ’ ਤੇ ‘ਝੋਲੀ-ਚੱਕ’ ਚਾਕਰਾਂ ਦੀ ਫ਼ੌਜ ਵਿੱਚ ਵਾਧਾ ਹੋ ਰਿਹਾ ਹੈ। ਸਿਹਰੇ ਪੜਨ ਤੇ ਲਿਖਣ ਵਾਲਿਆਂ ਵੱਲ ਲੋਕਾਈ ਇਉਂ ਝਾਕਦੀ ਹੈ ਜਿਵੇਂ ਬੋਕ ਤੁੱਕਿਆ ਵੱਲ ਝਾਕਦਾ ਹੁੰਦਾ ਹੈ।
ਲੋਕਾਂ ਨੂੰ ਲੁੱਟਣ ਤੇ ਕੁੱਟਣ ਦੀਆਂ ਨਿੱਤ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਲੋਕਾਂ ਨੂੰ ਅਗਲੇ ਜਨਮ ਦੇ ਰਸਤੇ ਦਿਖਾਉਣ ਤੇ ਸਮਝਾਉਣ ਦੇ ਲਈ ‘ਆਸਥਾ’ ਦਾ ਢੋਲ ਵਜਾਇਆ ਜਾ ਰਿਹਾ ਹੈ। ਸਵਰਗ-ਨਰਕ ਦੀਆਂ ਕਥਾਵਾਂ ਦੇ ਰਾਹੀਂ ਡਰੇ ਹੋਇਆਂ ਨੂੰ ਹੋਰ ਡਰਾਇਆ ਜਾ ਰਿਹਾ ਹੈ।
ਮਨੁੱਖ ਨੇ ਜਿਉਣਾ ਕਿਵੇਂ ਹੈ? ਇਸ ਬਾਰੇ ਨਹੀਂ ਸਗੋਂ ‘ਸਵਰਗ’ ਵਿੱਚ ਕਿਵੇਂ ਜਾਣਾ ਹੈ, ਇਸ ਦੇ ‘ਗੁਰ’ ਸਿਖਾਏ ਜਾ ਰਹੇ ਹਨ। ਘਰਾਂ ਦੇ ਅੰਦਰ ਤੇ ਬਾਹਰ ‘ਸਵਰਗ’ ਦੇ ਦਲਾਲਾਂ ਨੇ ਆਪਣੀਆਂ ‘ਮੰਜੀਆਂ’ ਟਿਕਾਈਆਂ ਹੋਈਆਂ ਨੇ, ਜਿਹੜੇ ਚੌਵੀ ਘੰਟੇ ਸਵਰਗ ‘ਚ ਜਾਣ ਦੇ ਰਸਤਿਆਂ ਦਾ ਵਿਖਿਆਨ ਕਰਦੇ ਹਨ। ‘ਮੌਤ’ ਦਾ ਡਰ ਲੋਕਾਂ ਦੇ ਮਨਾਂ ਵਿੱਚ ਭਰਿਆ ਜਾ ਰਿਹਾ ਹੈ। ਪਰ ‘ਮੌਤ’ ਤੋਂ ਕਿਵੇਂ ਬਚਣਾ ਹੈ? ਇਸ ਦੀ ਕਿਸੇ ਵੀ ‘ਗੁਰੂ’ ਕੋਲ ‘ਗਿੱਦੜ-ਸਿੰਗੀ’ ਨਹੀਂ।
ਵਇਸੇ ਲਈ ਅਸੀਂ ਨਰਕ ਦੀ ਵਰਤਮਾਨ ‘ਚ ਜ਼ਿੰਦਗੀ ਜਿਊਂਦੇ ਹਾਂ। ਜਿਹੜੀ ਉਨਾਂ ਨੂੰ ਮੌਤ ਦੇ ਝੂਟੇ ਨਿੱਤ ਦਿਵਾਉਂਦੀ ਹੈ ਪਰ ਮੌਤ ਤੋਂ ਬਚਾਉਂਦੀ ਨਹੀਂ। ਲੋਕਾਂ ਨੂੰ ਨਿੱਤ ਮਰਨ ਦੀ ਆਦਤ ਨੇ ਉਨਾਂ ਵਿੱਚ ਜ਼ਿੰਦਗੀ ਨੂੰ ਜਿਉਣ ਦੇ ਅਰਥ ਹੀ ਬਦਲ ਦਿੱਤੇ ਹਨ। ਇਸੇ ਕਰਕੇ ਅਸੀਂ ਸਾਡੀ ਨਰਕ ਦੀ ਜ਼ਿੰਦਗੀ ਬਣਾਉਣ ਵਾਲੇ ਅਜੋਕੇ ਰਾਖਸ਼ਸਾਂ ਦੇ ਬੂਹਿਆਂ ‘ਤੇ ਧਰਨੇ ਦੇਣ ਦੀ ਵਜਾਏ, ਅਸੀਂ ਤੀਰਥਾਂ ਦਾ ਭਰਮਣ ਕਰਨ ਲਈ ਵਹੀਰਾਂ ਘੱਤੀ ਜਾ ਰਹੇ ਹਾਂ।
ਨਾਵਣ ਚੱਲੇ ਤੀਰਥੀ ਤਨ ਖੋਟੇ ਮਨ ਚੋਰ
ਸਾਡਾ ਜਿਊਣਾ ਦੁੱਬਰ ਕਰਨ ਵਾਲਿਆਂ ਦੀ ਸੰਘੀ ਘੁੱਟਣ ਦੀ ਵਜਾਏ ਅਸੀਂ ਉਹਨਾਂ ‘ਸੰਘੀਆਂ’ ਦੇ ਸਾਥੀ ਬਣ ਕੇ ਉੱਚੀ ਉੱਚੀ ‘ਜੈਕਾਰੇ’ ਲਾਉਣ ਦੇ ਆਦੀ ਹੋ ਗਏ ਹਾਂ। ਸਾਡੀ ਇਹ ਆਦਤ ਪੀੜੀ ਦਰ ਪੀੜੀ ਚਲੀ ਆਉਂਦੀ ਹੈ, ਜਿਨਾਂ ਦੇ ਪੈਰਾਂ ਹੇਠ ਬਟੇਰਾ ਆ ਗਿਆ ਹੈ, ਉਹ ਦੂਜਿਆਂ ਨੂੰ ਨਸੀਹਤਾਂ ਦੇਣ ਦੇ ‘ਪੁਜਾਰੀ ਤੇ ਵਪਾਰੀ’ ਬਣ ਗਏ ਹਨ।
ਇਹ ਸ਼ਬਦਾਂ ਦੇ ‘ਪੁਜਾਰੀ ਤੇ ਵਪਾਰੀ’ ‘ਸੱਤਾ’ ਦੇ ਇਮਾਨਦਾਰ ਸੇਵਕ’ ਹਨ। ਜਿਹੜੇ ਸਰਕਾਰ ਦੀ ‘ਕੀਤੀ ਸੇਵਾ’ ਨੂੰ ਹੁਣ ‘ਲੋਕ ਸੇਵਾ’ ਵਿੱਚ ਤਬਦੀਲ ਕਰਨ ਲਈ ਕਦੇ ਚੂਹਿਆਂ ਦੇ ਵਾਂਗ ਕੁਤਰਨ ਲੱਗਦੇ ਹਨ, ਕਦੇ ਲਲਾਰੀ ਦੀ ਦੁਕਾਨ ਵਿੱਚੋਂ ਰੰਗ ਚੁਰਾ ਕੇ ‘ਸ਼ੇਰ’ ਬਣ ਰਹੇ ਹਨ। ਉਨਾਂ ਦਾ ਹਰ ਸਰਕਾਰਾਂ ਵਿੱਚ ਕਰੂਰਾ ਰਲਦਾ ਹੈ। ਇਸੇ ਕਰਕੇ ਉਨਾਂ ਦੀ ਝਿੜਕ ਦਾ ਕੋਈ ਬੁਰਾ ਨਹੀਂ ਮਨਾਉਂਦਾ।
ਇਹੀ ਲੋਕ ਜਦੋਂ ਕੁਰਸੀਆਂ ਤੇ ਸਨ ਤਾਂ ਇਨਾਂ ਨੇ ਕਿਸੇ ਨੂੰ ਵੀ ਆਪਣੇ ਲਵੇ ਨੀ ਲੱਗਣ ਦਿੱਤਾ ਤੇ ਕਿਸੇ ਨੂੰ ‘ਕਿਰਤ ਦੇ ਲੜ’ ਨਹੀਂ ਲਾਇਆ, ਸਗੋਂ ਖਾਦਿਆਂ ਦੇ ਮੂੰਹਾਂ ਵਿੱਚੋਂ ਬੁਰਕੀਆਂ ਵੀ ਖੋਂਹਦੇ ਰਹੇ ਹਨ। ਖੋਹ ਕੇ ਖਾਣ ਦੀ ਆਦਤ ਨੇ ਇਨਾਂ ਨੂੰ ‘ਸਤਾ’ ਦੇ ਆੜਤੀਏ ਬਣਾ ਦਿੱਤਾ ਹੈ। ਇਨਾਂ ਆੜਤੀਆਂ ਨੂੰ ਨਾ ਤਾਂ ਉਤਪਾਦਕਾਂ ਦਾ ਤੇ ਨਾ ਹੀ ਖਪਤਕਾਰਾਂ ਦਾ ਕੋਈ ਫਿਕਰ ਨਹੀ ਹੁੰਦਾ । ਇਹ ਤਾਂ ਦੋਵੇਂ ਹੱਥੀਂ ਲੁੱਟਦੇ ਹਨ ਤੇ ਆਪਣੇ ਹੱਥ ਰੰਗਦੇ ਹਨ।
ਸੱਤਾ ਦੇ ਦਲਾਲਾਂ ਨੇ ਸਾਨੂੰ ਕਿਰਤੀ ਤੋਂ ਭਿਖਾਰੀ ਬਣਾ ਕੇ ਰੱਖ ਦਿੱਤਾ। ਅਸੀਂ ਆਟਾ-ਦਾਲ ਲੈਣ ਦੇ ਲਈ ਲਾਈਨਾਂ ਵਿਖ ਖੜੇ ਇੱਕ ਦੂਜੇ ਦੇ ਪੈਰ ਮਿੱਧਦੇ ਹਾਂ। ਅਸੀਂ ਭਿਖਾਰੀ ਬਨਣ ਦੇ ਲਈ ਤਾਂ ਜੰਗ ਲੜਦੇ ਹਾਂ ਪਰ ਕਿਰਤ ਦੇ ਲਈ ਚੁੱਪ ਹਾਂ। ਸੱਤਾ ਦੇ ਵਪਾਰੀ, ਅਧਿਕਾਰੀ , ਪੁਜਾਰੀ ਤੇ ਲਿਖਾਰੀ ਰਲ ਮਿਲ ਕੇ ਸਾਨੂੰ ਦੰਦ-ਹੀਣ ਕਰ ਰਹੇ ਹਨ। ਅਸੀਂ ਮਿੱਟੀ ਖਾਣੇ ਸੱਪ ਬਣੇ ਸੱਤਾ ਦੀ ਬੀਨ ਅੱਗੇ ਭੁੱਖ ਦਾ ਤਾਂਡਵ ਨਾਚ ਕਰ ਰਹੇ ਹਾਂ।
ਜਿਹੜੇ ਸੱਤਾ ਦਲਾਲ ਸਾਰੀ ਉਮਰ ਭ੍ਰਸ਼ਟ ਰਹੇ ਹਨ ਉਹ ਹੁਣ ਦੂਜਿਆਂ ਨੂੰ ਹੱਥ ਸਾਫ਼ ਕਰਕੇ ਰੱਖਣ ਲਈ ‘ਹੁਕਮਨਾਮਾ’ ਜਾਰੀ ਕਰਦੇ ਹਨ, ਪਰ ਉਨਾਂ ਨੂੰ ਇਹ ਪਤਾ ਨਹੀਂ ਕਿ ‘ਹੁਕਮ’ ਤਾਂ ਬਹੁਤ ਦੇਰ ਪਹਿਲਾਂ ਹੋ ਗਿਆ ਸੀ, ਹੁਕਮ ਅੰਦਰਿ ਸਭ ਕੋਇ…
ਜਦੋਂ ਧਰਤੀ ਹੋਂਦ ਵਿੱਚ ਆਈ ਸੀ, ਮਨੁੱਖ ਦਾ ਜਨਮ ਹੋਇਆ, ਉਸਨੇ ਵਿਕਾਸ ਕੀਤਾ। ਇਸ ਵਿਕਾਸ ਨੂੰ ਵਿਨਾਸ਼ ਦੇ ਰਸਤੇ ਤੋਰਨ ਲਈ ਸ਼ੈਤਾਨਾਂ ਨੇ ਧਰਮ, ਜਾਤ ਤੇ ਫਿਰਕਾ ਬਣਾ ਲਏ। ਪ੍ਰਚਾਰ ਲਈ ਪੁਜਾਰੀ, ਗ੍ਰੰਥੀ, ਉਸਤਾਦ ਗੁਰੂ ਤੇ ਆਸ਼ਰਮ ਖੋਲੇ। ਇਨਾਂ ਆਸ਼ਰਮਾਂ ਦੇ ਵਿੱਚ ਮਨੁੱਖ ਨੂੰ ਇਨਸਾਨ ਬਨਾਉਣ ਦਾ ਪਾਠ ਨਹੀਂ ਸਗੋ ਡਰ ਦਾ ਪਾਠ ਪੜਾਇਆ ਜਾ ਰਿਹਾ ਹੇ, ਲੋਕਾਂ ਨੂੰ ਅਗਲੇ ਪਿਛਲੇ ਜਨਮਾਂ ਦੇ ਕਰਮਾਂ ਵਿੱਚ ਉਲਝਾਇਆ ਗਿਆ।
ਧਰਮ ਦੇ ਪੁਜਾਰੀਆਂ ਨੇ ਲੋਕਾਂ ਨੂੰ ਏਨਾ ਕੁੱਟਿਆ , ਲੋਕਾਂ ਦੇ ਮਨਾ ਅੰਦਰ ਨਰਕ-ਸਵਰਗ’ ਦਾ ਡਰ ‘ਘਰ’ ਕਰ ਗਿਆ। ਜਿਹੜੀ ਵਸਤੂ ਘਰ ਵਿੱਚ ਤਬਦੀਲ ਹੋ ਜਾਵੇ ਉਸ ਤੋਂ ਖਹਿੜਾ ਛੁਡਾਉਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਹਰ ਮਨੁੱਖ ਆਪਣੇ ਘਰ ਦੇ ਨਾਲ ਅੰਦਰੋਂ ਜੁੜਿਆ ਹੁੰਦਾ ਹੈ। ਜੁੜੇ ਹੋਏ ਨੂੰ ਤੋੜਣਾ ਬਹੁਤ ਔਖਾ ਹੈ, ਪਰ ਅਸੀਂ ‘ਡਰ’ ‘ਚ ਜਿਊਣ ਦੇ ਸਦੀਆਂ, ਯੁੱਗਾਂ ਤੇ ਯੁੱਗਾਤਰਾਂ ਤੋਂ ਆਦੀ ਹੋ ਗਏ ਹਾਂ।
ਪਰ ਅਸੀਂ ਉਸ ‘ਯੁਗਾਂਤਰ’ ਨੂੰ ਹੀ ਸਗੋਂ ਗਦਰੀਆਂ ਨੂੰ ਵੀ ਭੁੱਲ ਗਏ ਹਾਂ, ਜਿਨਾਂ ਸਾਡੀ ਗੁਲਾਮੀ ਨੂੰ ਗਲੇ ਵਿੱਚੋਂ ਉਤਾਰਨ ਦੇ ਲਈ ‘ਗਦਰ’ ਦੀ ਨੀਂਹ ਰੱਖੀ ਸੀ। ਦੇਸ਼ ਵਿੱਚ ‘ਗਦਰ’ ਮਚਾਇਆ, ਪਰ ਅਸੀਂ ਸਭ ਭੁੱਲ ਗਏ।
ਇਸੇ ਕਰਕੇ ਅਸੀਂ ਹਰ ਪਲ ਮਰਨ ਦੀ ਜੂਨ ਭੋਗ ਰਹੇ ਹਾਂ। ਅਸੀਂ ਜੰਗਲ ਵਿੱਚ ਲੱਗੀ ਅੱਗ ਨੂੰ ਬੁਝਾਉਣ ਵਾਲੀ ‘ਚਿੜੀ’ ਦੇ ਸਾਥੀ ਨਹੀਂ ਬਣੇ, ਸਗੋਂ ਅਸੀਂ ਮਰਗਿਆਂ ਦੀਆਂ ‘ਫਿਲਮਾਂ’ ਬਣਾ ਕੇ ਸੋਸ਼ਲ ਮੀਡੀਏ ‘ਤੇ ਪਾਉਣ ਵਾਲੇ ਤਮਾਸ਼ਬੀਨ ਬਣ ਗਏ ਹਾਂ। ਹੁਣ ਅਸੀਂ ਬਾਜ਼ਾਂ, ਬਘਿਆੜਾਂ, ਗਿੱਦੜਾਂ, ਲੱਕੜਬੱਗਿਆਂ ਤੇ ਕੁੱਤਿਆਂ ਦੇ ਸਾਥੀ ਬਣ ਗਏ ਹਾਂ। ਇਸੇ ਕਰਕੇ ਇਸ ਸਮੇਂ ‘ਚਿੜੀ’ ਵਿਚਾਰੀ ਕੀ ਕਰੇ? ਉਹ ਠੰਢਾ ਪਾਣੀ ਪੀ-ਪੀ ਕੇ ਸਦੀਆਂ ਤੋਂ ਮਰ ਰਹੀ ਹੈ। ਹੁਣ ਅਸੀਂ ਸੋਚਣਾ ਹੈ ਕਿ ਅਸੀਂ ਕਿਹੜੀ ਧਿਰ ਨਾਲ ਖੜਨਾ ਹੈ।
ਮਨੁੱਖ ਨੇ ਮਰਨਾ ਤਾਂ ਇੱਕ ਦਿਨ ਅਵੱਸ਼ ਹੀ ਹੈ, ਫਿਰ ਮਰਨ ਦਾ ‘ਡਰ’ ਕਿਉਂ ਅਸੀਂ ਮੋਢਿਆਂ ਉੱਤੇ ਆਪੋ ਆਪਣੀ ‘ਲਾਸ਼’ ਚੁੱਕੀ ਫਿਰਦੇ ਹਾਂ। ਲਾਸ਼ਾਂ ਦਾ ਤਾਂ ਅੰਤਿਮ ਸਸਕਾਰ ਹੁੰਦਾ ਹੈ, ਪਰ ਜਿਊਦਿਆਂ ‘ਲਾਸ਼ਾਂ’ ਦਾ ਸਸਕਾਰ ਕੌਣ ਕਰੇਗਾ? ਇਹ ਬਹੁਤ ਹੀ ਗੰਭੀਰ ਸਵਾਲ ਹੈ, ਜਿਸ ਦੇ ਜਵਾਬ ਲਈ ਸਾਨੂੰ ਹੁਣ ਵਿਚਾਰਾਂ ਦੀ ਜੰਗ ਲੜਣੀ ਪਵੇਗੀ। ਸ਼ਬਦ ਦੇ ਨਾਲ ਜੁੜਣ ਲਈ ਕਿਤਾਬਾਂ ਪੜ੍ਹਨੀਆਂ ਪੈਣਗੀਆਂ…ਗਿਆਨ ਹਾਸਲ ਕਰਨਾ ਪਵੇਗਾ… ਗਿਆਨ ਹੀ ਚੇਤਨਾ ਦਾ ਰਸਤਾ ਹੈ ਜੋ ਚਿੰਨਤ ਵੱਲ ਤੁਰਦਾ ਹੋਇਆ ਸੱਚ ਤੇ ਝੂਠ ਦਾ ਨਿਤਾਰਾ ਕਰਦਾ ਹੈ…ਕਿਤਾਬਾਂ ਵਿਚਾਰਧਾਰਾ ਵੱਲ ਤਰਦੀਆਂ ਹਨ ਪਰ ਸਤਾਧਾਰੀ, ਪੁਜਾਰੀ, ਅਧਿਕਾਰੀ ਤੇ ਵਪਾਰੀ ਤਾਂ ਹਥਿਆਰਾਂ ਦੀ ਜੰਗ ਦੀ ਤਿਆਰੀ ਸ਼ੁਰੂ ਕਰਨ ਲਈ ਉਹ ਪੱਬਾਂ ਭਾਰ ਹੋਇਆ ਬੈਠਾ ਹੈ। ਜਿਸ ਨੇ ਹਮੇਸਾਂ ਹੀ ਆਪਣੀ ਕੁਰਸੀ ਦੇ ਲਈ ਧਰਮ ਨੂੰ ਦਾਅ ਤੇ ਲਾਇਆ। ਜਿਸ ਨੇ ਸ਼ਰਮ ਘੋਲ ਕੇ ਪੀਤੀ ਹੋਈ ਹੈ। ਜਿਸ ਨੂੰ ਸਾਨੂੰ ਹੁਣ ਆਪਣੀ ਚਮੜੀ ਬਚਾਉਣ ਦੇ ਲਈ ਮੂੰਹ ਲਕਾਉਣ ਲਈ ਬੁਰਕਾ ਪਾਉਣਾ ਪੈ ਗਿਆ ਹੈ।
ਪਰ ਅਸੀਂ ਚਿੜੀਆਂ ਤੋਂ ਬਾਜ਼ਾਂ ਨੂੰ ਲੜਾਉਣ ਵਾਲੀ ਸ਼ਕਤੀਆਂ ਨੂੰ ਕਿਉਂ ਭੁੱਲ ਗਏ ਹਾਂ? ਜਿਸ ਨੇ ਆਪਣੀ ਜਿੱਤ ਦਾ ਪਰਚਮ ‘ਜ਼ਫ਼ਰਨਾਮਾ’ ਲਿਖ ਕੇ ਝੁਲਾਇਆ ਸੀ, ਜਿਸ ਨੇ ਦੱਬੀਆਂ ਕੁੱਚਲੀਆਂ ਕੌਮਾਂ ਲਈ ‘ਸਰਬੰਸ’ ਵਾਰਿਆ ਸੀ, ਪਰ ਅਸੀਂ ‘ਸਰਬੰਸ ਬਚਾਉਣ ਤੇ ਵਧਾਉਣ ਲਈ ‘ਆਪਣੇ ਹੱਥੀਂ ‘ਧੀਆਂ’ ਤੇ ਪੁਤਾਂ ” ਨੂੰ ਵੇਚੀ ਜਾ ਰਹੇ ਹਾਂ। ਜਿਹੜੀਆਂ ਬਚ ਗਈਆਂ ਹਨ ਉਹ ਚਿੜੀਆਂ ਵਿਦੇਸ਼ਾਂ ਨੂੰ ਉਡ ਰਹੀਆਂ ਹਨ। ਤੇ ਬਾਕੀ ਢਿੱਡ ਦੀ ਅੱਗ ਬੁਝਾਉਣ ਲਈ ” ਦੂਜਿਆਂ ਦੀ ਅੱਗ ” ਬੁਝਾ ਰਹੀਆਂ ਹਨ….ਕਦੇ ਤੀਜਾ ਨੇਤਰ ਖੋਲ੍ਹ ਕੇ ਦੇਖੋ…ਨੰਗ ਭੁੱਖ ਨੇ ਅਣਖ ਤੇ ਜ਼ਮੀਰ ਕਿਵੇਂ ਮਾਰ ਦਿੱਤੀ ਹੈ…ਅਸੀਂ ਤਾਂ ਅਜੇ ਢਿੱਡ ਦੀ ਭੁਖ ਦੀ ਜੰਗ ਨਹੀਂ ਜਿੱਤ ਸਕੇ…ਸਾਨੂੰ ਸੱਤਾ ਨੇ ਬੇਬਸ ਤੇ ਲਾਚਾਰ ਬਣਾ ਦਿੱਤਾ ਹੈ ਜਾਂ ਅਸੀਂ ਅਪਣੀ ਸਵੈ ਰੱਖਿਆ ਕਰਨ ਦੀ ਤਾਕਤ ਭੁੱਲ ਗਏ ਹਾਂ ….ਸਾਡੇ ਪੁਰਖੇ..ਤੇ…ਕਿਤਾਬਾਂ … ਸ਼ਬਦ ਗੁਰੂ ਆਵਾਜ਼ਾਂ ਮਾਰਦੇ …ਰਣ ਵਿੱਚ ਜੂਝਣ ਲਈ …ਚਮਕੌਰ ਦੀ ਗੜੀ… ਜਲਿਆਂਵਾਲਾ ਬਾਗ…
ਹੁਣ ਰੁਖ, ਮਨੁੱਖ ਤੇ ਕੁੱਖ ਹੀ ਖਤਰੇ ਵਿਚ ਨਹੀਂ…ਪਲ ਪਲ ਖਤਰਾ ਵੱਧ ਰਿਹਾ ਹੈ ਜੋ ਚਿੜੀਆਂ ਹੀ ਨਹੀਂ ਚਿੜੇ ਵੀ ਖਾ ਰਿਹਾ ਹੈ…ਇਸ ਸਮੇਂ ਹੁਣ ਧਰਤੀ, ਚਿੜੀਆਂ ਤੇ ਧੀਆਂ ਨੂੰ ਕੌਣ ਬਚਾਏਗਾ?
ਜੰਗ ਦਾ ਬਿਗੁਲ ਵੱਜ ਗਿਆ ਹੈ
ਭੁੱਖ ਦਾ ਮੈਦਾਨ ਸਜ ਗਿਆ ਹੈ
ਬਘਿਆੜ ਸ਼ਹਿਰ ਵੱਲ ਵੱਧ ਰਿਹਾ ਹੈ
….
ਡਰ ਦੀ ਬੁੱਕਲ ਉਤਾਰ ਦਿਓ
ਆਪਣੀ ” ਮੈਂ ” ਨੂੰ ਮਾਰ ਦਿਓ
….ਮੂੰਹ ਤੋਂ ਮਖੌਟੇ ਉਤਾਰ ਦਿਓ..
ਕੌਣ ਉਤਾਰੇਗਾ ਡਰ ਦਾ ਭਾਰ ?
ਚਿੜੀਆਂ ਨੇ ਬਾਜ਼ ਦਿੱਤਾ ਮਾਰ…
ਹੁਣ ਚਿੜੀ ਵਿਚਾਰੀ ਨਹੀਂ ….ਪਰ…ਉਹ ਮਾਈ ਭਾਗੋ ਨੀ…ਬਣੀ….ਲੋੜ.ਹੈ ਜੰਗ ਚਮਕੌਰ ਦੀ…. ਪਛਾਣ ਕਰੋ… ਪਹਾੜੀ ਰਾਜਿਆਂ ਦੀ ਜੋ ਹੁਣ ਭੇਸ ਵਟਾ ਕੇ…ਮਾਰ ਰਹੇ ਹਨ….ਤੁਹਾਨੂੰ ਘਰ ਛੱਡਕੇ ਭੱਜਣ ਲਈ ਮਜਬੂਰ ਕਰ ਰਹੇ ਹਨ…ਸਾਡਾ ਤਾਂ ਡਾਂਗ ਤੇ ਡੇਰਾ. ਸੀ… ਕਦੇ ਸਿਰ ਦੇ ਸਰਾਣੇ ਬਾਂਹ ਰੱਖ ਕੇ ਨੀ ਸੀ ਸੁਤੇ… ਤੇਰੀ ਕਿਵੇਂ ਅੱਖ ਲੱਗ ਗੀ….ਤੇ ਖੇਤ ਤੇ ਘਰ ਲੁਟੇਰੇ ਪਹਾੜੀਆਂ ਨੇ ਲੁੱਟ ਲਿਆ……ਘਰ ਦੇ ਭੇਤੀ ਨੇ ਤੇਰੀ ਲੰਕਾ ਉਜਾੜ ਦਿੱਤੀ …..
ਚਿੜੀਆਂ ਨੂੰ ਉਡਾਰੀ ਭਰਨ ਦਿਓ….
The post ਬੁੱਧ ਚਿੰਤਨ: ਹੁਣ ਚਿੜੀ ਵਿਚਾਰੀ ਕੀ ਕਰੇ. ਉਡੀਕ ਕਰੇ ਜਾ ਡੁੱਬ ਮਰੇ ? first appeared on Punjabi News Online.
source https://punjabinewsonline.com/2021/11/29/%e0%a8%ac%e0%a9%81%e0%a9%b1%e0%a8%a7-%e0%a8%9a%e0%a8%bf%e0%a9%b0%e0%a8%a4%e0%a8%a8-%e0%a8%b9%e0%a9%81%e0%a8%a3-%e0%a8%9a%e0%a8%bf%e0%a9%9c%e0%a9%80-%e0%a8%b5%e0%a8%bf%e0%a8%9a%e0%a8%be%e0%a8%b0/