ਫਰੀਦਕੋਟ ਵਿਚ ‘ਨਸ਼ਿਆਂ ਖਿਲਾਫ ਯੁੱਧ’ ਮੁਹਿੰਮ ਤਹਿਤ ਪ੍ਰਸ਼ਾਸਨ ਨੇ ਨਸ਼ਾ ਤਸਕਰ ਵੱਲੋਂ ਗੈਰ-ਕਾਨੂੰਨੀ ਤੌਰ ਤੋਂ ਬਣਾਈ ਗਈ ਇਮਾਰਤ ਨੂੰ ਜੇਸੀਬੀ ਦੀ ਮਸ਼ੀਨ ਨਾਲ ਨਸ਼ਟ ਕਰ ਦਿੱਤਾ। ਇਹ ਸਾਰੀ ਕਾਰਵਾਈ ਪੰਚਾਇਤ ਵਿਭਾਗ ਵੱਲੋਂ ਕੀਤੀ ਗਈ ਤੇ ਇਸ ਦੌਰਾਨ ਐੱਸਐੱਸਪੀ ਡਾ. ਪ੍ਰਗਿਆ ਜੈਨ ਸਣੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਾਜ਼ਰ ਰਹੇ।
ਜਾਣਕਾਰੀ ਮੁਤਾਬਕ ਸੂਬਾ ਸਰਕਾਰ ਦੇ ਨਸ਼ੇ ਖਿਲਾਫ ਯੁੱਧ ਮੁਹਿੰਮ ਤਹਿਤ ਫਰੀਦਕੋਟ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਹੀ ਪੰਚਾਇਤ ਵਿਭਾਗ ਨੇ ਫਰੀਦਕੋਟ ਦੇ ਭੋਲੂਵਾਲਾ ਰੋਡ ਸਥਿਤ ਗੋਬਿੰਦ ਨਗਰ ਵਿਚ ਨਸ਼ਾ ਤਸਕਰ ਚੰਦਨ ਕੁਮਾਰ ਵੱਲੋਂ ਸਰਕਾਰੀ ਜ਼ਮੀਨ ‘ਤੇ ਕੀਤੇ ਗਏ ਗੈਰ-ਕਾਨੂੰਨੀ ਨਿਰਮਾਣ ਨੂੰ ਜੇਸੀਬੀ ਨਾਲ ਨਸ਼ਟ ਕਰ ਦਿੱਤਾ ਗਿਆ।
ਮੁਲਜ਼ਮ ਚੰਦਨ ਕੁਮਾਰ ਖਿਲਾਫ ਡਰੱਗ ਤਸਕਰੀ ਦੇ ਕੁੱਲ ਚਾਰ ਮਾਮਲੇ ਦਰਜ ਹਨ ਤੇ ਇਨ੍ਹੀਂ ਦਿਨੀਂ ਮੁਲਜ਼ਮ ਜੇਲ੍ਹ ਵਿਚ ਬੰਦ ਹੈ। ਇਸ ਮੌਕੇ ਬੀਡੀਪੀਓ ਵਿਕਾਸ ਸ਼ਮਾ ਨੇ ਦੱਸਿਆ ਕਿ ਚੰਦਨ ਕੁਮਾਰ ਨਾਂ ਦੇ ਵਿਅਕਤੀ ਨੇ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰਕੇ ਨਿਰਮਾਣ ਕੀਤਾ ਹੋਇਆ ਸੀ ਜਿਸ ਬਾਰੇ ਪੰਚਾਇਤ ਨੇ ਲਿਖਿਤ ਰੂਪ ਵਿਚ ਪੰਚਾਇਤ ਵਿਭਾਗ ਨੂੰ ਜਾਣਕਾਰੀ ਦਿੱਤੀ ਸੀ।
ਇਸ ਦੇ ਬਾਅਦ ਉਕਤ ਵਿਅਕਤੀ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਪਰ ਉਸ ਨੇ ਗੈਰ-ਕਾਨੂੰਨੀ ਨਿਰਮਾਣ ਨੂੰ ਨਹੀਂ ਹਟਾਇਆ। ਇਸ ਦੇ ਚੱਲਦੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਪੰਚਾਇਤ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ। ਇਸ ਮੌਕੇ ਡਿਊਟੀ ਮੈਜਿਸਟ੍ਰੇਟ ਜਗਮਿੰਦਰ ਸਿੰਘ, ਐੱਸਪੀ ਸੰਦੀਪ ਵਢੇਰਾ, ਡੀਐੱਸਪੀ ਤਰਲੋਚਨ ਸਿੰਘ ਡੀਐੱਸਪੀ ਜਗਤਾਰ ਸਿੰਘ ਵੀ ਹਾਜ਼ਰ ਰਹੇ।
SSP ਪ੍ਰਗਿਆ ਜੈਨ ਨੇ ਕਿਹਾ ਕਿ ਫਰੀਦਕੋਟ ਜ਼ਿਲ੍ਹਾ ਪੁਲਿਸ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਤੇ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਪੁਲਿਸ ਨੇ ਨਸ਼ਾ ਤਸਕਰੀ ਦੇ 424 ਮਾਮਲੇ ਦਰਜ ਕਰਕੇ 651 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਨਸ਼ਾ ਤਸਕਰਾਂ ਦੀ 5.44 ਕਰੋੜ ਦੀ ਪ੍ਰਾਪਰਟੀ ਨੂੰ ਫ੍ਰੀਜ ਕਰਵਾਇਆ ਜਾ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:
The post ਫਰੀਦਕੋਟ ‘ਚ ਨਸ਼ਾ ਤਸਕਰ ਦੇ ਘਰ ਚੱਲਿਆ ਪੀਲਾ ਪੰਜਾ, ਮੁਲਜ਼ਮ ਖ਼ਿਲਾਫ਼ ਪਹਿਲਾਂ ਤੋਂ ਦਰਜ ਹਨ 4 ਮਾਮਲੇ appeared first on Daily Post Punjabi.