diesel costs more than petrol: ਨਵੀਂ ਦਿੱਲੀ: ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਡੀਜ਼ਲ ਦੀਆਂ ਕੀਮਤਾਂ ਨੇ ਪੈਟਰੋਲ ਦੀਆਂ ਕੀਮਤਾਂ ਨੂੰ ਪਛਾੜ ਦਿੱਤਾ ਹੈ । ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ 18ਵੇਂ ਦਿਨ ਵਾਧਾ ਹੋਇਆ ਹੈ । ਹਾਲਾਂਕਿ ਬੁੱਧਵਾਰ 24 ਜੂਨ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ, ਪਰ ਡੀਜ਼ਲ ਦੀ ਕੀਮਤ ਵਿੱਚ 48 ਪੈਸੇ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਡੀਜ਼ਲ ਦੀ ਕੀਮਤ ਪੈਟਰੋਲ ਨਾਲੋਂ 12 ਪੈਸੇ ਵੱਧ ਗਈ ਹੈ ।
ਦਰਅਸਲ, ਤੇਲ ਕੰਪਨੀਆਂ ਵੱਲੋਂ ਬੁੱਧਵਾਰ ਨੂੰ ਪੈਟਰੋਲ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਫਿਲਹਾਲ ਦਿੱਲੀ ਵਿੱਚ ਇਸ ਦੀ ਕੀਮਤ 79.76 ਰੁਪਏ ‘ਤੇ ਬਰਕਰਾਰ ਹੈ। ਹਾਲਾਂਕਿ ਡੀਜ਼ਲ ਦੀ ਕੀਮਤ ਵਿੱਚ ਵਾਧੇ ਤੋਂ ਬਾਅਦ ਡੀਜ਼ਲ 79.88 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਵਿੱਚ ਪੈਟਰੋਲ ਦੀ ਕੀਮਤ ਡੀਜ਼ਲ ਨਾਲੋਂ ਘੱਟ ਹੈ ।
ਹਾਲਾਂਕਿ, ਇਹ ਸਥਿਤੀ ਸਿਰਫ ਦਿੱਲੀ ਦੀ ਹੈ। ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਡੀਜ਼ਲ ਦੀ ਦਰ ਅਜੇ ਵੀ ਪੈਟਰੋਲ ਨਾਲੋਂ ਘੱਟ ਹੈ । ਦਿੱਲੀ ਵਿੱਚ ਕੀਮਤਾਂ ਵੱਧਣ ਦਾ ਇੱਕ ਕਾਰਨ ਵੈਟ ਵੀ ਹੈ। ਦਿੱਲੀ ਸਰਕਾਰ ਨੇ ਲਾਕਡਾਊਨ ਦੌਰਾਨ ਡੀਜ਼ਲ ‘ਤੇ ਵੈਟ ਦਰ ਵਧਾ ਦਿੱਤੀ ਸੀ ।
ਉੱਥੇ ਹੀ ਦੂਜੇ ਪਾਸੇ ਗਲੋਬਲ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਕਮੀ ਦੇ ਬਾਵਜੂਦ ਦੇਸ਼ ਵਿੱਚ ਲਗਾਤਾਰ 18ਵੇਂ ਦਿਨ ਤੇਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਕੇਂਦਰ ਸਰਕਾਰ ‘ਤੇ ਸਵਾਲ ਖੜ੍ਹੇ ਹੋ ਰਹੇ ਹਨ । ਹਾਲ ਹੀ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਇਸ ‘ਤੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਸਰਕਾਰ ਨੂੰ ਤੇਲ ਦੀਆਂ ਕੀਮਤਾਂ ‘ਤੇ ਲਗਾਮ ਲਗਾਉਣ ਦੀ ਅਪੀਲ ਕੀਤੀ ਸੀ।
The post ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ ਪੈਟਰੋਲ ਨਾਲੋਂ ਮਹਿੰਗਾ ਹੋਇਆ ਡੀਜ਼ਲ, ਜਾਣੋ ਨਵੀਆਂ ਕੀਮਤਾਂ… appeared first on Daily Post Punjabi.