ਪਹਿਲਗਾਮ ਅੱਤਵਾਦੀ ਹਮਲੇ ਦੇ ਬਦਲੇ ਵਿੱਚ ‘ਆਪ੍ਰੇਸ਼ਨ ਸਿੰਦੂਰ’ ਤਹਿਤ ਭਾਰਤ ਵੱਲੋਂ ਪਾਕਿਸਤਾਨ ‘ਤੇ ਕੀਤੇ ਗਏ ਹਵਾਈ ਹਮਲੇ ਵਿਚਾਲੇ ਪੰਜਾਬ ਦੇ ਬਠਿੰਡਾ ਵਿੱਚ ਇੱਕ ਕਣਕ ਦੇ ਖੇਤ ਵਿੱਚ ਇੱਕ ਪਲੇਨ ਕ੍ਰੈਸ਼ ਹੋ ਗਿਆ, ਜਿਸ ਵਿੱਚ 9 ਲੋਕ ਜ਼ਖਮੀ ਹੋ ਗਏ। ਮ੍ਰਿਤਕ ਦਾ ਨਾਮ ਗੋਵਿੰਦ ਹੈ ਅਤੇ ਉਹ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਜਿਸ ਜਗ੍ਹਾ ਪਲੇਨ ਕ੍ਰੈਸ਼ ਹੋਇਆ ਹੈ, ਉਹ ਆਬਾਦੀ ਤੋਂ 500 ਮੀਟਰ ਦੂਰ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਬਠਿੰਡਾ ਦੇ ਗੋਨਿਆਣਾ ਮੰਡੀ ‘ਚ ਪੈਂਦੇ ਪਿੰਡ ਅਕਲੀਆਂ ਕਲਾਂ ‘ਚ ਤੜਕੇ 2 ਵਜੇ ਵਾਪਰੀ। ਇਸ ਦੌਰਾਨ ਜਹਾਜ਼ ਖੇਤ ਵਿੱਚ ਡਿੱਗ ਪਿਆ। ਜਿਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਮੀਡੀਆ ਨੂੰ ਵੀ 2 ਕਿਲੋਮੀਟਰ ਦੂਰ ਰੋਕ ਦਿੱਤਾ ਗਿਆ ਹੈ।
ਇਸ ਘਟਨਾ ਦੇ ਕੁਝ ਵੀਡੀਓ ਵੀ ਸਾਹਮਣੇ ਆਏ ਹਨ, ਜਿਸ ਵਿੱਚ ਖੇਤ ਵਿੱਚ ਜਹਾਜ਼ ਵਰਗੀ ਕੋਈ ਚੀਜ਼ ਸੜਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ, ਇੱਕ ਚਸ਼ਮਦੀਦ ਗਵਾਹ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਹੈ ਕਿ ਜਹਾਜ਼ ਖੇਤ ਵਿੱਚ ਕ੍ਰੈਸ਼ ਹੋ ਗਿਆ ਹੈ। ਜਦੋਂ ਲੋਕਾਂ ਨੇ ਇਸ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇਸ ਵਿਚ ਬਲਾਸਟ ਹੋ ਗਿਆ। ਵੀਡੀਓ ਵਿੱਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਅੱਗ ਬੁਝਾਉਂਦੇ ਦਿਖਾਈ ਦੇ ਰਹੇ ਹਨ।
ਇਹ ਕਿਹੜਾ ਜਹਾਜ਼ ਹੈ ਅਤੇ ਇਹ ਕਿਸਦਾ ਹੈ, ਇਸ ਬਾਰੇ ਅਜੇ ਕੁਝ ਪਤਾ ਨਹੀਂ ਹੈ। ਇਸਦੇ ਪਾਇਲਟ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਗੋਨਿਆਣਾ ਮੰਡੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ (ਐਸਐਮਓ) ਡਾ. ਧੀਰਾ ਗੁਪਤਾ ਨੇ ਕਿਹਾ – ਸਵੇਰੇ ਲਗਭਗ 2.30 ਵਜੇ, ਸੂਚਨਾ ਮਿਲੀ ਕਿ ਕੁਝ ਮਰੀਜ਼ ਹਸਪਤਾਲ ਆਏ ਹਨ, ਜੋ ਸ਼ਾਇਦ ਕਿਸੇ ਪਲੇਨ ਕ੍ਰੈਸ਼ ਵਰਗੇ ਹਾਦਸੇ ਵਿੱਚ ਜ਼ਖਮੀ ਹੋਏ ਹਨ। ਸਾਨੂੰ ਕਿਸੇ ਨੇ ਨਹੀਂ ਦੱਸਿਆ ਕਿ ਕਿੱਥੇ ਅਤੇ ਕਿਹੜਾ ਜਹਾਜ਼ ਹਾਦਸਾਗ੍ਰਸਤ ਹੋਇਆ?
ਐਸਐਮਓ ਡਾ: ਧੀਰਾ ਗੁਪਤਾ ਨੇ ਅੱਗੇ ਕਿਹਾ ਕਿ ਗੋਨਿਆਣਾ ਮੰਡੀ ਦੇ ਸਾਡੇ ਹਸਪਤਾਲ ਵਿੱਚ ਕੁੱਲ 10 ਲੋਕਾਂ ਨੂੰ ਲਿਆਂਦਾ ਗਿਆ ਸੀ। ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ। ਬਾਕੀ 9 ਲੋਕ ਜ਼ਖਮੀ ਹੋ ਗਏ। ਸਾਰਿਆਂ ਦਾ ਇਲਾਜ ਤੁਰੰਤ ਸ਼ੁਰੂ ਕਰ ਦਿੱਤਾ ਗਿਆ।
ਐਸਐਮਓ ਡਾ: ਧੀਰਾ ਗੁਪਤਾ ਨੇ ਦੱਸਿਆ ਕਿ 2 ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ। ਇਸ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਬਠਿੰਡਾ ਭੇਜਿਆ ਗਿਆ। ਬਾਕੀਆਂ ਨੂੰ ਮਾਮੂਲੀ ਇਲਾਜ ਤੋਂ ਬਾਅਦ ਕਿਸੇ ਹੋਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਡਾਕਟਰ ਗੁਪਤਾ ਨੇ ਅੱਗੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਕੁਝ ਲੋਕ ਬਾਹਰੋਂ ਖੇਤਾਂ ਵਿੱਚ ਕੰਮ ਕਰਨ ਲਈ ਇੱਥੇ ਆਏ ਸਨ, ਉਹ ਵੀ ਜ਼ਖਮੀ ਹੋਏ ਹਨ। ਇਸ ਵੇਲੇ ਸਥਿਤੀ ਸਾਡੇ ਕਾਬੂ ਵਿੱਚ ਹੈ।
ਇਹ ਵੀ ਪੜ੍ਹੋ : ਭਾਰਤੀ ਫੌਜ ਦੀ ਵੱਡੀ ਕਾਰਵਾਈ, ਪਾਕਿਸਤਾਨ ਦਾ JF-17 ਲੜਾਕੂ ਜਹਾਜ਼ ਕੀਤਾ ਢਹਿ-ਢੇਰੀ
ਦੱਸ ਦੇਈਏ ਕਿ ਹਾਦਸੇ ਸਬੰਧੀ ਬਠਿੰਡਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਮੀਡੀਆ ਨੂੰ ਘਟਨਾ ਵਾਲੀ ਥਾਂ ਤੋਂ 2 ਕਿਲੋਮੀਟਰ ਦੂਰ ਰੱਖਿਆ ਗਿਆ ਹੈ। ਮੌਕੇ ‘ਤੇ ਸਿਰਫ਼ ਪੰਜਾਬ ਪੁਲਿਸ ਦੇ ਅਧਿਕਾਰੀ ਹੀ ਮੌਜੂਦ ਹਨ। ਇਹ ਕਿਸਦਾ ਜਹਾਜ਼ ਸੀ, ਕਿੱਥੋਂ ਜਾ ਰਿਹਾ ਸੀ ਅਤੇ ਕਿੱਥੇ? ਇਸਨੂੰ ਕੌਣ ਉਡਾ ਰਿਹਾ ਸੀ? ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਇਸ ਵੇਲੇ ਸਾਰੇ ਪੁਲਿਸ ਦੀ ਨਿਗਰਾਨੀ ਹੇਠ ਹੈ। ਇਸ ਜਹਾਜ਼ ਦੇ ਆਪ੍ਰੇਸ਼ਨ ਸਿੰਦੂਰ ਨਾਲ ਸਬੰਧ ਬਾਰੇ ਪੁਲਿਸ ਜਾਂ ਫੌਜ ਵੱਲੋਂ ਅਜੇ ਤੱਕ ਕੋਈ ਰਸਮੀ ਬਿਆਨ ਨਹੀਂ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
The post ‘ਆਪ੍ਰੇਸ਼ਨ ਸਿੰਦੂਰ’ ਵਿਚਾਲੇ ਬਠਿੰਡਾ ਦੇ ਖੇਤਾਂ ‘ਚ ਪਲੇਨ ਕ੍ਰੈਸ਼, ਕੁਝ ਲੋਕ ਹੋਏ ਜ਼ਖਮੀ, 2 KM ਤੱਕ ਇਲਾਕਾ ਸੀਲ appeared first on Daily Post Punjabi.