ਮਾਛੀਵਾੜਾ ਸਾਹਿਬ ‘ਚ ਮੀਂਹ ਦਾ ਕਹਿਰ, ਗਰੀਬ ਪਰਿਵਾਰ ‘ਤੇ ਡਿੱਗੀ ਛੱਤ, ਮਹਿਲਾ ਦੀ ਮੌਤ, ਬੱਚੇ ਹੋਏ ਅਨਾਥ

ਭਾਰੀ ਮੀਂਹ ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਸਤਾਬਗੜ੍ਹ ਵਿੱਚ ਇੱਕ ਗਰੀਬ ਪਰਿਵਾਰ ‘ਤੇ ਕਹਿਰ ਬਣ ਕੇ ਵਰ੍ਹਿਆ। ਮੀਂਹ ਕਾਰਨ ਇੱਕ ਕੱਚੇ ਮਕਾਨ ਦੀ ਛੱਤ ਢਹਿ ਜਾਣ ਨਾਲ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੀ ਔਰਤ ਦੀ ਦਰਦਨਾਕ ਮੌਤ ਹੋ ਗਈ, ਜਦਕਿ ਪਰਿਵਾਰ ਦੇ ਹੋਰ ਮੈਂਬਰ ਵੀ ਜ਼ਖਮੀ ਹੋ ਗਏ। ਮ੍ਰਿਤਕਾ ਦੀ ਪਛਾਣ ਬੀਬੀ ਇੰਦਰਜੀਤ ਕੌਰ ਵਜੋਂ ਹੋਈ ਹੈ। ਇਸ ਹਾਦਸੇ ਨਾਲ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਹੈ।

ਪਿੰਡ ਦੇ ਸਰਪੰਚ ਮਨਜੀਤ ਸਿੰਘ ਅਤੇ ਸਮਾਜ ਸੇਵੀ ਬਾਬਾ ਲਾਭ ਸਿੰਘ ਨੇ ਦੱਸਿਆ ਕਿ ਪਰਿਵਾਰ ਪਹਿਲਾਂ ਹੀ ਮੁਸੀਬਤਾਂ ਨਾਲ ਜੂਝ ਰਿਹਾ ਸੀ। ਪਰਿਵਾਰ ਦੇ ਮੁਖੀ ਅਤੇ ਸਾਬਕਾ ਸਰਪੰਚ ਧਰਮਪਾਲ ਦਾ ਕਰੀਬ ਚਾਰ ਸਾਲ ਪਹਿਲਾਂ ਦੇਹਾਂਤ ਹੋ ਚੁੱਕਾ ਸੀ। ਉਸ ਤੋਂ ਬਾਅਦ ਬੀਬੀ ਇੰਦਰਜੀਤ ਕੌਰ ਮਿਹਨਤ-ਮਜ਼ਦੂਰੀ ਕਰਕੇ ਆਪਣੇ ਛੋਟੇ ਬੱਚਿਆਂ, ਧੀ ਅਤੇ ਬਿਰਧ ਮਾਤਾ ਦਾ ਪਾਲਣ-ਪੋਸ਼ਣ ਕਰ ਰਹੀ ਸੀ।

ਉਨ੍ਹਾਂ ਦੱਸਿਆ ਕਿ ਬੀਤੀ ਰਾਤ ਹੋ ਰਹੀ ਤੇਜ਼ ਬਾਰਿਸ਼ ਦੌਰਾਨ ਮਕਾਨ ਦੇ ਉੱਪਰਲੇ ਚੁਬਾਰੇ ਦੀ ਡਾਟ ਵਾਲੀ ਛੱਤ ਅਚਾਨਕ ਢਹਿ ਗਈ। ਇਸ ਦੇ ਭਾਰ ਨਾਲ ਹੇਠਲੇ ਕਮਰੇ ਦੀ ਛੱਤ ਵੀ ਟੁੱਟ ਗਈ। ਉਸ ਸਮੇਂ ਪਰਿਵਾਰ ਦੇ ਮੈਂਬਰ ਕਮਰੇ ਵਿੱਚ ਸੁੱਤੇ ਹੋਏ ਸਨ ਅਤੇ ਸਾਰੇ ਮਲਬੇ ਹੇਠਾਂ ਦੱਬ ਗਏ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਿੱਚ ਹੜਕੰਪ ਮਚ ਗਿਆ। ਪਿੰਡ ਦੇ ਨੌਜਵਾਨ ਅਤੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਭਾਰੀ ਮਸ਼ੱਕਤ ਤੋਂ ਬਾਅਦ ਮਲਬਾ ਹਟਾ ਕੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ। ਗੰਭੀਰ ਜ਼ਖਮੀ ਬੀਬੀ ਇੰਦਰਜੀਤ ਕੌਰ ਨੂੰ ਤੁਰੰਤ ਸਰਕਾਰੀ ਹਸਪਤਾਲ ਸਮਰਾਲਾ ਲਿਜਾਇਆ ਗਿਆ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ।

ਇਸ ਹਾਦਸੇ ਵਿੱਚ ਬਿਰਧ ਮਾਤਾ ਦਿਆਲ ਕੌਰ, ਪਰਿਵਾਰ ਦੀ ਇੱਕ ਹੋਰ ਮਹਿਲਾ ਅਤੇ ਬੱਚੇ ਵੀ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਿੰਡ ਵਾਸੀਆਂ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਰ ਕੀਤੀ ਹੈ।

ਇਸ ਮੌਕੇ ਸਰਪੰਚ ਮਨਜੀਤ ਸਿੰਘ ਅਤੇ ਬਾਬਾ ਲਾਭ ਸਿੰਘ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਿਵਾਰ ਦੇ ਬੱਚਿਆਂ ਦੇ ਸਿਰ ਤੋਂ ਪਹਿਲਾਂ ਪਿਤਾ ਅਤੇ ਹੁਣ ਮਾਂ ਦਾ ਸਾਇਆ ਵੀ ਉੱਠ ਗਿਆ ਹੈ। ਗਰੀਬ ਪਰਿਵਾਰ ਦੀ ਮਾਲੀ ਹਾਲਤ ਬਹੁਤ ਕਮਜ਼ੋਰ ਹੈ, ਇਸ ਲਈ ਸਰਕਾਰ ਨੂੰ ਤੁਰੰਤ ਵਿਸ਼ੇਸ਼ ਆਰਥਿਕ ਸਹਾਇਤਾ ਦੇ ਕੇ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਸਿੱਖਿਆ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਵੀ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਪੁਲਿਸ ਵੱਲੋਂ ਘਟਨਾ ਦੀ ਸੂਚਨਾ ਮਿਲਣ ਉਪਰੰਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੋਸਟਮਾਰਟਮ ਦੀ ਕਾਰਵਾਈ ਤੋਂ ਬਾਅਦ ਮ੍ਰਿਤਕਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮਾਛੀਵਾੜਾ ਸਾਹਿਬ ‘ਚ ਮੀਂਹ ਦਾ ਕਹਿਰ, ਗਰੀਬ ਪਰਿਵਾਰ ‘ਤੇ ਡਿੱਗੀ ਛੱਤ, ਮਹਿਲਾ ਦੀ ਮੌਤ, ਬੱਚੇ ਹੋਏ ਅਨਾਥ appeared first on Daily Post Punjabi.



Previous Post Next Post

Contact Form