Quad meeting 2020: ਟੋਕੀਓ: ਚੀਨ ਨਾਲ ਵੱਧਦੇ ਖਤਰਿਆਂ ਨਾਲ ਨਜਿੱਠਣ ਲਈ ਦਿ ਕਵਾਡ੍ਰੀਲੈਟਰਲ ਸਕਿਓਰਿਟੀ ਡਾਇਲਾਗ (QUAD) ਦੀ ਦੂਜੀ ਬੈਠਕ ਅੱਜ ਯਾਨੀ ਕਿ ਮੰਗਲਵਾਰ ਨੂੰ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਸ਼ੁਰੂ ਹੋਵੇਗੀ। ਇਸ ਬੈਠਕ ਵਿੱਚ ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਹਿੱਸਾ ਲੈਣਗੇ । ਇਸ ਸੰਗਠਨ ਦੀ ਪਹਿਲੀ ਬੈਠਕ ਸਾਲ 2019 ਵਿੱਚ ਨਿਊਯਾਰਕ ਵਿੱਚ ਹੋਈ ਸੀ । ਇਸ ਬੈਠਕ ਵਿੱਚ ਖੇਤਰੀ ਸੁਰੱਖਿਆ ਤੇ ਰਸਮੀ ਰੂਪ ਨਾਲ ਇਸ ਸੰਗਠਨ ਨੂੰ ਮਜ਼ਬੂਤ ਬਣਾਉਣ ਨੂੰ ਲੈ ਕੇ ਸਾਰੇ ਦੇਸ਼ਾਂ ਵਿੱਚ ਸਹਿਮਤੀ ਬਣ ਸਕਦੀ ਹੈ।
ਆਸਟ੍ਰੇਲੀਆ ਕਾਰਨ QUAD ਦੇ ਗਠਨ ‘ਚ ਹੋਈ ਸੀ ਦੇਰੀ
ਦਰਅਸਲ, ਇਸ ਸੰਗਠਨ ਨੂੰ ਪਹਿਲੀ ਵਾਰ ਸਾਲ 2007 ਵਿੱਚ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ 2008 ਵਿੱਚ ਆਈ ਆਰਥਿਕ ਮੰਦੀ ਕਾਰਨ ਅਜਿਹਾ ਨਾ ਹੋ ਸਕਿਆ। ਉਸ ਸਮੇਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਕੇਵਿਨ ਰੂਡ ਸਨ ਜੋ ਚੀਨ ਦੇ ਕਰੀਬੀ ਮੰਨੇ ਜਾਂਦੇ ਸਨ । ਉਨ੍ਹਾਂ ਦੇ ਕਾਰਜਕਾਲ ਦੌਰਾਨ ਆਸਟ੍ਰੇਲੀਆ ਅਤੇ ਚੀਨ ਵਿਚਾਲੇ ਸਬੰਧ ਬੇਹੱਦ ਮਜ਼ਬੂਤ ਹੋਏ ਸਨ । ਰੂਡ ਖੁਦ ਚੀਨੀ ਭਾਸ਼ਾ ਮੰਡਾਰਿਨ ਵੀ ਬਹੁਤ ਚੰਗੀ ਬੋਲਦੇ ਸਨ । ਅਜਿਹੇ ਵਿੱਚ ਉਨ੍ਹਾਂ ਨੇ ਇਸ ਗੁੱਟ ਵਿੱਚ ਸ਼ਾਮਿਲ ਹੋਣ ਤੋਂ ਖੁਦ ਨੂੰ ਅਲੱਗ ਕਰ ਲਿਆ ਸੀ।
ਆਸਟ੍ਰੇਲੀਆ ਅਤੇ ਚੀਨ ਬਣੇ ਜਾਨੀ ਦੁਸ਼ਮਣ
ਮੌਜੂਦਾ ਸਮੇਂ ਵਿੱਚ ਆਸਟ੍ਰੇਲੀਆ ਵਿੱਚ ਸਕਾਟ ਮਾਰੀਸਨ ਸੱਤਾ ਵਿੱਚ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦੇ ਨਾਲ ਸਬੰਧ ਲਗਾਤਾਰ ਵਿਗੜਦੇ ਚਲੇ ਗਏ। ਪਹਿਲੀ ਵਾਰ ਅਮਰੀਕਾ ਨੇ ਸੰਯੁਕਤ ਰਾਸ਼ਟਰ ਵਿੱਚ ਚੀਨ ਤੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਵਾਬ ਤਲਬ ਕੀਤਾ ਸੀ। ਉਸੇ ਹੀ ਸਮੇਂ ਆਸਟ੍ਰੇਲੀਆ ਨੇ ਅਮਰੀਕਾ ਦਾ ਖੁੱਲ੍ਹ ਕੇ ਸਾਥ ਦਿੱਤਾ ਸੀ। ਇਸ ਗੱਲ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਸਬੰਧ ਲਗਾਤਾਰ ਵਿਗੜਦੇ ਗਏ । ਅੱਜ ਹਾਲਾਤ ਇਹ ਹਨ ਕਿ ਚੀਨ ਖਿਲਾਫ ਆਸਟ੍ਰੇਲੀਆ ਆਪਣੀ ਫੌਜੀ ਤਾਕਤ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ ।
QUAD ਦੇ ਗਠਨ ਲਈ ਸਭ ਤੋਂ ਚੰਗਾ ਸਮਾਂ
ਇਸ ਸਮੇਂ ਚੀਨ ਦਾ ਦੁਨੀਆ ਭਰ ਦੇ ਦੇਸ਼ਾਂ ਨਾਲ ਵਿਵਾਦ ਚੱਲ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਨੂੰ ਚੀਨ ਦੀ ਹਮਲਾਵਰ ਵਿਸਤਾਰਵਾਦੀ ਨੀਤੀਆਂ ਨਾਲ ਏਸ਼ੀਆ ਵਿੱਚ ਭਾਰਤ ਅਤੇ ਜਾਪਾਨ ਸਭ ਤੋਂ ਪ੍ਰਭਾਵਿਤ ਹਨ। ਇਹ ਦੋਵੇਂ ਦੇਸ਼ ਇਸ ਮਹਾਂਦੀਪ ਦੀ ਸਭ ਤੋਂ ਵੱਡੀ ਆਰਥਿਕ ਅਤੇ ਫੌਜੀ ਤਾਕਤ ਹਨ । ਉੱਥੇ ਹੀ ਦੂਜੇ ਪਾਸੇ ਅਮਰੀਕਾ ਦਾ ਵੀ ਚੀਨ ਨਾਲ ਕਈ ਮੁੱਦਿਆਂ ਨੂੰ ਲੈ ਕੇ ਤਣਾਅ ਚੱਲ ਰਿਹਾ ਹੈ। ਤਾਈਵਾਨ, ਹਾਂਗਕਾਂਗ, ਦੂਤਘਰ, ਤਿੱਬਤ ਸਮੇਤ ਕਈ ਅਜਿਹੇ ਮੁੱਦੇ ਹਨ ਜਿਸ ਨੂੰ ਲੈ ਕੇ ਅਮਰੀਕਾ ਅਤੇ ਚੀਨ ਆਹਮੋ-ਸਾਹਮਣੇ ਹਨ। ਇਸ ਲਈ ਚੀਨ ਖਿਲਾਫ ਇਹ ਸ਼ਕਤੀਆਂ ਇਕਜੁੱਟ ਹੁੰਦੀਆਂ ਦਿਖਾਈ ਦੇ ਰਹੀਆਂ ਹਨ।

ਕੀ ਹੈ QUAD?
ਦਿ ਕਵਾਡ੍ਰੀਲੈਟਰਸ ਸਕਿਓਰਿਟੀ ਡਾਇਲਾਗ (QUAD) ਦੀ ਸ਼ੁਰੂਆਤ ਸਾਲ 2007 ਵਿੱਚ ਸੀ। ਹਾਲਾਂਕਿ, ਇਸਦੀ ਸ਼ੁਰੂਆਤ ਸਾਲ 2004-2005 ਵਿੱਚ ਹੋਈ ਸੀ ਜਦੋਂ ਭਾਰਤ ਨੇ ਦੱਖਣ-ਪੂਰਬੀ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਆਈ ਸੁਨਾਮੀ ਤੋਂ ਬਾਅਦ ਮਦਦ ਦਾ ਹੱਥ ਵਧਾਇਆ ਸੀ । QUAD ਵਿੱਚ ਚਾਰ ਦੇਸ਼ ਅਮਰੀਕਾ, ਜਾਪਾਨ, ਆਸਟ੍ਰੇਲੀਆ ਅਤੇ ਭਾਰਤ ਸ਼ਾਮਿਲ ਹਨ। ਮਾਰਚ ਵਿੱਚ ਕੋਰੋਨਾ ਵਾਇਰਸ ਦੇ ਸਬੰਧ ਵਿੱਚ QUAD ਦੀ ਇੱਕ ਮੀਟਿੰਗ ਵੀ ਹੋਈ ਸੀ। ਇਸ ਵਿੱਚ ਪਹਿਲੀ ਵਾਰ ਨਿਊਜ਼ੀਲੈਂਡ, ਦੱਖਣੀ ਕੋਰੀਆ ਅਤੇ ਵੀਅਤਨਾਮ ਵੀ ਸ਼ਾਮਿਲ ਹੋਏ ਸਨ।
The post ਜਾਪਾਨ ‘ਚ ਅੱਜ ਹੋਵੇਗੀ ‘QUAD’ ਦੇਸ਼ਾਂ ਦੀ ਅਹਿਮ ਬੈਠਕ, ਚੀਨ ਨੂੰ ਘੇਰਨ ‘ਤੇ ਬਣੇਗੀ ਰਣਨੀਤੀ appeared first on Daily Post Punjabi.
source https://dailypost.in/news/international/quad-meeting-2020/