ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੇ ਬੇਅਦਬੀਆਂ ਦੇ ਮਾਮਲਿਆਂ ਵਿਚ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸਮਾਣਾ ਵਿਖੇ ਟਾਵਰ ’ਤੇ ਚੜ੍ਹ ਕੇ ਸੰਘਰਸ਼ ਕਰ ਰਹੇ ਸਿੱਖ ਨੌਜਵਾਨਨ ਸ. ਗੁਰਜੀਤ ਸਿੰਘ ਖ਼ਾਲਸਾ ਦੀ ਵਿਗੜ ਰਹੀ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਦੀ ਕਰੜੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ ’ਤੇ ਸਰਕਾਰ ਦੀ ਪਹੁੰਚ ਲਗਾਤਾਰ ਗੈਰ-ਜ਼ੁੰਮੇਵਰਾਨਾ ਰਹੀ ਹੈ, ਜਿਸ ਕਾਰਨ ਸਿੱਖ ਨੌਜਵਾਨ ਦੀ ਜ਼ਿੰਦਗੀ ਨੂੰ ਖ਼ਤਰਾ ਬਣਿਆ ਹੋਇਆ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਬੇਅਦਬੀਆਂ ਦਾ ਮਾਮਲਾ ਬੇਹੱਦ ਸੰਜੀਦਾ ਹੈ ਅਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਯਤਨਸ਼ੀਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਬੇਅਦਬੀਆਂ ਦੇ ਮਾਮਲੇ ਵਿਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਕਾਨੂੰਨ ਪਾਸ ਕਰਨ ਵਾਸਤੇ ਕਈ ਵਾਰ ਸਰਕਾਰਾਂ ਨੂੰ ਲਿਖਿਆ ਹੈ ਪਰ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਵੱਲੋਂ ਬੇਹੱਦ ਸੰਜੀਦਾ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸੇ ਹੀ ਸਬੰਧ ਵਿਚ ਸਿੱਖ ਨੌਜਵਾਨ ਸ. ਗੁਰਜੀਤ ਸਿੰਘ ਖਾਲਸਾ ਸੰਘਰਸ਼ ਦੇ ਰਾਹ ’ਤੇ ਹੈ ਪਰ ਸਰਕਾਰ ਦੀ ਖ਼ਾਮੋਸ਼ੀ ਸਵਾਲ ਖੜ੍ਹੇ ਕਰ ਰਹੀ ਹੈ।
ਇਹ ਵੀ ਪੜ੍ਹੋ : ਗਾਇਕ ਜਸਬੀਰ ਜੱਸੀ ਖਿਲਾਫ਼ ਸ਼ਿਕਾਇਤ ਦਰਜ, ਫਿਲਮ ‘ਸਰਦਾਰ ਜੀ-3’ ਨੂੰ ਲੈ ਕੇ ਦਿਲਜੀਤ ਦੋਸਾਂਝ ਦੇ ਹੱਕ ‘ਚ ਦਿੱਤਾ ਸੀ ਬਿਆਨ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਵਿਚ ਫੜ੍ਹੇ ਗਏ ਦੋਸ਼ੀ ਅਕਸਰ ਹੀ ਸਖ਼ਤ ਕਾਨੂੰਨ ਦੀ ਘਾਟ ਕਾਰਨ ਜਲਦ ਛੁੱਟ ਜਾਂਦੇ ਹਨ, ਜਿਸ ਨਾਲ ਸੰਗਤਾਂ ਦੀਆਂ ਭਾਵਨਾਵਾਂ ਆਹਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਬੇਅਦਬੀਆਂ ਵਿਰੁੱਧ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਨੌਜਵਾਨ ਦੀ ਸਮੁੱਚਾ ਪੰਥ ਹਮਾਇਤ ਕਰਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ ਇਸ ਨੌਜਵਾਨ ਨੂੰ ਮਿਲ ਕੇ ਸਮਰਥਨ ਦਿੱਤਾ ਗਿਆ ਸੀ ਅਤੇ ਹੁਣ ਵੀ ਸਿੱਖ ਸੰਸਥਾ ਉਸ ਦੇ ਨਾਲ ਹੈ।
ਵੀਡੀਓ ਲਈ ਕਲਿੱਕ ਕਰੋ -:
The post ਐਡਵੋਕੇਟ ਧਾਮੀ ਨੇ ਬੇਅਦਬੀਆਂ ਦੇ ਵਿਰੋਧ ‘ਚ ਟਾਵਰ ’ਤੇ ਚੜ੍ਹ ਕੇ ਸੰਘਰਸ਼ ਕਰ ਰਹੇ ਸਿੱਖ ਨੌਜਵਾਨ ਦੀ ਵਿਗੜਦੀ ਸਿਹਤ ’ਤੇ ਪ੍ਰਗਟਾਈ ਚਿੰਤਾ appeared first on Daily Post Punjabi.