SHO and his Gunman reported Corona : ਪੰਜਾਬ ਨੂੰ ਕੋਰੋਨਾ ਵਾਇਰਸ ਨੇ ਪੂਰੀ ਤਰ੍ਹਾਂ ਆਪਣੇ ਸ਼ਿਕੰਜੇ ਵਿਚ ਲੈ ਲਿਆ ਹੈ। ਸੂਬੇ ਵਿਚ ਇਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕਈ ਪੁਲਿਸ ਮੁਲਾਜ਼ਮ ਵੀ ਇਸ ਦੇ ਲਪੇਟ ਵਿਚ ਲਗਾਤਾਰ ਆ ਰਹੇ ਹਨ। ਫਗਵਾੜੇ ਤੋਂ ਵੀ ਕੋਰੋਨਾ ਦੇ ਚਾਰ ਪਾਜ਼ੀਟਿਵ ਮਾਮਲੇ ਮਿਲੇ ਹਨ, ਜਿਨ੍ਹਾਂ ਵਿਚ ਫਗਵਾੜਾ ਸਿਟੀ ਥਾਣੇ ਦਾ ਐਸਐਚਓ ਅਤੇ ਉਨ੍ਹਾਂ ਦੇ ਗੰਨਮੈਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਦੋ ਹੋਰ ਲੋਕਾਂ ਦੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਦੀ ਪੁਸ਼ਟੀ ਐਸਐਮਓ ਸਿਵਲ ਸਰਜਨ ਕਮਲ ਕਿਸ਼ੋਰ ਵੱਲੋਂ ਕੀਤੀ ਗਈ।

ਦੱਸਣਯੋਗ ਹੈ ਕਿ ਸੂਬੇ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ’ਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਬੀਤੇ ਦਿਨ ਸੂਬੇ ‘ਚ ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ 217 ਨਵੇਂ ਮਾਮਲੇ ਸਾਹਮਣੇ ਆਏ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3832 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਕੱਲ੍ਹ ਸੂਬੇ ‘ਚ 9 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ 2-2 ਅੰਮ੍ਰਿਤਸਰ ਤੇ ਜਲੰਧਰ ਤੋਂ, 1-1 ਮੋਗਾ, ਬਰਨਾਲਾ, ਸੰਗਰੂਰ, ਪਟਿਆਲਾ, ਤਰਨਤਾਰਨ ‘ਚ ਹੋਈਆਂ ਹਨ। ਉੱਥੇ ਹੀ ਸੂਬੇ ਵਿੱਚ ਹੁਣ ਤੱਕ 2636 ਵਿਅਕਤੀ ਠੀਕ ਹੋ ਚੁੱਕੇ ਹਨ। ਸਭ ਤੋਂ ਵੱਧ 79 ਮਾਮਲੇ ਜਲੰਧਰ ‘ਚ ਤੇ 35 ਅੰਮ੍ਰਿਤਸਰ ‘ਚ ਦਰਜ ਕੀਤੇ ਗਏ।
The post ਫਗਵਾੜਾ : ਥਾਣੇ ਦੇ SHO ਤੇ ਗੰਨਮੈਨ ਸਣੇ 4 ਲੋਕਾਂ ਦੀ ਰਿਪੋਰਟ ਆਈ Corona Positive appeared first on Daily Post Punjabi.
source https://dailypost.in/breaking/sho-and-his-gunman-reported-corona/