ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਫਰੀਦਕੋਟ ਦੇ ਮਿੰਨੀ ਸਕੱਤਰੇਤ ਵਿਚ ਜ਼ਿਲ੍ਹਾ ਅਧਿਕਾਰੀਆਂ ਦੀ ਬੈਠਕ ਵਿਚ ਹਿੱਸਾ ਲਿਆ। ਇਸ ਬੈਠਕ ਵਿਚ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਤੇ ਐੱਸਐੱਸਪੀ ਡਾ. ਪ੍ਰਗਿਆ ਜੈਨ ਵੀ ਹਾਜ਼ਰ ਰਹੇ। ਬੈਠਕ ਦਾ ਮੁੱਖ ਉਦੇਸ਼ ਫਰੀਦਕੋਟ ਜ਼ਿਲ੍ਹੇ ਵਿਚ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਦੀ ਸਮੀਖਿਆ ਕਰਨਾ ਤੇ ਅੱਗੇ ਦੀ ਰਣਨੀਤੀ ਤੈਅ ਕਰਨਾ ਸੀ।
ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਤੇ ਮੁਹਿੰਮ ਨੂੰ ਹੋਰ ਵੱਧ ਪ੍ਰਭਾਵਸ਼ਾਲੀ ਬਣਾਉਣ ‘ਤੇ ਜ਼ੋਰ ਦਿੱਤਾ। ਸਿਹਤ ਮੰਤਰੀ ਨੇ ਦੱਸਿਆ ਕਿ ਨਸ਼ਾ ਮੁਕਤੀ ਮੁਹਿੰਮ ਤਹਿਤ ਸੂਬੇ ਭਰ ਵਿਚ 5 ਹਜ਼ਾਰ ਵਾਧੂ ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ ਜਿਸ ਵਿਚ ਫਰੀਦਕੋਟ ਜਿਲ੍ਹੇ ਦੇ ਨਸ਼ਾ ਮੁਕਤੀ ਕੇਂਦਰਾਂ ਵਿਚ 300 ਵਾਧੂ ਬੈੱਡ ਸ਼ਾਮਲ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਆਉਣ ਵਾਲੀਆਂ ਨਸ਼ੀਲੀਆਂ ਦਵਾਈਆਂ ਦੀ ਖੇਪ ਨੂੰ ਵੀ ਕੋਈ ਉਠਾਉਣ ਨਹੀਂ ਜਾਂਦਾ ਜੋ ਸਰਕਾਰ ਦੀ ਸਖਤ ਕਾਰਵਾਈ ਦਾ ਨਤੀਜਾ ਹੈ। ਪਾਕਿ ਤੋਂ ਡਰੋਨ ਰਾਹੀਂ ਨਸ਼ਿਆਂ ਦੀ ਸਪਲਾਈ ‘ਚ 70 ਫੀਸਦੀ ਕਟੌਤੀ ਹੋਈ ਹੈ।ਹੁਣ ਨਸ਼ਾ ਤਸਕਰ ਜਾਂ ਤਾਂ ਨਸ਼ੇ ਦਾ ਕਾਰੋਬਾਰ ਛੱਡ ਰਹੇ ਨੇ ਜਾਂ ਤਾਂ ਪੰਜਾਬ।
ਸਿਹਤ ਮੰਤਰੀ ਨੇ ਸਕਲ ਪੱਧਰ ਤੋਂ ਹੀ ਨਸ਼ੇ ਦੇ ਗਲਤ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਸਕੂਲਾਂ ਵਿਚ ਵਿਸ਼ੇਸ਼ ਜਾਗੂਰਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣ। ਨਾਲ ਹੀ ਉਨ੍ਹਾਂ ਨੇ ਜਨਤਕ ਸਿਹਤ ਨਾਲ ਜੁੜੇ ਹੋਰ ਮੁੱਦਿਆਂ ‘ਤੇ ਵੀ ਧਿਆਨ ਦਿੱਤਾ ਤੇ ਅਧਿਕਾਰੀਆਂ ਨੂੰ ਮੱਛਰਾਂ ਤੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਤਤਕਾਲ ਕਾਰਵਾਈ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਆਨਲਾਈਨ NRI ਮਿਲਣੀ ਭਲਕੇ, ਵਿਦੇਸ਼ਾਂ ‘ਚ ਵਸੇ ਪੰਜਾਬੀਆਂ ਦੀ ਸਮੱਸਿਆਵਾਂ ਦੀ ਹੋਵੇਗੀ ਸੁਣਵਾਈ
ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀ 10 ਲੱਖ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਸਾਰੇ ਨਾਗਰਿਕਾਂ ਨੂੰ ਫਾਇਦਾ ਮਿਲੇਗਾ ਤੇ ਇਸ ਨੂੰ ਬਹੁਤ ਜਲਦ ਲਾਗੂ ਕਰ ਦਿੱਤਾ ਜਾਵੇਗਾ। ਨਸ਼ਾ ਮੁਕਤੀ ਕੇਂਦਰਾਂ ਦੀ ਜਾਣਕਾਰੀ, ਇਲਾਜ, ਨਸ਼ੇ ਦੇ ਆਦਿ ਲੋਕਾਂ ਦੀ ਮਦਦ ਲਈ ਜਲਦ ਹੀ ਸੂਬਾ ਪੱਧਰੀ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

The post ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਦਾਅਵਾ-‘ਪਾਕਿ ਤੋਂ ਡ੍ਰੋਨ ਰਾਹੀਂ ਨਸ਼ਿਆਂ ਦੀ ਸਪਲਾਈ ‘ਚ 70 ਫੀਸਦੀ ਹੋਈ ਕਟੌਤੀ’ appeared first on Daily Post Punjabi.