Corona Destroyed Brazil: ਅਮਰੀਕਾ ਤੋਂ ਬਾਅਦ ਦੁਨੀਆ ਦੇ ਸਭ ਤੋਂ ਸੰਕ੍ਰਮਿਤ ਦੇਸ਼ ਬ੍ਰਾਜ਼ੀਲ ਵਿੱਚ ਸਥਿਤੀ ਬੇਕਾਬੂ ਹੋ ਰਹੀ ਹੈ। ਇੱਥੇ ਹੁਣ ਤੱਕ 1.24 ਕਰੋੜ ਨਵੇਂ ਮਾਮਲੇ ਮਿਲ ਚੁੱਕੇ ਹਨ, ਜਦਕਿ ਹੁਣ ਤੱਕ 3.10 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ । ਬ੍ਰਾਜ਼ੀਲ ਵਿੱਚ ਹੁਣ ਦੁਨੀਆ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਹਨ, ਮੌਤਾਂ ਵੀ ਸਭ ਤੋਂ ਵੱਧ ਇੱਥੇ ਹੀ ਹੋ ਰਹੀਆਂ ਹਨ। ਅਜਿਹੇ ਵਿੱਚ ਕਈ ਹਸਪਤਾਲਾਂ ਵਿੱਚ ਨਵਾਂ ਸੰਕਟ ਪੈਦਾ ਹੋ ਗਿਆ ਹੈ।
ਦਰਅਸਲ, ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜ਼ੀਲੀਆ ਸਣੇ 26 ਵਿੱਚੋਂ 16 ਸੂਬਿਆਂ ਅਜਿਹੇ ਹਨ, ਜਿੱਥੇ ICU ਬੈੱਡ ਘੱਟ ਪੈਣ ਲੱਗੇ ਹਨ । 90 ਫੀਸਦੀ ਤੱਕ ਬੈੱਡ ਭਰੇ ਹੋਏ ਹਨ । ਰਿਓ ਗ੍ਰਾਂਡ ਡੋ ਸੁਲ ਸੂਬੇ ਵਿੱਚ ICU ਕੇਅਰ ਯੂਨਿਟ ਵਿੱਚ ਵੇਟਿੰਗ 2 ਹਫਤਿਆਂ ਵਿੱਚ ਦੁੱਗਣੀ ਹੋ ਗਈ ਹੈ। ਰੇਸਟਿੰਗਾ ਹਸਪਤਾਲ ਵਿੱਚ ਐਮਰਜੈਂਸੀ ਰੂਮ ਕੋਵਿਡ ਵਾਰਡ ਬਣ ਚੁੱਕਿਆ ਹੈ। ਕਈ ਮਰੀਜ਼ ਬੈੱਡ ਦੀ ਕਮੀ ਕਾਰਨ ਕੁਰਸੀ ‘ਤੇ ਬੈਠ ਕੇ ਇਲਾਜ ਕਰਵਾ ਰਹੇ ਹਨ।
ਇਸ ਬਾਰੇ ਹਸਪਤਾਲ ਦੇ ਡਾਇਰੈਕਟਰ ਪਾਓਲੋ ਦਾ ਕਹਿਣਾ ਹੈ ਕਿ ਲੋਕ ਵੱਧ ਗੰਭੀਰ ਲੱਛਣ ਅਤੇ ਘੱਟ ਆਕਸੀਜਨ ਪੱਧਰ ਦੇ ਨਾਲ ਆ ਰਹੇ ਹਨ । ਦੱਖਣੀ ਬ੍ਰਾਜ਼ੀਲ ਦੇ ਸਭ ਤੋਂ ਸਮਰੱਥ ਸ਼ਹਿਰ ਪੋਰਟੋ ਏਲੇਰਗੀ ਦੇ ਹਸਪਤਾਲਾਂ ਵਿੱਚ ਪਹਿਲਾਂ ਤੋਂ ਵੱਧ ਨੌਜਵਾਨ ਅਤੇ ਵੱਧ ਬੀਮਾਰ ਕੋਰੋਨਾ ਮਰੀਜ਼ ਆ ਰਹੇ ਹਨ । ਕਬਰਿਸਤਾਨ ਵਿੱਚ ਲਾਸ਼ਾਂ ਦੀਆਂ ਕਤਾਰਾਂ ਲੱਗ ਰਹੀਆਂ ਹਨ । ਇੱਥੇ ਹਰ ਘੰਟੇ 125 ਲੋਕਾਂ ਦੀ ਮੌਤ ਹੋ ਰਹੀ ਹੈ। ਬ੍ਰਾਜ਼ੀਲ ਦੇ ਰੇਸਟਿੰਗਾ ਹਸਪਤਾਲ ਵਿੱਚ ਬੈੱਡ ਭਰ ਚੁੱਕੇ ਹਨ। ਵਾਰਡ ਦੇ ਬਾਹਰ ਕੁਰਸੀ ‘ਤੇ ਬੈਠ ਕੇ ਡਾਕਟਰਾਂ ਨੂੰ ਮਰੀਜ਼ਾਂ ਦਾ ਇਲਾਜ ਕਰਨਾ ਪੈ ਰਿਹਾ ਹੈ।

ਦੱਸ ਦੇਈਏ ਕਿ ਦੇਸ਼ ਦੀ ਕਰੀਬ ਅੱਧੀ ਆਬਾਦੀ ਨੂੰ ਕੋਰੋਨਾ ਖਿਲਾਫ ਟੀਕੇ ਦੀ ਇੱਕ ਡੋਜ਼ ਲਗਾ ਚੁੱਕੇ ਲੈਟਿਨ ਅਮਰੀਕੀ ਦੇਸ਼ ਚਿਲੀ ਨੇ ਸ਼ਨੀਵਾਰ ਨੂੰ ਲਾਕਡਾਊਨ ਲਗਾ ਦਿੱਤਾ ਹੈ। ਚਿਲੀ ਦੁਨੀਆ ਵਿੱਚ ਇਜ਼ਰਾਇਲ, ਸੇਸ਼ਲਸ ਅਤੇ UAE ਤੋਂ ਬਾਅਦ ਚੌਥਾ ਅਜਿਹਾ ਦੇਸ਼ ਹੈ ਜਿਸ ਨੇ ਪ੍ਰਤੀ 100 ਲੋਕਾਂ ਵਿੱਚ ਸਭ ਤੋਂ ਵੱਧ 51 ਲੋਕਾਂ ਨੂੰ ਟੀਕੇ ਲਗਾਏ ਹਨ। ਹਾਲਾਂਕਿ ਨਵੇਂ ਮਾਮਲੇ ਵੱਧਣ ਨਾਲ ਇੱਥੇ ਸਰਕਾਰ ਨੂੰ ਲਾਕਡਾਊਨ ਲਾਉਣ ‘ਤੇ ਮਜ਼ਬੂਰ ਹੋਣਾ ਪਿਆ । ਇੱਥੇ ਸ਼ੁੱਕਰਵਾਰ 7600 ਨਵੇਂ ਮਾਮਲੇ ਦਰਜ ਕੀਤੇ ਗਏ ਸਨ ਜੋ ਕੋਰੋਨਾ ਕਾਲ ਦੇ ਸਭ ਤੋਂ ਵੱਧ ਮਾਮਲੇ ਹਨ।
The post ਬ੍ਰਾਜ਼ੀਲ ‘ਚ ਬੇਕਾਬੂ ਹੋਇਆ ਕੋਰੋਨਾ: ICU ਬੈੱਡ ਪਏ ਘੱਟ, ਕੁਰਸੀਆਂ ‘ਤੇ ਬੈਠ ਕੇ ਇਲਾਜ ਕਰਾ ਰਹੇ ਮਰੀਜ਼ appeared first on Daily Post Punjabi.
source https://dailypost.in/news/international/corona-destroyed-brazil/