Maharashtra confirms bird flu: ਮਹਾਂਰਾਸ਼ਟਰ ਦੇ ਪਰਭਨੀ ਜ਼ਿਲ੍ਹੇ ਦੇ ਮੁਰੁੰਬਾ ਪਿੰਡ ਸਥਿਤ ਪੋਲਟਰੀ ਫਾਰਮ ਵਿੱਚ ਤਕਰੀਬਨ 800 ਮੁਰਗੀਆਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ । ਜਾਂਚ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਕਿ ਇਨ੍ਹਾਂ ਮੁਰਗੀਆਂ ਦੀ ਮੌਤ ‘ਬਰਡ ਫਲੂ’ ਕਾਰਨ ਹੋਈ ਹੈ । ਇਹ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਗਿਆ ਹੈ। ਪਰਭਨੀ ਦੇ ਜ਼ਿਲ੍ਹਾ ਮੈਜਿਸਟਰੇਟ ਦੀਪਕ ਮੁਗਲੀਕਰ ਨੇ ਮੁਰੰਬਾ ਪਿੰਡ ਦੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਆਉਣ ਵਾਲੀਆਂ ਮੁਰਗੀਆਂ ਨੂੰ ਮਾਰਨ ਦੇ ਆਦੇਸ਼ ਦਿੱਤੇ ਹਨ । ਇਸਦੇ ਨਾਲ ਇਹ ਵੀ ਕਿਹਾ ਕਿ ਇਸ ਪਿੰਡ ਦੇ 10 ਕਿਲੋਮੀਟਰ ਦੇ ਘੇਰੇ ਵਿੱਚ ਆਉਣ ਵਾਲੇ ਖੇਤਰ ਤੋਂ ਮੁਰਗੀਆਂ ਨੂੰ ਕਿਸੇ ਵੀ ਹੋਰ ਜ਼ਿਲ੍ਹੇ ਵਿੱਚ ਨਹੀਂ ਭੇਜਿਆ ਜਾਵੇਗਾ।
ਦੱਸ ਦੇਈਏ ਕਿ ਜਿਸ ਪੋਲਟਰੀ ਫਾਰਮ ਵਿੱਚ ਮੁਰਗੀਆਂ ਦੀ ਮੌਤ ਹੋਈ ਹੈ ਉਸਨੂੰ ਇੱਕ ਸਵੈ-ਸਹਾਇਤਾ ਸਮੂਹ ਚਲਾਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪੋਲਟਰੀ ਫਾਰਮ ਵਿੱਚ ਅੱਠ ਹਜ਼ਾਰ ਦੇ ਕਰੀਬ ਮੁਰਗੀਆਂ ਹਨ, ਜਿਨ੍ਹਾਂ ਵਿਚੋਂ ਤਕਰੀਬਨ 800 ਮੁਰਗੀਆਂ ਦੀ ਮੌਤ ਦੋ ਦਿਨਾਂ ਵਿੱਚ ਹੋਈ ਹੈ।
ਮਹਾਂਰਾਸ਼ਟਰ ਸਰਕਾਰ ਨੇ ਬਰਡ ਫਲੂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ ਵਿੱਚ ਅਜੇ ਤੱਕ ਬਰਡ ਫਲੂ ਦਾ ਕੇਸ ਸਾਹਮਣੇ ਨਹੀਂ ਆਇਆ ਹੈ । ਰਾਜ ਵਿੱਚ ਚਿਕਨ ਅਤੇ ਅੰਡਿਆਂ ਦੀ ਵਿਕਰੀ ‘ਤੇ ਕੋਈ ਪਾਬੰਦੀ ਨਹੀਂ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਦੇ ਪਿੰਡ ਜਾਂ ਇਲਾਕੇ ਵਿੱਚ ਕਿਸੇ ਪੰਛੀ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਉਸ ਬਾਰੇ ਨੇੜਲੇ ਵੈਟਰਨਰੀ ਹਸਪਤਾਲ ਨਾਲ ਸੰਪਰਕ ਕਰਨ ਤੇ ਜਾਣਕਾਰੀ ਦੇਣ।

ਗੌਰਤਲਬ ਹੈ ਕਿ ਕੋਰੋਨਾ ਮਹਾਂਮਾਰੀ ਦੇ ਵਿਚਕਾਰ ‘ਬਰਡ ਫਲੂ’ ਦੀ ਲਾਗ ਦੇਸ਼ ਦੇ ਕਈ ਰਾਜਾਂ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਹੁਣ ਤੱਕ ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਯੂਪੀ ਅਤੇ ਗੁਜਰਾਤ ਵਿੱਚ ਬਰਡ ਫਲੂ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ । ਇਸ ਦੇ ਨਾਲ ਹੀ ਪੰਛੀਆਂ ਦੇ ਨਮੂਨੇ ਜਾਂਚ ਲਈ ਦਿੱਲੀ, ਛੱਤੀਸਗੜ੍ਹ ਅਤੇ ਕਈ ਹੋਰ ਰਾਜਾਂ ਦੀਆਂ ਲੈਬਾਂ ਵਿੱਚ ਭੇਜੇ ਗਏ ਹਨ।
The post ਮਹਾਂਰਾਸ਼ਟਰ ‘ਚ ਵੀ Bird Flu ਦੀ ਦਸਤਕ, ਪਰਭਨੀ ਦੇ ਪੋਲਟਰੀ ਫਾਰਮ ‘ਚ 800 ਮੁਰਗੀਆਂ ਦੀ ਮੌਤ appeared first on Daily Post Punjabi.