ਬਠਿੰਡਾ, 6 ਮਈ, ਬਲਵਿੰਦਰ ਸਿੰਘ ਭੁੱਲਰ
ਕਿਸਾਨਾਂ ਵੱਲੋਂ ਕਣਕ ਦੀ ਸਾਂਭ ਸੰਭਾਲ ਕਰਨ ਉਪਰੰਤ ਹੁਣ ਦਿੱਲੀ ਦੀਆਂ ਬਰੂਹਾਂ ਤੇ ਡਟੇ ਬੈਠੇ ਸੰਘਰਸਸ਼ੀਲ ਕਿਸਾਨਾਂਕੋਲ ਅਗਲੀ ਛਿਮਾਹੀ ਦਾ ਰਾਸ਼ਨ ਪਹੁੰਚਣਾ ਸੁਰੂ ਹੋ ਗਿਆ ਹੈ, ਕਿਉਂਕਿ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਵਿੱਢਿਆ ਸੰਘਰਸ਼ ਹੁਣ ਆਰ ਪਾਰ ਦੀ ਲੜਾਈ ਬਣ ਗਈ ਹੈ। ਇਹ ਇੰਕਸਾਫ਼ ਟਿਕਰੀ ਬਾਰਡਰ ਤੇ ਗਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਸ੍ਰ: ਜੋਗਿੰਦਰ ਸਿੰਘ ਉਗਰਾਹਾਂ ਨੇ ਕੀਤਾ।
ਸ੍ਰੀ ਉਗਰਾਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਪੂਰੇ ਹੌਂਸਲੇ ਵਿੱਚ ਹਨ ਅਤੇ ਦਿਲ ਖੋਹਲ ਕੇ ਸੰਘਰਸ ਲਈ ਫੰਡ ਭੇਜ ਰਹੇ ਹਨ। ਹੁਣ ਹਜ਼ਾਰਾਂ ਨਹੀ ਲੱਖਾਂ ਵਿੱਚ ਫੰਡ ਇਕੱਠਾ ਹੋ ਰਿਹਾ ਹੈ। ਕਿਸਾਨ ਵੱਡੀ ਮਾਤਰਾ ਵਿੱਚ ਫੰਡ ਦੇ ਕੇ ਰਸੀਦਾਂ ਵੱਟਸਅੱਪ ਰਾਹੀਂ ਪਰਤੱਖ ਕਰ ਰਹੇ ਹਨ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਦਿੱਲੀ ਜਾਣ ਬਾਰੇ ਤਿਆਰੀਆਂ ਚੱਲ ਰਹੀਆਂ ਹਨ ਅਤੇ ਕੁੱਝ ਹੀ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਦੇ ਕਿਸਾਨ, ਮਜਦੂਰ ਤੇ ਛੋਟੇ ਵਪਾਰੀ ਦਿੱਲੀ ਵੱਲ ਵਹੀਰਾਂ ਘੱਤਣਗੇ। ਸੂਬਾ ਪ੍ਰਧਾਨ ਨੇ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖੀ ਦਾ ਜਿਕਰ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੇਵਲ ਕੋਰੋਨਾ ਦਾ ਰੌਲਾ ਪਾਇਆ ਜਾ ਰਿਹਾ ਹੈ। ਇਸਤੋਂ ਬਚਾ ਲਈ ਨਾ ਕਿਸੇ ਦਵਾਈ, ਨਾ ਸਹੂਲਤ ਅਤੇ ਨਾ ਕਿਸੇ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਹੈ।
ਨੌਜਵਾਨ ਕਿਸਾਨ ਆਗੂ ਦੀਨਾ ਸਿੰਘ ਸਿਵੀਆਂ ਨੇ ਕਿਹਾ ਕਿ ਕਿਸਾਨਾਂ ਮਜਦੂਰਾਂ ਤੇ ਛੋਟੇ ਕਾਰੋਬਾਰੀਆਂ ਦਾ ਰੁਜਗਾਰ ਖਤਮ ਹੋ ਰਿਹਾ ਹੈ, ਜਦ ਕਿ ਮੁਕੇਸ ਅੰਬਾਨੀ ਦੀ ਕਮਾਈ ਵਧ ਕੇ ਨੱਬੇ ਕਰੋੜ ਰੁਪਏ ਪ੍ਰਤੀ ਘੰਟਾ ਹੋ ਗਈ ਹੈ। ਅੰਬਾਨੀਆਂ ਦੀ ਕਮਾਈ ਦਾ ਇਹ ਵਾਧਾ ਕੇਂਦਰ ਸਰਕਾਰ ਦੀ ਮਿਲੀਭੁਗਤ ਸਦਕਾ ਆਮ ਲੋਕਾਂ ਦਾ ਖੂਨ ਚੂਸਣ ਸਦਕਾ ਹੀ ਹੋਇਆ ਹੈ। ਲੁਧਿਆਣਾ ਜਿਲੇ ਦੇ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ ਨੇ ਕਿਹਾ ਕਿ ਪਿਛਲੇ ਦਿਨੀਂ ਹੋਈਆਂ ਚੋਣਾਂ ਦੇ ਨਤੀਜੇ ਸਪਸ਼ਟ ਕਰਦੇ ਹਨ ਕਿ ਭਾਜਪਾ ਪਤਨ ਵੱਲ ਜਾ ਰਹੀ ਹੈ, ਇਸ ਘੋਲ ’ਚ ਕਿਸਾਨਾਂ ਦੀਆਂ ਹੋਈਆਂ ਸਹਾਦਤਾਂ ਅਜ਼ਾਈ ਨਹੀਂ ਜਾਣਗੀਆਂ। ਬਠਿੰਡਾ ਦੇ ਰਾਜਵਿੰਦਰ ਸਿੰਘ ਰਾਜੂ ਨੇ ਕਿਹਾ ਕਿ ਮੋਦੀ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਕਿਹਾ ਕਿ ਅੱਛੇ ਦਿਨ ਆਉਣਗੇ, ਪਰ ਅੱਛੇ ਦੀ ਬਜਾਏ ਦਿੱਲੀ ਦੀਆਂ ਤਪਦੀਆਂ ਹੱਦਾਂ ਤੇ ਮੱਖੀਆਂ ਮੱਛਰਾਂ ਤੋਂ ਖੂਨ ਚੁਸਾਉਣ ਦਾ ਦਿਨ ਜਰੂਰ ਆ ਗਏ ਹਨ। ਸਟੇਜ ਤੋਂ ਹਰਬੰਸ ਸਿੰਘ, ਬਹਾਦਰ ਸਿੰਘ, ਕੁਲਦੀਪ ਸਿੰਘ, ਗੁਰਦੇਵ ਸਿੰਘ ਨੇ ਵੀ ਸੰਬੋਧਨ ਕੀਤਾ।
source https://punjabinewsonline.com/2021/05/07/%e0%a8%a6%e0%a8%bf%e0%a9%b1%e0%a8%b2%e0%a9%80-%e0%a8%ac%e0%a9%88%e0%a8%a0%e0%a9%87-%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%95%e0%a9%8b%e0%a8%b2-%e0%a8%85%e0%a8%97/