ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਮੁੰਡਾ ਅਤੇ ਕਾਂਗਰਸ ਦਾ ਸਾਬਕਾ ਸੰਸਦ ਮੈਂਬਰ ਅਭਿਜੀਤ ਮੁਖਰਜੀ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਗਿਆ । ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਜੰਗੀਪੁਰ ਹਲਕੇ ਤੋਂ ਦੋ ਵਾਰ ਸੰਸਦ ਮੈਂਬਰ ਰਹੇ ਅਭਿਜੀਤ ਦੀ ਪਿਛਲੇ ਕੁਝ ਹਫ਼ਤਿਆਂ ਤੋਂ ਟੀਐੱਮਸੀ ਆਗੂਆਂ ਨਾਲ ਗੱਲਬਾਤ ਚੱਲ ਰਹੀ ਸੀ। ਲੋਕ ਸਭਾ ’ਚ ਟੀਐੱਮਸੀ ਦੇ ਆਗੂ ਸੁਦੀਪ ਬੰਦੋਪਾਧਿਆਏ ਨੇ ਉਨ੍ਹਾਂ ਦਾ ਪਾਰਟੀ ’ਚ ਆਉਣ ’ਤੇ ਸਵਾਗਤ ਕੀਤਾ। ਅਭਿਜੀਤ ਨੇ ਕਿਹਾ,‘‘ਦੀਦੀ ਪੱਛਮੀ ਬੰਗਾਲ ’ਚ ਭਾਜਪਾ ਦੇ ਰੱਥ ਨੂੰ ਰੋਕਣ ’ਚ ਸਫ਼ਲ ਰਹੀ। ਉਹ ਦੇਸ਼ ’ਚ ਸਭ ਤੋਂ ਜ਼ਿਆਦਾ ਭਰੋਸੇਯੋਗ ਧਰਮ ਨਿਰਪੱਖ ਆਗੂ ਹੈ ਜੋ ਫਿਰਕੂ ਭਾਜਪਾ ਨਾਲ ਲੜ ਅਤੇ ਉਸ ਨੂੰ ਹਰਾ ਸਕਦੀ ਹੈ। ਮੈਂ ਇਕ ਕਾਂਗਰਸ ਨੂੰ ਛੱਡ ਕੇ ਦੂਜੀ (ਤ੍ਰਿਣਮੂਲ ਕਾਂਗਰਸ) ’ਚ ਸ਼ਾਮਲ ਹੋ ਗਿਆ ਹਾਂ। ਸਾਨੂੰ ਯਕੀਨ ਹੈ ਕਿ ਅਸੀਂ ਭਵਿੱਖ ’ਚ ਵੀ ਭਗਵਾਂ ਕੈਂਪ ਨੂੰ ਭਾਰਤ ’ਚ ਡੱਕਣ ’ਚ ਕਾਮਯਾਬ ਰਹਾਂਗੇ।’’ ਟੀਐੱਮਸੀ ਦੇ ਜਨਰਲ ਸਕੱਤਰ ਪਾਰਥਾ ਚੈਟਰਜੀ ਨੇ ਕਿਹਾ ਕਿ ਪਾਰਟੀ ਨੂੰ ਆਸ ਹੈ ਕਿ ਅਭਿਜੀਤ ਮੁਖਰਜੀ ਭਾਰਤ ਨੂੰ ਭਾਜਪਾ ਮੁਕਤ ਬਣਾਉਣ ’ਚ ਆਪਣਾ ਯੋਗਦਾਨ ਪਾਉਣਗੇ।
source https://punjabinewsonline.com/2021/07/06/%e0%a8%b8%e0%a8%be%e0%a8%ac%e0%a8%95%e0%a8%be-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%aa%e0%a9%8d%e0%a8%b0%e0%a8%a3%e0%a8%ac-%e0%a8%ae%e0%a9%81%e0%a8%96-2/