Petrol diesel prices rise: ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਸ਼ਨੀਵਾਰ ਯਾਨੀ ਕਿ ਲਗਾਤਾਰ 21ਵੇਂ ਦਿਨ ਵਾਧਾ ਹੋਇਆ ਹੈ। ਦਿੱਲੀ ਵਿੱਚ ਅੱਜ ਪੈਟਰੋਲ 25 ਪੈਸੇ ਅਤੇ ਡੀਜ਼ਲ 21 ਪੈਸੇ ਮਹਿੰਗਾ ਹੋ ਗਿਆ ਹੈ । ਪਿਛਲੇ 21 ਦਿਨਾਂ ਵਿੱਚ ਡੀਜ਼ਲ 11 ਰੁਪਏ ਅਤੇ ਪੈਟਰੋਲ ਦੀ ਕੀਮਤ 9.12 ਰੁਪਏ ਮਹਿੰਗੀ ਹੋ ਗਈ ਹੈ । ਵਧੀਆਂ ਕੀਮਤਾਂ ਤੋਂ ਬਾਅਦ ਰਾਜਧਾਨੀ ਵਿੱਚ ਪੈਟਰੋਲ ਦੀ ਕੀਮਤ 80.38 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 80.40 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ । ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਵਿੱਚ ਡੀਜ਼ਲ ਦੀ ਕੀਮਤ ਪੈਟਰੋਲ ਨਾਲੋਂ ਵੱਧ ਰਹੀ ਹੈ ।
ਦੱਸ ਦੇਈਏ ਕਿ ਦੇਸ਼ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਡੀਜ਼ਲ ਦੀ ਕੀਮਤ ਪੈਟਰੋਲ ਨਾਲੋਂ ਜ਼ਿਆਦਾ ਹੈ । ਹਾਲਾਂਕਿ, ਇਹ ਸਿਰਫ ਦਿੱਲੀ ਵਿੱਚ ਹੀ ਹੈ, ਦੇਸ਼ ਦੇ ਹੋਰ ਹਿੱਸਿਆਂ ਵਿੱਚ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਵੱਧ ਨਹੀਂ ਹੈ। ਦਿੱਲੀ ਵਿੱਚ ਡੀਜ਼ਲ ਦੀ ਵੱਧ ਰਹੀ ਕੀਮਤ ਦਾ ਮੁੱਖ ਕਾਰਨ ਵੈਟ ਹੈ । ਦਰਅਸਲ, ਦਿੱਲੀ ਸਰਕਾਰ ਨੇ ਲਾਕਡਾਊਨ ਦੌਰਾਨ ਡੀਜ਼ਲ ‘ਤੇ ਵੈਟ ਦਰ ਵਧਾ ਦਿੱਤੀ ਸੀ । ਇਸਦੇ ਨਾਲ ਹੀ ਕੇਂਦਰ ਸਰਕਾਰ ਨੇ ਮਈ ਦੇ ਪਹਿਲੇ ਹਫਤੇ ਪੈਟਰੋਲ ਅਤੇ ਡੀਜ਼ਲ ਉੱਤੇ ਭਾਰੀ ਐਕਸਾਈਜ਼ ਡਿਊਟੀ ਵੀ ਵਧਾ ਦਿੱਤੀ ਸੀ । ਪੈਟਰੋਲ ‘ਤੇ ਐਕਸਾਈਜ਼ ਡਿਊਟੀ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 13 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ । ਇਸ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਗ ਲੱਗੀ ਹੋਈ ਹੈ।
ਗੌਰਤਲਬ ਹੈ ਕਿ ਦੇਸ਼ ਵਿੱਚ ਕੋਰੋਨਾ ਦੇ ਫੈਲਣ ਦੇ ਮੱਦੇਨਜ਼ਰ ਤਕਰੀਬਨ ਢਾਈ ਮਹੀਨਿਆਂ ਤੋਂ ਇਹ ਲਾਕਡਾਊਨ ਲਾਗੂ ਰਿਹਾ । ਇਸ ਕਾਰਨ ਸਰਕਾਰ ਦਾ ਖ਼ਜ਼ਾਨਾ ਖਾਲੀ ਹੋ ਗਿਆ ਸੀ। ਇਸ ਤੋਂ ਬਾਅਦ ਸਰਕਾਰ ਦੇ ਕੋਲ ਪੈਟਰੋਲ-ਡੀਜ਼ਲ ਹੀ ਇੱਕ ਅਜਿਹਾ ਸਰੋਤ ਸੀ ਜਿੱਥੋਂ ਸਰਕਾਰ ਨੂੰ ਚੰਗਾ ਮਾਲੀਆ ਮਿਲ ਸਕਦਾ ਸੀ । ਜੀਐਸਟੀ ਅਤੇ ਸਿੱਧੇ ਟੈਕਸ ਕੁਲੈਕਸ਼ਨ ਵਿੱਚ ਕੋਰੋਨਾ ਲਾਕਡਾਊਨ ਕਾਰਨ ਭਾਰੀ ਗਿਰਾਵਟ ਆਈ ਹੈ। ਅਪ੍ਰੈਲ ਵਿੱਚ ਕੇਂਦਰੀ ਜੀਐਸਟੀ ਸੰਗ੍ਰਹਿ ਸਿਰਫ 6,000 ਕਰੋੜ ਰੁਪਏ ਸੀ, ਜਦੋਂ ਕਿ ਇੱਕ ਸਾਲ ਪਹਿਲਾਂ ਸੀਜੀਐਸਟੀ ਕੁਲੈਕਸ਼ਨ 47,000 ਕਰੋੜ ਰੁਪਏ ਸੀ । ਇਸ ਕਾਰਨ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰਨਾ ਪਿਆ ।
The post ਤੇਲ ਦੀਆਂ ਕੀਮਤਾਂ ‘ਚ ਵਾਧਾ ਜਾਰੀ, ਲਗਾਤਾਰ 21ਵੇਂ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ appeared first on Daily Post Punjabi.