Rahul Gandhi advises Centre: ਦੇਸ਼ ਦੀ ਰਾਜਧਾਨੀ ਵਿੱਚ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਦੋ ਮਹੀਨਿਆਂ ਤੋਂ ਕਿਸਾਨ ਅੰਦੋਲਨ ਜਾਰੀ ਹੈ। ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਕਿਸਾਨ ਟਰੈਕਟਰ ਰੈਲੀ ਵਿੱਚ ਹੋਈ ਹਿੰਸਾ ਤੋਂ ਬਾਅਦ ਸਖਤੀ ਵੱਧ ਗਈ ਹੈ । ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜੀਪੁਰ ਬਾਰਡਰਾਂ ‘ਤੇ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।

ਇੱਥੇ ਕੰਡਿਆਲੀਆਂ ਤਾਰਾਂ ਨਾਲ ਕੰਕਰੀਟ ਤੋਂ ਕੰਧਾਂ ਬਣਾਈਆਂ ਗਈਆਂ, ਨੁਕੀਲੇ ਸਰੀਏ ਜਮੀਨ ਵਿੱਚ ਗੱਡ ਦਿੱਤੇ ਗਏ ਤਾਂ ਜੋ ਕਿਸਾਨ ਅਤੇ ਉਨ੍ਹਾਂ ਦੇ ਟਰੈਕਟਰ ਦਿੱਲੀ ਵਿੱਚ ਦਾਖਲ ਨਾ ਹੋ ਸਕਣ। ਇਸ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਟਵੀਟ ਕਰਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ।
ਦਰਅਸਲ, ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ, “ਭਾਰਤ ਸਰਕਾਰ, ਤੁਸੀ ਪੁਲ ਬਣਾਓ ਕੰਧਾਂ ਨਹੀਂ ।”
ਰਾਹੁਲ ਗਾਂਧੀ ਦੇ ਟਵੀਟ ਤੋਂ ਥੋੜ੍ਹੀ ਦੇਰ ਬਾਅਦ ਹੀ ਪ੍ਰਿਯੰਕਾ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ । ਪ੍ਰਿਅੰਕਾ ਗਾਂਧੀ ਨੇ ਕਿਸਾਨਾਂ ਨੂੰ ਰੋਕਣ ਲਈ ਕੀਤੀ ਗਈ ਬੈਰੀਕੇਡਿੰਗ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਹਮਲਾ ਕੀਤਾ। ਪ੍ਰਿਯੰਕਾ ਨੇ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ, “ਪ੍ਰਧਾਨ ਮੰਤਰੀ ਜੀ, ਆਪਣੇ ਹੀ ਕਿਸਾਨਾਂ ਨਾਲ ਯੁੱਧ?”

ਦੱਸ ਦੇਈਏ ਕਿ ਕਿਸਾਨ ਅੰਦੋਲਨ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਮੰਗਲਵਾਰ ਸਵੇਰੇ ਸੰਸਦ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ । ਰਾਜ ਸਭਾ ਵਿੱਚ ਕਾਂਗਰਸ ਦੀ ਅਗਵਾਈ ਵਿੱਚ ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਸੰਸਦ ਵਿੱਚ ਤੁਰੰਤ ਚਰਚਾ ਕਰਨ ਦੀ ਮੰਗ ਕਰਦਿਆਂ ਹੰਗਾਮਾ ਕੀਤਾ। ਹੰਗਾਮੇ ਕਾਰਨ ਕੁਝ ਸਮੇਂ ਲਈ ਸੰਸਦ ਨੂੰ ਮੁਲਤਵੀ ਕਰ ਦਿੱਤਾ ਗਿਆ। ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਵਿਰੋਧੀ ਧਿਰ ਦੀ ਮੰਗ ਨੂੰ ਖਾਰਜ ਕਰਦਿਆਂ ਕਿਹਾ ਕਿ ਮੈਂਬਰ ਬੁੱਧਵਾਰ ਨੂੰ ਰਾਸ਼ਟਰਪਤੀ ਦੇ ਸੰਬੋਧਨ ‘ਤੇ ਵਿਚਾਰ ਵਟਾਂਦਰੇ ਵਿੱਚ ਆਪਣਾ ਪੱਖ ਰੱਖ ਸਕਦੇ ਹਨ।
The post ਕਿਸਾਨਾਂ ਨੂੰ ਰੋਕਣ ਲਈ ਮੋਦੀ ਸਰਕਾਰ ਨੇ ਬਣਾਈਆਂ ਕੰਧਾਂ, ਸੜਕ ‘ਚ ਗੱਡੀਆਂ ਕਿੱਲਾਂ, ਰਾਹੁਲ ਨੇ ਕਿਹਾ – ਪੁੱਲ ਬਣਾਉ, ਕੰਧਾਂ ਨਹੀਂ appeared first on Daily Post Punjabi.