ਜਲੰਧਰ ‘ਚ PRTC ਬੱਸ ਤੇ ਛੋਟੇ ਹਾਥੀ ਦੀ ਟੱਕਰ, 3 ਲੋਕਾਂ ਦੀ ਮੌਤ: ਬੱਸ ਡ੍ਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ

ਜਲੰਧਰ ਵਿੱਚ ਕਪੂਰਥਲਾ ਰੋਡ ‘ਤੇ ਮੰਡ ਪਿੰਡ ਨੇੜੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਵਿੱਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਅਨੁਸਾਰ, ਇੱਕ ਤੇਜ਼ ਰਫ਼ਤਾਰ ਪੀਆਰਟੀਸੀ ਬੱਸ ਉਲਟ ਦਿਸ਼ਾ ਤੋਂ ਆ ਰਹੀ ਸੀ ਅਤੇ ਅਚਾਨਕ ਸਾਹਮਣੇ ਤੋਂ ਆ ਰਹੇ ਇੱਕ ਛੋਟੇ ਮਿੰਨੀ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਛੋਟਾ ਹਾਥੀ ਵਾਹਨ (ਮਿੰਨੀ ਟਰੱਕ) ਚਕਨਾਚੂਰ ਹੋ ਗਿਆ ਅਤੇ ਇਸ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਸਵੇਰੇ ਸਬਜ਼ੀਆਂ ਲੈ ਕੇ ਜਲੰਧਰ ਵੱਲ ਜਾ ਰਹੇ ਸਨ।

ਮ੍ਰਿਤਕਾਂ ਵਿੱਚ ਰਾਕੇਸ਼ ਪੁੱਤਰ ਮੋਹਤ ਵਾਸੀ ਦੀਪ ਨਗਰ ਕਲੋਨੀ (ਕਪੂਰਥਲਾ), ਮੁਕੇਸ਼ ਕੁਮਾਰ ਪੁੱਤਰ ਸੁਧੀਰ ਸਿੰਘ ਵਾਸੀ ਨਵੀਂ ਸਬਜ਼ੀ ਮੰਡੀ (ਕਪੂਰਥਲਾ) ਅਤੇ ਈਸ਼ਵਰ ਬਿੰਦ ਪੁੱਤਰ ਮਹਿੰਦਰ ਬਿੰਦ ਵਾਸੀ ਨਵੀਂ ਸਬਜ਼ੀ ਮੰਡੀ (ਕਪੂਰਥਲਾ) ਸ਼ਾਮਲ ਹਨ। ਇਹ ਤਿੰਨੋਂ ਵਿਅਕਤੀ ਕਪੂਰਥਲਾ ਵਿੱਚ ਸਬਜ਼ੀਆਂ ਵੇਚਦੇ ਸਨ। ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਵੀ ਉਹ ਜਲੰਧਰ ਦੇ ਵੱਡੇ ਬਾਜ਼ਾਰ ਵਿੱਚ ਸਬਜ਼ੀਆਂ ਖਰੀਦਣ ਜਾ ਰਹੇ ਸਨ। ਜਦੋਂ ਉਹ ਮੰਡੀ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਤਿੰਨਾਂ ਦੀ ਮੌਤ ਹੋ ਗਈ।

ਮਕਸੂਦਾਂ ਥਾਣੇ ਦੀ ਪੁਲਿਸ ਜਾਂਚ ਲਈ ਘਟਨਾ ਸਥਾਨ ‘ਤੇ ਪਹੁੰਚ ਗਈ ਸੀ। ਹਾਦਸੇ ਤੋਂ ਕੁਝ ਘੰਟਿਆਂ ਬਾਅਦ, ਪੁਲਿਸ ਨੇ ਬੱਸ ਡ੍ਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਾਦਸੇ ਦਾ ਅਸਲ ਕਾਰਨ ਕੀ ਸੀ।ਇਸ ਦਰਦਨਾਕ ਹਾਦਸੇ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰ ਫੁੱਟ-ਫੁੱਟ ਕੇ ਰੋ ਰਹੇ ਹਨ।

ਇਹ ਵੀ ਪੜ੍ਹੋ : ਸਿਰਫ਼ ਮਨੋਰੰਜਨ ਹੀ ਨਹੀਂ, ਦਿਮਾਗ ਦੀ ਸਿਹਤ ਨੂੰ ਵੀ ਖਾ ਰਹੀਆਂ ਨੇ ਰੀਲਸ, ਸਟੱਡੀ ‘ਚ ਹੋਇਆ ਵੱਡਾ ਖੁਲਾਸਾ

ਥਾਣਾ ਮਕਸੂਦਾਂ ਦੇ ਐਸਐਚਓ ਬਿਕਰਮ ਸਿੰਘ ਨੇ ਕਿਹਾ ਕਿ ਸਾਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਇੱਕ ਛੋਟਾ ਹਾਥੀ ਅਤੇ ਬੱਸ ਦੀ ਟੱਕਰ ਹੋ ਗਈ ਹੈ। ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਹਾਲਾਂਕਿ, ਹੁਣ ਬੱਸ ਡ੍ਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਅਤੇ ਇਸ ਸਮੇਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਡ੍ਰਾਈਵਰ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਹਾਦਸੇ ਦਾ ਅਸਲ ਕਾਰਨ ਕੀ ਸੀ। ਡ੍ਰਾਈਵਰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

The post ਜਲੰਧਰ ‘ਚ PRTC ਬੱਸ ਤੇ ਛੋਟੇ ਹਾਥੀ ਦੀ ਟੱਕਰ, 3 ਲੋਕਾਂ ਦੀ ਮੌਤ: ਬੱਸ ਡ੍ਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ appeared first on Daily Post Punjabi.



Previous Post Next Post

Contact Form