ਨੰਗਲ ਡੈਮ ‘ਤੇ ਫਿਰ ਤੋਂ ਮਾਹੌਲ ਗਰਮਾ ਗਿਆ ਹੈ। ਤੀਜੀ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਹਰ ਦੂਜੇ-ਤੀਜੇ ਦਿਨ BBMB ਦੇ ਅਧਿਕਾਰੀ ਨੰਗਲ ਡੈਮ ‘ਤੇ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਅਸੀਂ ਭਾਰਤ-ਪਾਕਿਸਤਾਨ ਦੀ ਲੜਾਈ ਵਰਗੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਤੇ ਦੂਜੇ ਪਾਸੇ ਪਾਣੀ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਕ ਵਾਰ ਫਿਰ ਪੰਜਾਬ ਦਾ ਪਾਣੀ ਜ਼ਬਰਦਸਤੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। BBMB ਦੇ ਅਧਿਕਾਰੀ ਫਿਰ ਤੋਂ ਨੰਗਲ ਡੈਮ ਪਹੁੰਚ ਗਏ ਹਨ ਤੇ ਇਨ੍ਹਾਂ ਅਧਿਕਾਰੀਆਂ ਵੱਲੋਂ ਜ਼ਬਰਦਸਤੀ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਮੈਂ ਚੇਤਾਵਨੀ ਦਿੰਦਾ ਹਾਂ ਕਿ ਲਾਅ ਐਂਡ ਆਰਡਰ ਭੰਗ ਕਰਨ ਦੀ ਕੋਸ਼ਿਸ਼ ਨਾ ਕਰੋ ਤੇ ਜੇਕਰ ਕੋਈ ਜਾਨੀ-ਮਾਲੀ ਨੁਕਸਾਨ ਹੋ ਗਿਆ ਤਾਂ ਇਸ ਦੇ ਜ਼ਿੰਮੇਵਾਰ BBMB ਦੇ ਅਧਿਕਾਰੀ ਹੋਣਗੇ।
CM ਮਾਨ ਨੇ ਕਿਹਾ ਕਿ ਹਾਈਕੋਰਟ ਨੇ 28 ਮਈ ਦੀ ਤਰੀਕ ਦਿੱਤੀ ਹੋਈ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ BBMB ਵਾਲਿਆਂ ਨੇ ਜ਼ਿੱਦ ਫੜੀ ਹੋਈ ਹੈ ਕਿ ਪਾਣੀ ਇਥੋਂ ਲੈਣਾ ਹੈ। ਮੈਨੂੰ ਤੀਜੀ ਵਾਰ ਇਥੇ ਆਉਣਾ ਪਿਆ। ਉਨ੍ਹਾਂ ਕਿਹਾ ਕਿ ਰਾਜਸਥਾਨ ‘ਚ ਕੱਲ ਆਰਮੀ ਦੀ ਬੇਨਤੀ ਸੀ ਕਿ ਉਥੇ ਵੱਡੀ ਗਿਣਤੀ ਵਿਚ ਫੌਜ ਲਾ ਦਿੱਤੀ ਗਈ ਹੈ ਤੇ ਪਾਣੀ ਦੀ ਲੋੜ ਹੈ ਤਾਂ ਸਾਡੇ ਵੱਲੋਂ ਉਨ੍ਹਾਂ ਨੂੰ ਰਾਤੋਂ ਰਾਤ ਪਾਣੀ ਦਿੱਤਾ ਗਿਆ। ਆਰਮੀ ਵਾਸਤੇ ਪਾਣੀ ਤਾਂ ਕੀ ਖੂਨ ਵੀ ਹਾਜ਼ਰ ਹੈ। ਅਸੀਂ ਆਪਣੇ ਹਿੱਸੇ ਵਿਚੋਂ ਪਾਣੀ ਦਿੱਤਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੀ ਗੋ.ਲੀਬਾ.ਰੀ ‘ਚ ਹਿਮਾਚਲ ਦਾ ਜਵਾਨ ਸ਼ਹੀਦ, ਰਾਜੌਰੀ ‘ਚ ਤਾਇਨਾਤ ਸੀ ਸੂਬੇਦਾਰ ਮੇਜਰ ਪਵਨ ਕੁਮਾਰ
ਮੁੱਖ ਮੰਤਰੀ ਮਾਨ ਨੇ ਕਿਹਾ ਕਿ BBMB ਵਾਲੇ ਤੜਕੇ ਇਥੇ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨੰਗਲ ਡੈਮ ਸੈਂਸੇਟਿਵ ਜ਼ੋਨ ਹੈ। ਬਲੈਕਆਊਟ ਵੇਲੇ ਇਥੇ ਕੋਈ ਵੀ ਬੰਦਾ ਨਹੀਂ ਹੋਣਾ ਚਾਹੀਦਾ ਪਰ BBMB ਕਰਕੇ ਅਸੀਂ ਇਥੇ ਖੜ੍ਹੇ ਹਾਂ। ਜੇਕਰ ਕੁਝ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
The post ਨੰਗਲ ਡੈਮ ‘ਤੇ ਫਿਰ ਭਖਿਆ ਮਾਹੌਲ, ਪਹੁੰਚੇ CM ਭਗਵੰਤ ਮਾਨ, ਦਿੱਤਾ ਠੋਕਵਾਂ ਜਵਾਬ appeared first on Daily Post Punjabi.