ਮਹਿਲਾ ਕਰਮਚਾਰੀ ਨੂੰ ਚੁੰਮਣ ਕਰਕੇ ਸਿਹਤ ਮੰਤਰੀ ਦੀ ਗਈ ਕੁਰਸੀ

ਇੰਗਲੈਂਡ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਦੇ ਦੋਸ਼ਾਂ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਲਿਖੀ ਚਿੱਠੀ ਵਿੱਚ ਅਸਤੀਫਾ ਦੇ ਦਿੱਤਾ ਹੈ। ਬੀਤੇ ਦਿਨੀਂ ਉਨ੍ਹਾਂ ਦੀ ਇੱਕ ਦਫਤਰ ਦੇ ਸਹਿ-ਕਰਮਚਾਰੀ ਨੂੰ ਚੁੰਮਣ ਦੀ ਇੱਕ ਤਸਵੀਰ ਸਾਹਮਣੇ ਆਈ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਉੱਤੇ ਕੋਵਿਡ-19 ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਬਾਰੇ ਉਨ੍ਹਾਂ ਦੇ ਆਪਣੇ ਦਫ਼ਤਰ ਦੇ ਕਰਮਚਾਰੀਆਂ ਤੇ ਲੋਕਾਂ ਵਿੱਚ ਨਾਰਾਜ਼ਗੀ ਸੀ। ਹੈਨਕੌਕ ਨੇ ਨਿਯਮਾਂ ਦੀ ਉਲੰਘਣਾ ਲਈ ਮੁਆਫੀ ਵੀ ਮੰਗੀ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਸਾਜਿਦ ਜਾਵੇਦ ਨੂੰ ਸਿਹਤ ਮੰਤਰੀ ਨਿਯੁਕਤ ਕੀਤਾ ਗਿਆ ਹੈ। ਹੈਨਕੌਕ ਨੇ ਜੌਨਸਨ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ, “ਅਸੀਂ ਇਸ ਮਹਾਂਮਾਰੀ ਵਿੱਚ ਲੋਕਾਂ ਦੀਆਂ ਕੁਰਬਾਨੀਆਂ ਦੇ ਰਿਣੀ ਹਾਂ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਪ੍ਰਤੀ ਈਮਾਨਦਾਰ ਰਹਿਣਾ ਸਾਡੀ ਜ਼ਿੰਮੇਵਾਰੀ ਹੈ। ਮੈਂ ਨਿਯਮਾਂ ਦੀ ਉਲੰਘਣਾ ਕਰਕੇ ਉਨ੍ਹਾਂ ਨੂੰ ਨਿਰਾਸ਼ ਕੀਤਾ ਹੈ।” ਉੱਧਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਉਹ ਹੈਨਕੌਕ ਦੇ ਅਸਤੀਫ਼ੇ ਤੋਂ ਦੁਖੀ ਹਨ ਤੇ ਉਨ੍ਹਾਂ ਨੂੰ ਆਪਣੀ ਸੇਵਾ’ ਤੇ “ਬਹੁਤ ਮਾਣ” ਹੋਣਾ ਚਾਹੀਦਾ ਹੈ। ਇੰਗਲੈਂਡ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਮਾਜਿਕ ਦੂਰੀਆਂ ਦੇ ਨਿਯਮਾਂ ਨੂੰ ਤੋੜਨ ਦੀ ਗੱਲ ਮੰਨਣ ਤੋਂ ਬਾਅਦ ਹੈਨਕਾਕ ਦੇ ਸਮਰਥਨ ਵਿਚ ਖੜ੍ਹੇ ਹੋਏ ਸਨ, ਪਰ ਹੈਂਕੌਕ ਨੂੰ ਅਹੁਦੇ ਤੋਂ ਹਟਾਉਣ ਦਾ ਉਨ੍ਹਾਂ ਉੱਤੇ ਦਬਾਅ ਵੀ ਸੀ। ਵਿਰੋਧੀ ਪਾਰਟੀਆਂ ਨੇ ਸਰਕਾਰ ਉੱਤੇ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਸੀ। ਪਾਰਟੀਆਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਉੱਤੇ ਇੰਝ ਹੀ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਾਇਆ ਗਿਆ ਸੀ। ਉਸੇ ਸਮੇਂ, ਹੈਨਕੌਕ ਨੇ ਦੁਬਾਰਾ ਨਿਯਮਾਂ ਦੀ ਉਲੰਘਣਾ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਉਹ ਪਰਿਵਾਰ ਤੇ ਅਜ਼ੀਜ਼ਾਂ ਨੂੰ ਅਜਿਹੀ ਸਥਿਤੀ ਵਿੱਚ ਪਾਉਣ ਲਈ ਮੁਆਫੀ ਮੰਗਦੇ ਹਨ ਤੇ ਉਹ ਨਿਯਮਾਂ ਦੀ ਉਲੰਘਣਾ ਕਰਕੇ ਲੋਕਾਂ ਨੂੰ ਨਿਰਾਸ਼ ਕਰਨ ‘ਤੇ ਅਫਸੋਸ ਪ੍ਰਗਟਾਉਂਦੇ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ‘ਸਨ’ ਅਖਬਾਰ ਨੇ ਹੈਨਕੌਕ ਤੇ ਇੱਕ ਸੀਨੀਅਰ ਸਹਿਯੋਗੀ ਦੀ ਸਿਹਤ ਵਿਭਾਗ ਦੇ ਦਫਤਰ ਵਿਚ ਜੱਫੀ ਪਾਉਣ ਦੀਆਂ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਲਾਕਡਾਊਨ ਦੇ ਨਿਯਮਾਂ ਵਿੱਚ ਢਿੱਲ ਦੇਣ ਤੋਂ 11 ਦਿਨ ਪਹਿਲਾਂ ਸੀਸੀਟੀਵੀ ਤਸਵੀਰਾਂ 6 ਮਈ ਨੂੰ ਲਈਆਂ ਗਈਆਂ ਸਨ। ਇਸ ਤੋਂ ਬਾਅਦ ਹੈਨਕੌਕ ਨੇ ਨਿਯਮਾਂ ਦੀ ਉਲੰਘਣਾ ਨੂੰ ਪ੍ਰਵਾਨ ਕਰ ਲਿਆ ਸੀ।



source https://punjabinewsonline.com/2021/06/27/%e0%a8%ae%e0%a8%b9%e0%a8%bf%e0%a8%b2%e0%a8%be-%e0%a8%95%e0%a8%b0%e0%a8%ae%e0%a8%9a%e0%a8%be%e0%a8%b0%e0%a9%80-%e0%a8%a8%e0%a9%82%e0%a9%b0-%e0%a8%9a%e0%a9%81%e0%a9%b0%e0%a8%ae%e0%a8%a3-%e0%a8%95/
Previous Post Next Post

Contact Form