Rahul Gandhi blames Covid crisis: ਨਵੀਂ ਦਿੱਲੀ: ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੋਰੋਨਾ ਵਾਇਰਸ ਲਾਕਡਾਊਨ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਇੱਕ ਨਵੀਂ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਅਚਾਨਕ ਕੀਤਾ ਗਿਆ ਲਾਕਡਾਊਨ ਦੇਸ਼ ਦੇ ਗੈਰ-ਸੰਗਠਿਤ ਵਰਗ ਲਈ ਮੌਤ ਦੀ ਸਜ਼ਾ ਸਾਬਿਤ ਹੋਇਆ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਦੀਆਂ ਤਿਆਰੀਆਂ ਅਤੇ ਆਰਥਿਕਤਾ ਨੂੰ ਸੁਧਾਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਸਰਕਾਰ ‘ਤੇ ਹਮਲਾ ਬੋਲਿਆ।
ਇਸ ਸਬੰਧੀ ਟਵੀਟ ਕਰਦਿਆਂ ਰਾਹੁਲ ਨੇ ਕਿਹਾ,” ਅਚਾਨਕ ਕੀਤਾ ਗਿਆ ਲਾਕਡਾਊਨ ਗ਼ੈਰ-ਸੰਗਠਿਤ ਵਰਗ ਲਈ ਮੌਤ ਦੀ ਸਜ਼ਾ ਸਾਬਿਤ ਹੋਇਆ। ਵਾਅਦਾ ਸੀ 21 ਦਿਨਾਂ ਵਿੱਚ ਕੋਰੋਨਾ ਨੂੰ ਖ਼ਤਮ ਕਰਨ ਦਾ, ਪਰ ਕਰੋੜਾਂ ਨੌਕਰੀਆਂ ਅਤੇ ਛੋਟੇ ਉਦਯੋਗਾਂ ਨੂੰ ਖਤਮ ਕੀਤਾ ਗਿਆ। ਮੋਦੀ ਜੀ ਦੀ ਆਪਦਾ ਵਿਰੋਧੀ ਯੋਜਨਾ ਨੂੰ ਜਾਣਨ ਲਈ ਇਸ ਵੀਡੀਓ ਨੂੰ ਵੇਖੋ।
ਦਰਅਸਲ, ਰਾਹੁਲ ਗਾਂਧੀ ਨੇ ਆਪਣੀ ਵੀਡੀਓ ਵਿੱਚ ਕਿਹਾ ਕਿ ਕੋਰੋਨਾ ਦੇ ਨਾਂ ‘ਤੇ ਜੋ ਕੀਤਾ ਉਹ ਅਸੰਗਠਿਤ ਸੈਕਟਰ ‘ਤੇ ਤੀਜਾ ਹਮਲਾ ਸੀ ਕਿਉਂਕਿ ਗਰੀਬ ਲੋਕ ਹਰ ਰੋਜ਼ ਕਮਾਉਂਦੇ ਹਨ ਤੇ ਖਾਂਦੇ ਹਨ। ਛੋਟੇ ਅਤੇ ਮੱਧ ਵਰਗ ਦੇ ਕਾਰੋਬਾਰ ਵਿੱਚ ਵੀ ਇਹੋ ਹਾਲ ਹੈ। ਜਦੋਂ ਤੁਸੀਂ ਬਿਨ੍ਹਾਂ ਕੋਈ ਨੋਟਿਸ ਲਾਕਡਾਊਨ ਕੀਤਾ ਤਾਂ ਤੁਸੀਂ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਪ੍ਰਧਾਨਮੰਤਰੀ ਨੇ ਕਿਹਾ ਕਿ 21 ਦਿਨਾਂ ਤੱਕ ਲੜਾਈ ਲੜੀ ਜਾਵੇਗੀ, ਗੈਰ-ਸੰਗਠਿਤ ਸੈਕਟਰ ਦੀ ਰੀੜ ਦੀ ਹੱਡੀ 21 ਦਿਨਾਂ ਵਿੱਚ ਹੀ ਟੁੱਟ ਗਈ ਸੀ।
ਵੀਡੀਓ ਵਿੱਚ ਰਾਹੁਲ ਨੇ ਕਾਂਗਰਸ ਦੀ ਨਿਆਂ ਯੋਜਨਾ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ, ‘ਲਾਕਡਾਊਨ ਤੋਂ ਬਾਅਦ ਖੁੱਲ੍ਹਣ ਦਾ ਸਮਾਂ ਆ ਗਿਆ ਸੀ। ਕਾਂਗਰਸ ਪਾਰਟੀ ਨੇ ਸਰਕਾਰ ਨੂੰ ਇੱਕ ਵਾਰ ਨਹੀਂ ਬਲਕਿ ਕਈ ਵਾਰ ਕਿਹਾ ਕਿ ਇਸ ਨਾਲ ਗਰੀਬਾਂ ਦੀ ਮਦਦ ਕਰਨੀ ਪਵੇਗੀ, ਨਿਆਂ ਯੋਜਨਾ ਵਰਗੀ ਇੱਕ ਯੋਜਨਾ ਲਾਗੂ ਕਰਨੀ ਪਵੇਗੀ, ਸਿੱਧੇ ਪੈਸੇ ਬੈਂਕ ਖਾਤੇ ਵਿੱਚ ਪਾਏ ਜਾਣਗੇ, ਪਰ ਨਹੀਂ ਹੋਇਆ। ਅਸੀਂ ਕਿਹਾ ਕਿ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਤੁਹਾਨੂੰ ਇੱਕ ਪੈਕ ਤਿਆਰ ਕਰਨਾ ਚਾਹੀਦਾ ਹੈ, ਉਨ੍ਹਾਂ ਨੂੰ ਬਚਾਉਣ ਦੀ ਜ਼ਰੂਰਤ ਹੈ। ਇਸ ਪੈਸੇ ਤੋਂ ਬਿਨ੍ਹਾਂ ਉਨ੍ਹਾਂ ਦਾ ਬਚਾਅ ਨਹੀਂ ਹੋਵੇਗਾ, ਸਰਕਾਰ ਨੇ ਕੁਝ ਨਹੀਂ ਕੀਤਾ, ਇਸ ਦੇ ਉਲਟ, ਸਰਕਾਰ ਨੇ ਅਮੀਰ 15-20 ਲੋਕਾਂ ਲਈ ਕਰੋੜਾਂ-ਕਰੋੜਾਂ ਰੁਪਏ ਦਾ ਟੈਕਸ ਮੁਆਫ ਕਰ ਦਿੱਤਾ।’
ਇਸ ਤੋਂ ਇਲਾਵਾ ਰਾਹੁਲ ਨੇ ਅਚਾਨਕ ਲਾਕਡਾਊਨ ਨੂੰ ਹਮਲਾ ਦੱਸਦਿਆਂ ਕਿਹਾ ਕਿ ‘ਲਾਕਡਾਊਨ ਕੋਰੋਨਾ ‘ਤੇ ਹਮਲਾ ਨਹੀਂ ਸੀ। ਲਾਕਡਾਊਨ ਭਾਰਤ ਦੇ ਗਰੀਬਾਂ ‘ਤੇ ਹਮਲਾ ਸੀ। ਸਾਡੇ ਨੌਜਵਾਨਾਂ ਦੇ ਭਵਿੱਖ ‘ਤੇ ਹਮਲਾ ਹੋਇਆ ਸੀ। ਲਾਕਡਾਊਨ ਮਜ਼ਦੂਰ ਕਿਸਾਨਾਂ ਅਤੇ ਛੋਟੇ ਵਪਾਰੀਆਂ ‘ਤੇ ਹਮਲਾ ਸੀ । ਸਾਡੀ ਅਸੰਗਠਿਤ ਆਰਥਿਕਤਾ ਦਾ ਹਮਲਾ ਸੀ। ਸਾਨੂੰ ਇਸ ਨੂੰ ਸਮਝਣਾ ਪਵੇਗਾ ਅਤੇ ਸਾਨੂੰ ਸਾਰਿਆਂ ਨੂੰ ਇਸ ਹਮਲੇ ਦੇ ਵਿਰੁੱਧ ਇਕੱਠੇ ਖੜ੍ਹੇ ਹੋਣਾ ਪਵੇਗਾ।
The post ਰਾਹੁਲ ਗਾਂਧੀ ਦਾ ਮੁੜ ਮੋਦੀ ਸਰਕਾਰ ‘ਤੇ ਵਾਰ, ਕਿਹਾ- ਵਾਅਦਾ ਸੀ 21 ਦਿਨਾਂ ‘ਚ ਕੋਰੋਨਾ ਖ਼ਤਮ ਕਰਨ ਦਾ, ਪਰ….. appeared first on Daily Post Punjabi.