ਬਲਵਿੰਦਰ ਸਿੰਘ ਭੁੱਲਰ
ਗ੍ਰਾਮੋਫੋਨ ਵਾਲੀ ਸਟੇਜੀ ਗਾਇਕੀ ਦੀ ਸਹਿਜਾਦੀ, ਨਰਮ ਸੁਭਾਅ, ਸਾਦੇ ਪਹਿਰਾਵੇ, ਹਸਮੁਖ ਚਿਹਰੇ ਦੀ ਮਾਲਕਣ, ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ, ਗਾਇਕੀ ਦਾ ਵਗਦਾ ਦਰਿਆ ਸੀ। ਉਸਦੀ ਹੇਕ ਅਤੇ ਹੂਕ ਨੇ ਜਿੱਥੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕੀਤੀ, ਉ¤ਥੇ ਲੋਕ ਮਾਨਸਿਕਤਾ ਨੂੰ ਸਮਝ ਕੇ, ਪੰਜਾਬ ਦੀ ਮੁਟਿਆਰ ਦੇ ਹਾਵ ਭਾਵ, ਗਾਇਕੀ ਦੀ ਕਲਾ ਰਾਹੀਂ ਸਰੋਤਿਆਂ ਦੇ ਰੂਬਰੂ ਕੀਤੇ। ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਸਾਂਝੇ ਪੰਜਾਬ ’ਚ ਲਾਹੌਰ ਵਿਖੇ ਪਿਤਾ ਸ੍ਰੀ ਬਿਸਨ ਦਾਸ ਦੇ ਘਰ ਮਾਤਾ ਮਾਇਆ ਦੀ ਕੁੱਖੋਂ ਹੋਇਆ। ਉਸਦੀ ਵੱਡੀ ਭੈਣ ਪ੍ਰਕਾਸ ਕੌਰ ਉਸਤੋ ਪਹਿਲਾਂ ਗਾਇਕੀ ਦੇ ਖੇਤਰ ਵਿੱਚ ਆਈ। 12 ਸਾਲ ਦੀ ਉਮਰ ਵਿੱਚ ਹੀ ਉਸਨੇ ਪ੍ਰਕਾਸ ਕੌਰ ਦੇ ਨਾਲ ਹੀ ਮਾਸਟਰ ਇਨਾਇਤ ਹੁਸੈਨ ਅਤੇ ਪੰ: ਮਾਨੀ ਪ੍ਰਸਾਦਿ ਤੋਂ ਕਲਾਸਕੀ ਗਾਇਕੀ ਦੇ ਗੁਰ ਹਾਸਲ ਕੀਤੇ। ਅਗਸਤ 1943 ਵਿੱਚ ਉਸਨੇ ਰੇਡੀਓ ਲਾਹੌਰ ਤੋਂ ਪਹਿਲਾ ਗੀਤ ਪੇਸ਼ ਕੀਤਾ, ਜਿਸਨੂੰ ਚੰਗਾ ਹੁੰਗਾਰਾ ਮਿਲਿਆ। ਇਸੇ ਮਹੀਨੇ ਹੀ ਉਸਨੇ ਪ੍ਰਕਾਸ਼ ਕੌਰ ਨਾਲ ਅੰਮ੍ਰਿਤਸਰ ਵਿਖੇ ਇੱਕ ਅਕਾਲੀ ਕਾਨਫਰੰਸ ਵਿੱਚ ਗੀਤ ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ’ ਗਾਇਆ। ਇਸ ਗੀਤ ਨੂੰ ਮਿਲੇ ਹੁੰਗਾਰੇ ਤੋਂ ਉਸਨੇ ਆਪਣਾ ਜੀਵਨ ਪੰਜਾਬੀ ਸੱਭਿਆਚਾਰ ਤੇ ਗਾਇਕੀ ਨੂੰ ਸਮਰਪਿਤ ਕਰਨ ਦਾ ਮਨ ਬਣਾ ਲਿਆ।
ਸਾਲ 1947 ’ਚ ਉਹਨਾਂ ਦਾ ਪਰਿਵਾਰ ਲਾਹੌਰ ਛੱਡ ਕੇ ਉਹ ਗਾਜੀਆਬਾਦ ਆ ਵਸਿਆ। 1948 ਵਿੱਚ ਉਸਦੀ ਸ਼ਾਦੀ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਦੇ ਲੈਕਚਰਾਰ ਪ੍ਰੋ: ਜੋਗਿੰਦਰ ਸਿੰਘ ਸੋਢੀ, ਜਿਹਨਾਂ ਸੁਰਿੰਦਰ ਅੰਦਰਲੀ ਪ੍ਰਤਿਭਾ ਦੀ ਪਰਖ ਕਰਦਿਆਂ ਉਸਨੂੰ ਗਾਇਕੀ ਲਈ ਸਹਿਯੋਗ ਦੇਣਾ ਸੁਰੂ ਕਰ ਦਿੱਤਾ। ਇਸੇ ਸਾਲ ਉਹਨਾਂ ਹਿੰਦੀ ਫਿਲਮ ‘ਸ਼ਹੀਦ’ ਲਈ ਗੀਤ ‘ਬਦਨਾਮ ਨਾ ਹੋ ਜਾਏ ਮੁਹੱਬਤ ਦਾ ਅਫ਼ਸਾਨਾ’ ‘ਆਨਾ ਹੈ ਤੋ ਆ ਜਾਓ’ ‘ਹਮ ਕਹਾਂ ਔਰ ਤੁਮ ਕਹਾਂ’ ਗਾਏ। ਸੁਰਿੰਦਰ ਕੌਰ ਨੇ ਹਿੰਦੀ ਦੀਆਂ 22 ਫਿਲਮਾਂ ਲਈ ਗੀਤ ਗਾਏ। ਸੁਰਿੰਦਰ ਕੌਰ ਦੀ ਵਧੇਰੇ ਦਿਲਚਸਪੀ ਪੰਜਾਬੀ ਗਾਇਕੀ ਵੱਲ ਸੀ, 1952 ਵਿੱਚ ਵਾਪਸ ਦਿੱਲੀ ਆ ਕੇ ਉਸਨੇ ਪੰਜਾਬੀ ਗਾਇਕੀ ਵੱਲ ਰੁਝਾਨ ਵਧਾਇਆ। ਉਸ ਨੇ ਇੰਡੀਅਨ ਪੀਪਲਜ ਥੀਏਟਰ ਐਸੋਸੀਏਸ਼ਨ ਵਿੱਚ ਕੰਮ ਕਰਦਿਆਂ ਪੰਜਾਬ ਦੇ ਪੇਂਡੂ ਖੇਤਰ ਵਿੱਚ ਸਟੇਜਾਂ ਤੇ ਜਾ ਕੇ ਸਾਂਤੀ ਪਿਆਰ ਅਤੇ ਹੱਕਾਂ ਪ੍ਰਤੀ ਸੁਨੇਹਾ ਦਿੱਤਾ।
ਆਪਣੀ ਭੈਣ ਪ੍ਰਕਾਸ ਕੌਰ ਤੋਂ ਇਲਾਵਾ ਸੁਰਿੰਦਰ ਕੌਰ ਨੇ ਦੀਦਾਰ ਸੰਧੂ, ਹਰਚਰਨ ਗਰੇਵਾਲ ਨਾਲ ਵੀ ਸਟੇਜਾਂ ਸਾਂਝੀਆਂ ਕੀਤੀਆਂ, ਪਰ ਲੰਬਾ ਸਮਾਂ ਆਸਾ ਸਿੰਘ ਮਸਤਾਨਾ ਨਾਲ ਦੋਗਾਣੇ ਗਾ ਕੇ ਪੰਜਾਬੀ ਗਾਇਕੀ ਦੀ ਝੋਲੀ ਪਾਏ। ‘ਸਾਂਭ ਸਾਂਭ ਰੱਖੋ ਨੀ ਇਹ ਕਲਗੀ ਜੁਝਾਰ ਦੀ’ ‘ਇੱਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ’ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ’ ‘ਚੰਨ ਕਿੱਥਾਂ ਗੁਜ਼ਾਰੀ ਆ ਈ ਰਾਤ ਵੇ’ ‘ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਓਇ ਕਿ ਛੋਟਾ ਦੇਵਰਾ ਭਾਬੀ ਨਾਲ ਲੜਿਆ ਈ ਓਇ’ ‘ਲੱਠੇ ਦੀ ਚਾਦਰ ਉ¤ਤੇ ਸਲੇਟੀ ਰੰਗ ਮਾਹੀਆ’ ‘ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾਂ ਦਾ’ ਆਦਿ ਬੀਬੀ ਸੁਰਿੰਦਰ ਕੌਰ ਦੇ ਅਜਿਹੇ ਮਕਬੂਲ ਗੀਤ ਹਨ, ਜਿਹੜੇ ਪਹਿਲਾਂ ਵਾਂਗ ਅੱਜ ਵੀ ਓਨੇ ਹੀ ਪਿਆਰ ਨਾਲ ਸੁਣੇ ਜਾਂਦੇ ਹਨ। ਸੁਰਿੰਦਰ ਕੌਰ ਦੀ ਸੁਰੀਲੀ ਆਵਾਜ਼ ਦੀ ਕਦਰ ਕਰਦਿਆਂ ਸਰੋਤਿਆਂ ਨੇ ਉਸ ਨੂੰ ਪੰਜਾਬ ਦੀ ਕੋਇਲ ਦੀ ਉਪਾਧੀ ਨਾਲ ਨਿਵਾਜਿਆ ਹੈ।
ਸਾਲ 1984 ਵਿੱਚ ਉਹਨਾਂ ਨੂੰ ਸੰਗੀਤ ਨਾਟਕ ਅਕਾਦਮੀ ਵੱਲੋਂ ‘ਮਿਲੇਨੀਅਮ ਪੰਜਾਬੀ ਗਾਇਕ ਪੁਰਸਕਾਰ’ ਨਾਲ ਸਨਮਾਨਿਆ ਗਿਆ। 2002 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅਮ੍ਰਿਤਸਰ ਨੇ ਉਹਨਾਂ ਨੂੰ ਡਾਕਟਰੇਟ ਦੀ ਡਿਗਰੀ ਨਾਲ ਨਿਵਾਜਿਆ। ਚੰਡੀਗੜ੍ਹ ਦੇ ਨਜਦੀਕ ਜੀਰਕਪੁਰ ਵਿਖੇ ਮਕਾਨ ਬਣਾਉਣ ਦੀ ਇੱਛਾ ਕਾਰਨ ਸਾਲ 2004 ਵਿੱਚ ਉਹ ਦਿੱਲੀ ਨੂੰ ਛੱਡ ਕੇ ਪੰਚਕੂਲਾ ਰਹਿਣ ਲੱਗ ਪਈ, ਇਹ ਇੱਛਾ ਅਜੇ ਮਨ ਵਿੱਚ ਹੀ ਸੀ ਕਿ 22 ਦਸੰਬਰ 2005 ਨੂੰ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸਨੇ ਕਾਫ਼ੀ ਜਿਸਮਾਨੀ ਨੁਕਸਾਨ ਪਹੁੰਚਾਇਆ। ਪੰਜਾਬੀ ਸੱਭਿਆਚਾਰ ਨੂੰ ਦਿੱਤੀ ਵੱਡੀ ਦੇਣ ਤੇ ਲੋਕਾਂ ਵੱਲੋਂ ਮਿਲੇ ਪਿਆਰ ਦੇ ਹੁੰਗਾਰੇ ਨੂੰ ਵੇਖਦਿਆਂ ਅਤੇ ਗਾਇਕੀ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਨੂੰ ਮੁੱਖ ਰਖਦਿਆਂ ਸਾਲ 2006 ਵਿੱਚ ਭਾਰਤ ਸਰਕਾਰ ਵੱਲੋਂ ਬੀਬੀ ਸੁਰਿੰਦਰ ਕੌਰ ਨੂੰ ‘ਪ੍ਰਦਮ ਸ੍ਰੀ’ ਇਨਾਮ ਨਾਲ ਸਨਮਾਨਣ ਦਾ ਫੈਸਲਾ ਹੋਇਆ ਅਤੇ ਮਾਰਚ 2006 ਵਿੱਚ ਉਸ ਵੇਲੇ ਦੇ ਰਾਸਟਰਪਤੀ ਡਾ: ਏ ਪੀ ਜੇ ਅਬਦੁਲ ਕਲਾਮ ਵੱਲੋਂ ਉਹਨਾਂ ਨੂੰ ਇਹ ਐਵਾਰਡ ਦੇ ਕੇ ਪੰਜਾਬੀ ਗਾਇਕੀ ਤੇ ਪੰਜਾਬੀ ਸੱਭਿਆਚਾਰ ਦਾ ਵੀ ਮਾਣ ਵਧਾਇਆ ਗਿਆ।
ਇਸ ਉਪਰੰਤ ਸੁਰਿੰਦਰ ਕੌਰ ਦੀ ਸਿਹਤ ਜਿਆਦਾ ਕਮਜੋਰ ਹੋ ਗਈ ਉਸਨੂੰ ਇਲਾਜ ਲਈ ਅਮਰੀਕਾ ਦੇ ਸ਼ਹਿਰ ਨਿਊਜਰਸੀ ਦੇ ਇੱਕ ਵੱਡੇ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ 14 ਜੂਨ 2006 ਨੂੰ ਉਹ ਪੰਜਾਬੀ ਗਾਇਕੀ ਅਤੇ ਸਰੋਤਿਆਂ ਨੂੰ ਸਦਾ ਲਈ ਵਿਛੋੜਾ ਦੇ ਗਈ। ਸੁਰਿੰਦਰ ਕੌਰ ਨੇ ਆਪਣੀ ਇਸ ਗਾਇਕੀ ਨੂੰ ਵਪਾਰਕ ਨਹੀਂ ਬਣਾਇਆ ਸੀ। ਸੁਰਿੰਦਰ ਕੌਰ ਨੂੰ ਯਾਦ ਕਰਦਿਆਂ ਜੇਕਰ ਅੱਜ ਦੇ ਕਲਾਕਾਰ ਇਹ ਪ੍ਰਣ ਕਰ ਲੈਣ ਕਿ ਉੁਹ ਵੀ ਗਾਇਕੀ ਨੂੰ ਵਪਾਰ ਜਾਂ ਡਾਲਰ ਇਕੱਠੇ ਕਰਨ ਵਾਲੇ ਧੰਦੇ ਦੀ ਥਾਂ ਸੱਭਿਆਚਾਰ ਲਈ ਫ਼ਰਜ ਸਮਝਣਗੇ ਅਤੇ ਲੱਚਰਤਾ ਤੋਂ ਦੂਰ ਰਹਿ ਕੇ ਪੰਜਾਬੀ ਦੀ ਸੇਵਾ ਕਰਨਗੇ ਤਾਂ ਉਸ ਮਹਾਨ ਗਾਇਕਾ ਦੀ ਰੂਹ ਨੂੰ ਸਾਂਤੀ ਮਿਲੇਗੀ।
source https://punjabinewsonline.com/2021/06/14/%e0%a8%b8%e0%a8%9f%e0%a9%87%e0%a8%9c%e0%a9%80-%e0%a8%97%e0%a8%be%e0%a8%87%e0%a8%95%e0%a9%80-%e0%a8%a6%e0%a9%80-%e0%a8%b8%e0%a8%b9%e0%a8%bf%e0%a9%9b%e0%a8%be%e0%a8%a6%e0%a9%80-%e0%a8%b8%e0%a9%80/