PM Modi on party foundation day: ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਇਹ ਭਾਜਪਾ ਦੇ ਸਥਾਪਨਾ ਦਿਵਸ ਦੇ ਮੌਕੇ ‘ਤੇ ਪਾਰਟੀ ਵਰਕਰਾਂ ਨੂੰ ਸੰਬੋਧਿਤ ਕੀਤਾ ਤੇ ਆਪਣੀ ਸਰਕਾਰ ਦੇ ਕੰਮਾਂ ਦਾ ਜ਼ਿਕਰ ਕੀਤਾ। ਪੀਐੱਮ ਮੋਦੀ ਨੇ ਕਿਹਾ ਕਿ ਮਹਾਂਮਾਰੀ ਦੇ ਸੰਕਟ ਕਾਲ ਵਿੱਚ ਸਾਡੀ ਸਰਕਾਰ ਨੇ ਨਵੇਂ ਭਾਰਤ ਦੇ ਵਿਕਾਸ ਦਾ ਖ਼ਾਕਾ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਚੋਣਾਂ ਜਿੱਤਣ ਦੀ ਮਸ਼ੀਨ ਨਹੀਂ ਸਗੋਂ ਦੇਸ਼ ਵਾਸੀਆਂ ਦਾ ਦਿਲ ਜਿੱਤਣ ਵਾਲੀ ਮੁਹਿੰਮ ਹੈ ਅਤੇ ਭਾਜਪਾ ਦੀਆਂ ਸਰਕਾਰਾਂ ਦਾ ਮਤਲਬ ਰਾਸ਼ਟਰ ਨਿਰਮਾਣ, ਸਹੀ ਨੀਤੀ, ਸਾਫ਼ ਨੀਅਤ ਅਤੇ ਸਟੀਕ ਫ਼ੈਸਲਾ ਹੈ । ਭਾਜਪਾ ਦੇ ਸਥਾਪਨਾ ਦਿਵਸ ਮੌਕੇ ਪਾਰਟੀ ਵਰਕਰਾਂ ਨੂੰ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਭਾਜਪਾ ਦਾ ਮਤਲਬ ਪਰਿਵਾਰਵਾਦ ਦੀ ਰਾਜਨੀਤੀ ਤੋਂ ਮੁਕਤੀ ਅਤੇ ਸੁਸ਼ਾਸਨ ਹੈ।

ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਕਲਿਆਣਕਾਰੀ ਯੋਜਨਾਵਾਂ ਦਾ ਵਿਸਥਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਦੇ ਪ੍ਰਦਰਸ਼ਨ ਦਾ ਮਾਪਦੰਡ ਉਸ ਦੇ ਐਲਾਨਾਂ ਦਾ ਹੁੰਦਾ ਸੀ, ਪਰ ਪਿਛਲੇ ਕੁਝ ਸਾਲਾਂ ਵਿੱਚ ਇਹ ਧਾਰਨਾ ਬਦਲੀ ਹੈ ਅਤੇ ਹੁਣ ਸਰਕਾਰਾਂ ਦਾ ਮੁਲਾਂਕਣ ਕੇਂਦਰ ਦੀਆਂ ਯੋਜਨਾਵਾਂ ਦਾ ਜ਼ਮੀਨ ਤੱਕ ਪਹੁੰਚਣ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਆਖ਼ਰੀ ਨੰਬਰ ‘ਤੇ ਖੜ੍ਹੇ ਇਨਸਾਨ ਤੱਕ ਸਰਕਾਰ ਦੀਆਂ ਯੋਜਨਾਵਾਂ ਨੂੰ ਪਹੁੰਚਾਉਣਾ ਅਤੇ ਹੱਕਦਾਰ ਤੱਕ ਉਸ ਦਾ ਹੱਕ ਪਹੁੰਚਾਉਣਾ ਸਾਡੀ ਸਰਕਾਰ ਦੀ ਵਿਸ਼ੇਸ਼ਤਾ ਰਹੀ ਹੈ। ਇਹ ਭਾਜਪਾ ਸਰਕਾਰਾਂ ਦੇ ਕੰਮਕਾਜ ਦਾ ਮੂਲ ਮੰਤਰ ਰਿਹਾ ਹੈ । ਪੀਐੱਮ ਮੋਦੀ ਨੇ ਕਿਹਾ ਕਿ ਇਸ ਦੇ ਬਾਵਜੂਦ ਭਾਜਪਾ ਜਦੋਂ ਚੋਣਾਂ ਜਿੱਤਦੀ ਹੈ ਤਾਂ ਉਸ ਨੂੰ ਚੋਣ ਜਿੱਤਣ ਦੀ ਮਸ਼ੀਨ ਕਿਹਾ ਜਾਂਦਾ ਹੈ, ਜਦੋਂ ਕਿ ਦੂਜੇ ਜਿੱਤਦੇ ਹਨ ਤਾਂ ਪਾਰਟੀ ਅਤੇ ਉਨ੍ਹਾਂ ਦੇ ਨੇਤਾਵਾਂ ਦੀ ਵਾਹਵਾਹੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਇਸ ਤਰ੍ਹਾਂ ਦੇ 2 ਮਾਪਦੰਡ ਅਸੀਂ ਦੇਖ ਰਹੇ ਹਾਂ। ਜੋ ਲੋਕ ਕਹਿੰਦੇ ਹਨ ਕਿ ਭਾਜਪਾ ਚੋਣਾਂ ਜਿੱਤਣ ਦੀ ਮਸ਼ੀਨ ਹੈ, ਉਹ ਇਕ ਤਰ੍ਹਾਂ ਨਾਲ ਭਾਰਤ ਦੇ ਲੋਕਤੰਤਰ ਦੀ ਪਰਿਪੱਕਤਾ, ਭਾਰਤ ਦੇ ਨਾਗਰਿਕਾਂ ਦੀ ਸਮਝਦਾਰੀ ਦਾ ਆਕਲਨ ਹੀ ਨਹੀਂ ਕਰ ਪਾਉਂਦੇ ਹਨ।

ਉਨ੍ਹਾਂ ਕਿਹਾ ਕਿ ਇਹ ਇੱਕ ਸੱਚਾਈ ਹੈ ਕਿ ਭਾਜਪਾ ਚੋਣਾਂ ਜਿੱਤਣ ਦੀ ਮਸ਼ੀਨ ਨਹੀਂ, ਦੇਸ਼ ਅਤੇ ਦੇਸ਼ਵਾਸੀਆਂ ਦਾ ਦਿਲ ਜਿੱਤਣ ਵਾਲੀ ਮੁਹਿੰਮ ਹੈ । ਅਸੀਂ 5 ਸਾਲਾਂ ਤੱਕ ਈਮਾਨਦਾਰੀ ਨਾਲ ਜਨਤਾ ਦੀ ਸੇਵਾ ਕਰਦੇ ਆ ਰਹੇ ਹਾਂ । ਹਰ ਸਥਿਤੀ ਵਿੱਚ ਅਸੀਂ ਜਨਤਾ ਨਾਲ ਜੁੜੇ ਰਹਿੰਦੇ ਹਾਂ । ਪੀਐੱਮ ਨੇ ਕਿਹਾ ਕਿ ਭਾਜਪਾ ਦੀਆਂ ਸਰਕਾਰਾਂ ਦਾ ਮਤਲਬ ਰਾਸ਼ਟਰ ਨਿਰਮਾਣ ਲਈ ਸਹੀ ਨੀਤੀ, ਸਾਫ਼ ਨੀਅਤ ਤੇ ਸਹੀ ਫੈਸਲਾ ਹੈ। ਉਨ੍ਹਾਂ ਕਿਹਾ ਭਾਜਪਾ ਦੀ ਸਰਕਾਰ ਦਾ ਮਤਲਬ ਹੈ ਰਾਸ਼ਟਰ ਪਹਿਲਾਂ । ਦੇਸ਼ਹਿੱਤ ਨਾਲ ਸਮਝੌਤਾ ਨਹੀਂ ਸਗੋਂ ਦੇਸ਼ ਦੀ ਸੁਰੱਖਿਆ ਸਭ ਤੋਂ ਉੱਪਰ । ਭਾਜਪਾ ਦਾ ਮਤਲਬ ਹੈ ਵੰਸ਼ਵਾਦ, ਪਰਿਵਾਰਵਾਦ ਦੀ ਰਾਜਨੀਤੀ ਤੋਂ ਮੁਕਤੀ, ਭਾਜਪਾ ਦਾ ਮਤਲਬ ਹੈ ਯੋਗਤਾ ਨੂੰ ਮੌਕਾ, ਪਾਰਦਰਸ਼ਤਾ ਅਤੇ ਸੁਸ਼ਾਸਨ ।
The post ਪਾਰਟੀ ਦੇ ਸਥਾਪਨਾ ਦਿਵਸ ਮੌਕੇ ਬੋਲੇ PM ਮੋਦੀ, ਕਿਹਾ- BJP ਚੋਣਾਂ ਜਿੱਤਣ ਵਾਲੀ ਮਸ਼ੀਨ ਨਹੀਂ ਸਗੋਂ ਦਿਲ ਜਿੱਤਣ ਵਾਲੀ ਮੁਹਿੰਮ ਹੈ appeared first on Daily Post Punjabi.