ਗੁਰੂਹਰਸਹਾਏ ਦੇ ਪਿੰਡ ਛਾਂਗਾ ਰਾਏ ਉਤਾੜ ਦੇ ਰਹਿਣ ਵਾਲਾ ਇਕ ਨੌਜਵਾਨ ਜੋਕਿ ਆਪਣੇ ਮੋਟਰਸਾਈਕਲ ‘ਤੇ ਹਸਪਤਾਲ ਤੋਂ ਦਵਾਈ ਲੈਣ ਲਈ ਗਿਆ ਸੀ, ਦੀ ਲਾਸ਼ ਛੱਪੜ ਦੇ ਨੇੜਿਓਂ ਮਿਲੀ। ਪਰਿਵਾਰ ਨੇ ਜ਼ਮੀਨ ਕਰਕੇ ਰੰਜਿਸ਼ ਦੇ ਮਾਮਲੇ ਦੀ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸੇ ਦੇ ਚੱਲਦਿਆਂ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆਹੈ। ਮ੍ਰਿਤਕ ਦੀ ਪਛਾਣ ਸੁਖਮੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਛਾਂਗਾ ਰਾਏ ਉਤਾੜ ਵਜੋਂ ਹੋਈ ਹੈ। ਇਸ ਮਾਮਲੇ ਥਾਣਾ ਗੁਰੂਹਰਸਹਾਏ ਪੁਲਿਸ ਨੇ 6 ਬੰਦਿਆਂ ‘ਤੇ ਬਾਏ ਨੇਮ ਅਤੇ 4 ਅਣਪਛਾਤੇ ਬੰਦਿਆਂ ਖਿਲਾਫ 103 (1), 351 (2) 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰੇਸ਼ਮ ਸਿੰਘ ਪੁੱਤਰ ਮੁਨਸ਼ਾ ਸਿੰਘ ਵਾਸੀ ਪਿੰਡ ਛਾਂਗਾ ਰਾਏ ਉਤਾੜ ਨੇ ਦੱਸਿਆ ਕਿ ਉਸ ਦਾ ਲੜਕਾ ਸੁਖਮੰਦਰ ਸਿੰਘ ਸਵੇਰੇ 8 ਵਜੇ ਕਾਲੇ ਪੀਲੀਏ ਦੀ ਦਵਾਈ ਲੈਣ ਸਬੰਧੀ ਸਿਵਲ ਹਸਪਤਾਲ ਫਿਰੋਜ਼ਪੁਰ ਆਪਣੇ ਮੋਟਰਸਾਈਕਲ ’ਤੇ ਗਿਆ ਸੀ ਤਾਂ ਕਰੀਬ 12 ਵਜੇ ਦੁਪਹਿਰ ਉਸ ਦੇ ਪਿੰਡ ਦੇ ਮੰਗਲ ਸਿੰਘ ਅਤੇ ਤਾਰਾ ਸਿੰਘ ਉਸ ਦੇ ਘਰ ਆਏ।
ਉਨ੍ਹਾਂ ਦੱਸਿਆ ਕਿ ਤੁਹਾਡਾ ਲੜਕਾ ਸੁਖਮੰਦਰ ਸਿੰਘ ਪਿੰਡ ਬਾਜੇ ਕੇ ਨਹਿਰ ਦੇ ਨਾਲ ਪਾਣੀ ਵਾਲੇ ਛੱਪੜ ਦੇ ਕੋਲ ਡਿੱਗਿਆ ਪਿਆ ਹੈ, ਜੋ ਸੜਕ ਤੋਂ ਦੂਰ ਕਰੀਬ 100 ਮੀਟਰ ’ਤੇ ਹੈ। ਰੇਸ਼ਮ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਲੜਕੇ ਜਸਵਿੰਦਰ ਸਿੰਘ ਨਾਲ ਉਥੇ ਪਹੁੰਚੇ ਤਾਂ ਉਥੇ ਵੇਖਿਆ ਕਿ ਉਸ ਦਾ ਲੜਕਾ ਉਥੇ ਬੇਹੋਸ਼ ਪਿਆ ਸੀ, ਜਦੋਂ ਉਸ ਦੀ ਨਬਜ਼ ਚੈੱਕ ਕੀਤੀਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਇਸ ਦੌਰਾਨ ਹੋਰ ਵੀ ਪਿੰਡਾਂ ਦੇ ਲੋਕ ਇਕੱਠੇ ਹੋ ਗਏ। ਉਸ ਦੀ ਧੌਣ ਟੁੱਟੀ ਪਈ ਸੀ ਅਤੇ ਉਸ ਦੇ ਸਾਰੇ ਸਰੀਰ ’ਤੇ ਹੋਰ ਵੀ ਸੱਟਾਂ ਲੱਗੀਆਂ ਪਈਆਂ ਸਨ।
ਇਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਤੇ ਇਸ ਦੀ ਵਜ੍ਹਾ ਰੰਜਿਸ਼ ਹੈ। ਉਨ੍ਹਾਂ ਚਿਮਨ ਸਿੰਘ ਪੁੱਤਰ ਸੰਤਾ ਸਿੰਘ, ਸੁਰਜੀਤ ਸਿੰਘ ਪੁੱਤਰ ਚਿਮਨ ਸਿੰਘ, ਪੱਪੂ ਸਿੰਘ ਪੁੱਤਰ ਚਿਮਨ ਸਿੰਘ, ਬੱਗੂ ਸਿੰਘ ਪੁੱਤਰ ਚਿਮਨ ਸਿੰਘ, ਜੁੰਮਾ ਸਿੰਘ ਅਤੇ ਦਲੀਪ ਸਿੰਘ ਪੁੱਤਰਾਨ ਮਹਿੰਦਰ ਸਿੰਘ ਵਾਸੀਅਨ ਛਾਂਗਾ ਰਾਏ ਉਤਾੜ ‘ਤੇ ਕਤਲ ਵਿਚ ਸ਼ਾਮਲ ਹੋਣ ਹੋਣ ਦੇ ਦੋਸ਼ ਲਾਏ ਜਿਨ੍ਹਾਂ ਨਾਲ ਜ਼ਮੀਨ ਨੂੰ ਲੈ ਕੇ ਉਨ੍ਹਾਂ ਦੀ ਰੰਜਿਸ਼ ਚੱਲ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੇ ਵਧਾਇਆ ਮਾਣ, ਆਸਟ੍ਰੇਲੀਆ ‘ਚ ਬਣੀ ਪਹਿਲੀ ਮਹਿਲਾ ਪੰਜਾਬੀ ਸੰਸਦ ਮੈਂਬਰ
ਉਨ੍ਹਾਂ ਦੀ ਦੀ ਜ਼ਮੀਨ ਕਰੀਬ 21 ਮਰਲੇ ਹਨ, ਜਿਸ ਸਬੰਧੀ ਅਦਾਲਤ ਗੁਰੂਹਰਸਹਾਏ ਵਿਚ ਵੀ ਕੇਸ ਚੱਲਦਾ ਆ ਰਿਹਾ ਹੈ ਅਤੇ ਉਸ ਦਾ ਕਬਜ਼ਾ ਲੈਣਾ ਚਾਹੁੰਦੇ ਸੀ ਅਤੇ ਸਾਨੂੰ ਜਾਨੋਂ ਇਹ ਲੋਕ ਮਾਰਨ ਦੀਆਂ ਧਮਕੀਆਂ ਦਿੰਦੇ ਆ ਰਹੇ ਸੀ ਕਿ ਤੁਸੀਂ ਜ਼ਮੀਨ ਛੱਡ ਦਿਓ ਨਹੀਂ ਤਾਂ ਤੁਹਾਨੂੰ ਜਿਉਂਦਾ ਨਹੀਂ ਛੱਡਣਾ।
ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਅਤੇ 4 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਗੁਰੂਹਰਸਹਾਏ : ਦਵਾਈ ਲੈਣ ਗਏ ਨੌਜਵਾਨ ਦੀ ਛੱਪੜ ਨੇੜਿਓਂ ਮਿਲੀ ਲਾਸ਼, ਮਿਲ ਰਹੀਆਂ ਸਨ ਧਮਕੀਆਂ appeared first on Daily Post Punjabi.