ਨਿਊਜ਼ੀਲੈਂਡ ਸਿਖਿਆ ਵਿਭਾਗ 2022 ਦੇ ਸਿਖਿਆ ਸੈਸ਼ਨ ਲਈ ਬਾਹਰੋਂ ਮੰਗਾਏਗਾ 300 ਅਧਿਆਪਕ
ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ 3 ਜੁਲਾਈ, 2021:- ਨਿਊਜ਼ੀਲੈਂਡ ਦੇ ਵਿਚ ਬਹੁਤ ਸਾਰੇ ਅਜਿਹੇ ਕਿੱਤਾ ਖੇਤਰ ਹਨ ਜਿੱਥੇ ਕਾਮਿਆਂ ਦੀ ਤੁਰੰਤ ਲੋੜ ਹੈ। ਇਹ ਭਰਪਾਈ ਪ੍ਰਵਾਸੀ ਕਰਦੇ ਰਹੇ ਹਨ, ਪਰ ਹੁਣ ਸਰੱਹਦਾਂ ਬੰਦ ਹੋਣ ਕਰਕੇ ਸਰਕਾਰ ਨੇ ਰੋਕਾਂ ਹੀ ਐਨੀਆਂ ਲਗਾਈਆਂ ਹੋਈਆਂ ਹਨ ਕਿ ਵੀਜ਼ਾ ਧਾਰਕ ਪ੍ਰਵਾਸੀ ਵੀ ਵਾਪਿਸ ਨਹੀਂ ਆ ਰਹੇ। ਨਿਊਜ਼ੀਲੈਂਡ ਦਾ ਸਿਖਿਆ ਵਿਭਾਗ ਲੰਮੇ ਸਮੇਂ ਤੋਂ ਅਧਿਆਪਕਾਂ ਦੀ ਘਾਟ ਮਹਿਸੂਸ ਕਰਦਾ ਆ ਰਿਹਾ ਹੈ ਅਤੇ ਹੁਣ ਇਸ ਦੀ ਪੂਰਤੀ ਵਾਸਤੇ ਬਾਹਰੋਂ ਹੱਥ ਪੈਰ ਮਾਰਨ ਦੀ ਸਕੀਮ ਬਣਾਈ ਗਈ ਹੈ। ਦੂਜੇ ਦੇਸ਼ਾਂ ਤੋਂ ਕਾਬਿਲ ਪ੍ਰੀਸਕੂਲ ਅਤੇ ਸਕੂਲੀ ਅਧਿਆਪਕਾਂ ਨੂੰ ਵਿਸ਼ੇਸ਼ ਛੋਟ ਦੇ ਕੇ ਦੇਸ਼ ਅੰਦਰ ਬੁਲਾਇਆ ਜਾਵੇਗਾ, ਅਜਿਹਾ ਐਲਾਨ ਦੇਸ਼ ਦੇ ਸਿਖਿਆ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕੀਤਾ ਹੈ। ਪਹਿਲੇ ਗੇੜ ਵਿਚ 300 ਅਧਿਆਪਕ ਲਿਆਂਦੇ ਜਾਣਗੇ ਅਤੇ ਫਿਰ 300 ਹੋਰ ਆ ਸਕਦੇ ਹਨ। ਦੇਸ਼ ਦੇ ਕਈ ਹਿਸਿਆਂ ਵਿਚ ਸਕੂਲ ਅਧਿਆਪਕ ਲੱਭਿਆਂ ਵੀ ਨਹੀਂ ਲੱਭ ਰਹੇ। ਇਹ ਅਧਿਆਪਕ ਉਨ੍ਹਾਂ ਦੇਸ਼ਾਂ ਦੇ ਵਿਚੋਂ ਹੀ ਆ ਸਕਣਗੇ ਜਿੱਥੇ ਉਥੇ ਦੀਆਂ ਸਰਹੱਦਾਂ ਤੋਂ ਬਾਹਰ ਜਾਣ ਦੀ ਕਿਸੇ ਤਰ੍ਹਾਂ ਦੀ ਬੰਦਿਸ਼ ਨਾ ਲੱਗੀ ਹੋਵੇ। ਟੀਚਰਾਂ ਅਤੇ ਪਿ੍ਰੰਸੀਪਲਾਂ ਦੀ ਐਸੋਸੀਸ਼ੇਨ ਨੇ ਵੀ ਇਸ ਗੱਲ ਦਾ ਸਵਾਗਤ ਕੀਤਾ ਹੈ ਪਰ ਕਿਹਾ ਹੈ ਕਿ ਉਨ੍ਹਾਂ ਅਧਿਆਪਕਾਂ ਨੂੰ ਹੋ ਸਕਦਾ ਹੈ ਮੁੱਢਲੀ ਸਿਖਿਆ ਦੇਣੀ ਪਵੇ। ਸਤੰਬਰ ਮਹੀਨੇ ਸਰਕਾਰ ਅਧਿਆਪਕਾਂ ਦੀ ਲੋੜ ਵਾਸਤੇ ਅਰਜ਼ੀਆਂ ਦੀ ਮੰਗ ਕਰੇਗੀ। ਜਿਹੜੇ ਅਧਿਆਪਕ ਪਹਿਲਾਂ ਇਥੇ ਸਨ, ਵਿਦੇਸ਼ ਗਏ ਹੋਏ ਸਨ ਅਤੇ ਸਰਹੱਦਾਂ ਬੰਦ ਹੋਣ ਕਰਕੇ ਵਾਪਿਸ ਨਹੀਂ ਆ ਸਕੇ ਉਹ ਵੀ ਇਸ ਸਕੀਮ ਦਾ ਫਾਇਦਾ ਉਠਾ ਸਕਣਗੇ। ਲਗਦਾ ਸਰਕਾਰ ਸੋਚਣ ਲੱਗ ਪਈ ਹੈ ਕਿ ‘‘ਕਰੋਨਾ ਕਰਕੇ ਬਾਰਡਰ ਤਾਂ ਬੰਦ ਹੀ ਰਹਿਣੇ ਆ ਕਿਸੀ ਤਰ੍ਹਾਂ ਨਿਆਣਿਆਂ ਦੇ ਪੜ੍ਹਾਉਣ ਦਾ ਪ੍ਰਬੰਧ ਤਾਂ ਕਰੀਏ!’’
source https://punjabinewsonline.com/2021/07/04/%e0%a8%b5%e0%a8%bf%e0%a8%b8%e0%a8%bc%e0%a9%87%e0%a8%b8%e0%a8%bc-%e0%a8%9b%e0%a9%8b%e0%a8%9f-%e0%a8%a4%e0%a8%be%e0%a8%82-%e0%a8%95%e0%a8%bf-%e0%a8%a8%e0%a8%bf%e0%a8%86%e0%a8%a3%e0%a9%87-%e0%a8%a4/