India Jaishankar to meet: ਲੱਦਾਖ ਸਰਹੱਦ ‘ਤੇ ਮਈ ਤੋਂ ਜਾਰੀ ਤਣਾਅ ਵਿਚਕਾਰ ਅੱਜ ਪਹਿਲੀ ਵਾਰ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀ ਮੁਲਾਕਾਤ ਕਰਨਗੇ। ਰੂਸ ਦੇ ਮਾਸਕੋ ਵਿੱਚ ਚੱਲ ਰਹੀ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਬੈਠਕ ਦੇ ਮੌਕੇ ਅੱਜ ਵਿਦੇਸ਼ ਮੰਤਰੀ ਸ. ਜੈਸ਼ੰਕਰ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੁਲਾਕਾਤ ਕਰਨਗੇ। ਲੱਦਾਖ ਸਰਹੱਦ ‘ਤੇ ਪਿਛਲੇ ਕੁੱਝ ਦਿਨਾਂ ਤੋਂ ਹਲਚਲ ਮਚ ਗਈ ਹੈ, ਇਸ ਲਈ ਇਸ ਬੈਠਕ ਰਾਹੀਂ ਗੱਲਬਾਤ ਤੋਂ ਕੋਈ ਰਸਤਾ ਨਿਕਲਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇੱਥੇ ਹੀ ਭਾਰਤ ਅਤੇ ਚੀਨ ਦੇ ਰੱਖਿਆ ਮੰਤਰੀਆਂ ਦੀ ਮੁਲਾਕਾਤ ਹੋਈ ਸੀ, ਪਰ ਇਸ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਕਿਉਂਕਿ ਚੀਨ ਨੇ ਫਿਰ ਲੱਦਾਖ ਸਰਹੱਦੀ ਇਲਾਕਿਆਂ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ, ਅਜਿਹੇ ਵਿੱਚ ਹੁਣ ਜਦੋਂ ਵਿਦੇਸ਼ ਮੰਤਰੀ ਮਿਲਣਗੇ ਤਾਂ ਮਈ ਤੋਂ ਲੈ ਕੇ ਹੁਣ ਤੱਕ ਚੀਨ ਦੀਆਂ ਗਲਤੀਆਂ ਦਾ ਕੱਚਾ ਚਿੱਠਾ ਉਨ੍ਹਾਂ ਦੇ ਸਾਹਮਣੇ ਰੱਖਣਗੇ।
ਦਰਅਸਲ, SCO ਦੀ ਬੈਠਕ ਦੇ ਦੌਰਾਨ ਭਾਰਤ, ਰੂਸ ਅਤੇ ਚੀਨ ਦੇ ਵਿਦੇਸ਼ ਮੰਤਰੀ ਅੱਜ ਮਾਸਕੋ ਵਿਖੇ ਦੁਪਹਿਰ ਦੇ ਖਾਣੇ ਦੀ ਇੱਕ ਮੀਟਿੰਗ ਵਿੱਚ ਮਿਲਣਗੇ । ਇਸ ਤੋਂ ਬਾਅਦ ਭਾਰਤੀ ਅਤੇ ਚੀਨੀ ਵਿਦੇਸ਼ ਮੰਤਰੀ ਵੱਖਰੇ ਤੌਰ ‘ਤੇ ਬੈਠਕ ਕਰਨਗੇ। ਦੋਵਾਂ ਨੇਤਾਵਾਂ ਦੀ ਇਹ ਬੈਠਕ ਭਾਰਤੀ ਸਮੇਂ ਅਨੁਸਾਰ ਸ਼ਾਮ ਕਰੀਬ 5:30 ਵਜੇ ਹੋਵੇਗੀ। ਇਸ ਤੋਂ ਬਾਅਦ ਭਾਰਤ, ਰੂਸ ਅਤੇ ਚੀਨ ਦੇ ਵਿਦੇਸ਼ ਮੰਤਰੀ ਭਲਕੇ ਫਿਰ ਮੁਲਾਕਾਤ ਕਰਨਗੇ।
ਦੱਸ ਦੇਈਏ ਕਿ ਲੱਦਾਖ ਸਰਹੱਦ ਦੇ ਨੇੜੇ ਭਾਰਤ ਦੀ ਸਥਿਤੀ ਅਜੇ ਵੀ ਮਜ਼ਬੂਤ ਹੈ, ਕਿਉਂਕਿ ਕਾਲਾ ਟਾਪ, ਹੈਲਮਟ ਟਾਪ ਸਮੇਤ ਬਹੁਤ ਸਾਰੇ ਖੇਤਰ ਹਨ, ਜਿਨ੍ਹਾਂ ‘ਤੇ ਭਾਰਤੀ ਫੌਜ ਦਾ ਕਬਜ਼ਾ ਹੋ ਚੁੱਕਿਆ ਹੈ। ਅਜਿਹੀ ਸਥਿਤੀ ਵਿੱਚ ਚੀਨ ਬੌਖਲਾਇਆ ਹੋਇਆ ਹੈ ਅਤੇ ਇਸੇ ਕਾਰਨ ਉਹ ਵਾਰ-ਵਾਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਇਸ ਸਾਰੇ ਵਿਵਾਦ ਦੇ ਵਿਚਕਾਰ ਸਰਹੱਦ ‘ਤੇ ਮਿਲਟਰੀ ਕਮਾਂਡਰਾਂ ਦੇ ਵਿਚਕਾਰ ਲਗਾਤਾਰ ਗੱਲਬਾਤ ਦਾ ਸਿਲਸਿਲਾ ਜਾਰੀ ਹੈ।
The post LAC ‘ਤੇ ਤਣਾਅ ਦੇ ਵਿਚਾਲੇ ਅੱਜ ਮਾਸਕੋ ‘ਚ ਭਾਰਤ-ਚੀਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ appeared first on Daily Post Punjabi.