ਉਤਰਾਖੰਡ ਦੇ ਸੀਐਮ ਤੀਰਥ ਸਿੰਘ ਰਾਵਤ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਲਿਖਿਆ ਕਿ ‘ਸੰਵਿਧਾਨਕ ਪ੍ਰਕ੍ਰਿਆ ਕਹਿੰਦੀ ਹੈ ਕਿ ਮੁੱਖ ਮੰਤਰੀ ਕਿਸੇ ਵੀ ਸਦਨ ਦਾ ਮੈਂਬਰ ਹੋਣਾ ਚਾਹੀਦਾ ਹੈ ਅਤੇ ਜਦੋਂ ਵਿਧਾਨ ਸਭਾ ਚੋਣਾਂ ਲਈ ਇੱਕ ਸਾਲ ਬਾਕੀ ਰਹਿ ਜਾਂਦਾ ਹੈ, ਤਾਂ ਉਪ ਚੋਣਾਂ ਨਹੀਂ ਹੋ ਸਕਦੀਆਂ, ਇਸ ਲਈ ਮੈਂ ਇਸ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।’ ਉਧਰ ਦੇਹਰਾਦੂਨ ਵਿੱਚ ਭਾਜਪਾ ਵਿਧਾਇਕਾਂ ਨੇ ਇਕੱਠ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਵਿਧਾਨ ਸਭਾ ਪਾਰਟੀ ਦੀ ਇੱਕ ਬੈਠਕ ਅਗਲੇ 24 ਤੋਂ 36 ਘੰਟਿਆਂ ਵਿੱਚ ਹੋ ਸਕਦੀ ਹੈ। ਸੀ ਐਮ ਤੀਰਥ ਰਾਵਤ ਭਲਕੇ ਰਾਜਪਾਲ ਨੂੰ ਮਿਲ ਸਕਦੇ ਹਨ। ਜ਼ਿਕਰਯੋਗ ਹੈ ਕਿ ਭਾਜਪਾ ਦੇ ਸੰਸਦ ਮੈਂਬਰ ਤੀਰਥ ਸਿੰਘ ਰਾਵਤ ਨੇ ਮਾਰਚ ਮਹੀਨੇ ਵਿੱਚ ਉਤਰਾਖੰਡ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ।
ਹੁਣ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਨੇ ਸ਼ਨੀਵਾਰ ਨੂੰ ਸੂਬਾ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਆਪਣੀ ਵਿਧਾਨ ਸਭਾ ਪਾਰਟੀ ਦੀ ਇਕ ਮਹੱਤਵਪੂਰਨ ਬੈਠਕ ਬੁਲਾਈ ਹੈ। ਪ੍ਰਦੇਸ਼ ਦੇ ਪਾਰਟੀ ਮੀਡੀਆ ਇੰਚਾਰਜ ਮਨਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਇਹ ਮੀਟਿੰਗ ਸੂਬਾ ਪ੍ਰਧਾਨ ਮਦਨ ਕੌਸ਼ਿਕ ਦੀ ਪ੍ਰਧਾਨਗੀ ਹੇਠ ਦੁਪਹਿਰ ਤਿੰਨ ਵਜੇ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸਾਰੇ ਵਿਧਾਇਕਾਂ ਨੂੰ ਸ਼ਨੀਵਾਰ ਦੀ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਬੈਠਕ ਵਿੱਚ ਨਵੇਂ ਮੁੱਖ ਮੰਤਰੀ ਦੇ ਨਾਮ ਬਾਰੇ ਵਿਚਾਰ ਵਟਾਂਦਰੇ ਕੀਤੇ ਜਾ ਸਕਦੇ ਹਨ।
source https://punjabinewsonline.com/2021/07/03/%e0%a8%89%e0%a9%b1%e0%a8%a4%e0%a8%b0%e0%a8%be%e0%a8%96%e0%a9%b0%e0%a8%a1-%e0%a8%a6%e0%a9%87-%e0%a8%ad%e0%a8%be%e0%a8%9c%e0%a8%aa%e0%a8%be%e0%a8%88-%e0%a8%ae%e0%a9%81%e0%a9%b1%e0%a8%96-%e0%a8%ae/