ਪੰਜਾਬ ਵਿਚ ਅੱਜ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ਵਿਚ ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਹ ਮੌਸਮ ਅਗਲੇ 24 ਘੰਟਿਆਂ ਤੱਕ ਬਣਿਆ ਰਹਿ ਸਕਦਾ ਹੈ।
ਜੰਮੂ-ਕਸ਼ਮੀਰ ਵਿਚ ਪਏ ਮੀਂਹ ਦੇ ਬਾਅਦ ਰਣਜੀਤ ਸਾਗਰ ਡੈਮ ਤੋਂ ਵਾਧੂ ਪਾਣੀ ਛੱਡਿਆ ਗਿਆ ਹੈ ਜਿਸ ਨਾਲ ਪੰਜਾਬ ਦੇ ਮਾਝਾ ਖੇਤਰ ਵਿਚ ਹੜ੍ਹ ਦਾ ਖਤਰਾ ਵਧ ਗਿਆ ਹੈ। ਰਾਵੀ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਜਿਸ ਕਾਰਨ ਪਠਾਨਕੋਟ-ਜੰਮੂ ਹਾਈਵੇ ਪਹਿਲਾਂ ਤੋਂ ਹੀ ਬੰਦ ਹੈ ਤੇ ਪਠਾਨਕੋਟ ਤੋਂ ਅੰਮ੍ਰਿਤਸਰ ਤੱਕ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਗੁਰਦਾਸਪੁਰ ਵਿਚ ਰਾਵੀ, ਉੱਜ ਤੇ ਚੱਕੀ ਨਦੀਆਂ ਵਿਚ ਪਾਣੀ ਵਧਣ ਨਾਲ ਕਈ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਦੀਨਾਨਗਰ ਵਿਚ ਰਾਵੀ ਤੇ ਉਜ ਨਦੀਆਂ ਦੇ ਸੰਗਮ ਪੱਤਨ ‘ਤੇ ਹੜ੍ਹ ਆ ਗਿਆ ਹੈ ਤੇ ਪਾਕਿਸਤਾਨ ਸਰਹੱਦ ਨਾਲ ਲੱਗਦੇ 7 ਪਿੰਡਾਂ ਤੂਰ, ਚੇਬੇ, ਮਮੀ ਚੱਕ ਰੰਗਾ, ਭਰਿਆਲ, ਲਸਿਆਨ, ਝੁੰਬਰ ਤੇ ਕਜਲਾ ਦਾ ਬਾਕੀ ਇਲਾਕੇ ਨਾਲ ਸੰਪਰਕ ਟੁੱਟ ਗਿਆ ਹੈ।
ਬੀਤੇ ਦਿਨੀਂ ਪੰਜਾਬ ਦੇ ਅੰਮ੍ਰਿਤਸਰ ਵਿਚ 7 ਮਿਲੀਮੀਟਰ, ਲੁਧਿਆਣਾ ‘ਚ 53.4, ਪਟਿਆਲਾ ਵਿਚ 3.4, ਫਾਜ਼ਿਲਕਾ ਵਿਚ 14.5 ਫਿਰੋਜ਼ਪੁਰ ‘ਚ 67, ਮੋਹਾਲੀ ‘ਚ 23.5, ਪਠਾਨਕੋਟ ਵਿਚ 32.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਜਿਸ ਦੇ ਬਾਅਦ ਸੂਬੇ ਦੇ ਤਾਪਮਾਨ ਵਿਚ 2.8 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਹ ਤਾਪਮਾਨ ਸਾਧਾਰਨ ਤੋਂ 2.6 ਡਿਗਰੀ ਵੱਧ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : 1 ਸਤੰਬਰ ਨੂੰ ਪੰਜਾਬ ‘ਚ ਰਾਖਵੀਂ ਛੁੱਟੀ ਦਾ ਐਲਾਨ, ਗਜ਼ਟਿਡ ਛੁੱਟੀ ਨਾ ਹੋਣ ਕਾਰਨ ਆਮ ਵਾਂਗ ਖੁੱਲ੍ਹੇ ਰਹਿਣਗੇ ਸਕੂਲ ਤੇ ਕਾਲਜ
ਪੰਜਾਬ ਵਿਚ ਕੱਲ੍ਹ ਵੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਹੈ। ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਤੇ ਰੂਪਨਗਰ ਵਿਚ ਅੱਜ ਦੁਬਾਰਾ ਮੀਂਹ ਦੇ ਆਸਾਰ ਬਣੇ ਹੋਏ ਹਨ ਪਰ ਉਸ ਦੇ ਬਾਅਦ ਦੋ ਦਿਨ ਬੁੱਧਵਾਰ ਤੇ ਵੀਰਵਾਰ ਨੂੰ ਮੌਸਮ ਸਾਧਾਰਨ ਰਹਿਣ ਦੀ ਅਨੁਮਾਨ ਹੈ ਪਰ ਸ਼ੁੱਕਰਵਾਰ ਤੋਂ ਮੀਂਹ ਦਾ ਨਵਾਂ ਦੌਰ ਸ਼ੁਰੂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
The post ਪੰਜਾਬ ਦੇ 4 ਜ਼ਿਲ੍ਹਿਆਂ ‘ਚ ਮੀਂਹ ਦਾ ਯੈਲੋ ਅਲਰਟ, ਰਣਜੀਤ ਸਾਗਰ ਡੈਮ ਤੋਂ ਛੱਡਿਆ ਜਾ ਰਿਹਾ ਵਾਧੂ ਪਾਣੀ, ਬਣੇ ਹੜ੍ਹ ਦੇ ਹਾਲਾਤ appeared first on Daily Post Punjabi.