ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚਾਂ ਨੂੰ ਲੈ ਕੇ ਇੱਕ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਭਾਰਤ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤੀ ਟੀਮ ਪਾਕਿਸਤਾਨ ਨਹੀਂ ਜਾਵੇਗੀ ਅਤੇ ਪਾਕਿਸਤਾਨੀ ਟੀਮ ਨੂੰ ਵੀ ਭਾਰਤ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਦੂਜੇ ਪਾਸੇ, ਏਸ਼ੀਆ ਕੱਪ ਅਤੇ ਆਈਸੀਸੀ ਟੂਰਨਾਮੈਂਟ ਵਰਗੇ ਬਹੁ-ਰਾਸ਼ਟਰੀ ਟੂਰਨਾਮੈਂਟਾਂ ਨੂੰ ਵੱਖਰੇ ਤੌਰ ‘ਤੇ ਮੰਨਿਆ ਜਾਵੇਗਾ। ਭਾਰਤ ਇਨ੍ਹਾਂ ਵਿੱਚ ਹਿੱਸਾ ਲੈ ਸਕਦਾ ਹੈ, ਬਸ਼ਰਤੇ ਇਹ ਕਿਸੇ ਨਿਰਪੱਖ ਸਥਾਨ ‘ਤੇ ਆਯੋਜਿਤ ਕੀਤੇ ਜਾਣ।
ਖੇਡ ਮੰਤਰਾਲੇ ਨੇ 20 ਅਗਸਤ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਕੋਈ ਵੀ ਦੁਵੱਲੀ ਲੜੀ ਖੇਡਣ ਲਈ ਪਾਕਿਸਤਾਨ ਨਹੀਂ ਜਾਵੇਗਾ ਅਤੇ ਨਾ ਹੀ ਭਾਰਤ ਸਰਕਾਰ ਪਾਕਿਸਤਾਨ ਟੀਮ ਨੂੰ ਭਾਰਤ ਵਿੱਚ ਆ ਕੇ ਖੇਡਣ ਦੀ ਇਜਾਜ਼ਤ ਦੇਵੇਗੀ। ਕਿਸੇ ਵੀ ਦੁਵੱਲੀ ਲੜੀ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੋਈ ਮੈਚ ਨਹੀਂ ਹੋਵੇਗਾ, ਪਰ ਕਿਸੇ ਵੀ ਭਾਰਤੀ ਖਿਡਾਰੀ ਜਾਂ ਟੀਮ ਨੂੰ ਅੰਤਰਰਾਸ਼ਟਰੀ ਸਮਾਗਮਾਂ ਵਿੱਚ ਹਿੱਸਾ ਲੈਣ ਤੋਂ ਨਹੀਂ ਰੋਕਿਆ ਜਾਵੇਗਾ, ਭਾਵੇਂ ਪਾਕਿਸਤਾਨੀ ਟੀਮ ਜਾਂ ਖਿਡਾਰੀ ਹਿੱਸਾ ਲੈ ਰਿਹਾ ਹੋਵੇ। ਇਸ ਤੋਂ ਇਲਾਵਾ ਪਾਕਿਸਤਾਨੀ ਖਿਡਾਰੀਆਂ ਨੂੰ ਭਾਰਤ ਦੁਆਰਾ ਆਯੋਜਿਤ ਕਿਸੇ ਵੀ ਅੰਤਰਰਾਸ਼ਟਰੀ ਟੂਰਨਾਮੈਂਟ ਜਾਂ ਮੈਚ ਵਿੱਚ ਹਿੱਸਾ ਲੈਣ ਤੋਂ ਨਹੀਂ ਰੋਕਿਆ ਜਾਵੇਗਾ।
ਜਾਰੀ ਕੀਤੇ ਗਏ ਦਸਤਾਵੇਜ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦਾ ਟੀਚਾ ਦੇਸ਼ ਨੂੰ ਵੱਧ ਤੋਂ ਵੱਧ ਅੰਤਰਰਾਸ਼ਟਰੀ ਸਮਾਗਮਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਕਰਨਾ ਹੈ। ਸਰਕਾਰ ਇਸ ਪ੍ਰਕਿਰਿਆ ਨੂੰ ਸਰਲ ਬਣਾਉਣ ‘ਤੇ ਵੀ ਜ਼ੋਰ ਦੇ ਰਹੀ ਹੈ ਤਾਂ ਜੋ ਵਿਦੇਸ਼ੀ ਖਿਡਾਰੀਆਂ ਅਤੇ ਟੀਮਾਂ ਨੂੰ ਭਾਰਤ ਆਉਣ ਵਿੱਚ ਜ਼ਿਆਦਾ ਮੁਸ਼ਕਲ ਨਾ ਆਵੇ। ਅੰਤਰਰਾਸ਼ਟਰੀ ਖੇਡ ਸੰਗਠਨਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਸਰਲ ਬਣਾਇਆ ਗਿਆ ਹੈ, ਜੋ 5 ਸਾਲਾਂ ਤੱਕ ਵੀਜ਼ਾ ਪ੍ਰਾਪਤ ਕਰ ਸਕਣਗੇ। ਇਹ ਅੰਤਰਰਾਸ਼ਟਰੀ ਖੇਡ ਸੰਗਠਨਾਂ ਨਾਲ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕੀਤਾ ਗਿਆ ਹੈ।
ਇਹ ਵੀ ਪੜ੍ਹੋ : GST ‘ਚ ਹੋਵੇਗਾ ਵੱਡਾ ਬਦਲਾਅ, 12% ਤੇ 28% ਸਲੈਬ ਖਤਮ ਕਰਨ ਦੇ ਪ੍ਰਸਤਾਵ ਨੂੰ ਮਿਲੀ ਮਨਜ਼ੂਰੀ
ਖੇਡ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਪਾਕਿਸਤਾਨ ਨਾਲ ਦੁਵੱਲੇ ਕ੍ਰਿਕਟ ਸਬੰਧਾਂ ਨੂੰ ਬਹਾਲ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਕਿਉਂਕਿ ਏਸ਼ੀਆ ਕੱਪ ਇੱਕ ਬਹੁ-ਰਾਸ਼ਟਰੀ ਟੂਰਨਾਮੈਂਟ ਹੈ, ਇਸ ਲਈ ਟੀਮ ਇੰਡੀਆ ਇਸ ਵਿੱਚ ਖੇਡੇਗੀ। ਇਸ ਫੈਸਲੇ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤ-ਪਾਕਿਸਤਾਨ ਮੁਕਾਬਲਾ ਸਿਰਫ਼ ਏਸ਼ੀਆ ਕੱਪ ਜਾਂ ਆਈਸੀਸੀ ਟੂਰਨਾਮੈਂਟਾਂ ਵਰਗੇ ਪਲੇਟਫਾਰਮਾਂ ‘ਤੇ ਹੀ ਦੇਖਣ ਨੂੰ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:
The post ਭਾਰਤ-ਪਾਕਿਸਤਾਨ ਵਿਚਾਲੇ ਨਹੀਂ ਹੋਣਗੇ ਦੁਵੱਲੇ ਮੈਚ, ਏਸ਼ੀਆ ਕੱਪ ਨੂੰ ਸਰਕਾਰ ਵੱਲੋਂ ਮਿਲੀ ਹਰੀ ਝੰਡੀ appeared first on Daily Post Punjabi.
source https://dailypost.in/news/national/no-bilateral-matches-between/