ਪੰਜਾਬ ਵਿੱਚ ਗਰਮੀ ਦਾ ਕਹਿਰ ਵਧ ਗਿਆ ਹੈ। ਸੂਬੇ ‘ਚ ਅਪ੍ਰੈਲ ‘ਚ ਹੀ ਤਾਪਮਾਨ ਨੇ ਕਈ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਸੂਬੇ ‘ਚ ਦਿਨ ਵੇਲੇ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਤਾਪਮਾਨ ਰਿਕਾਰਡ ਪੱਧਰ ‘ਤੇ ਪਹੁੰਚ ਰਿਹਾ ਹੈ। ਸੋਮਵਾਰ ਨੂੰ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਦਰਜ ਕੀਤਾ ਗਿਆ।
ਅਜਿਹੇ ‘ਚ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ‘ਚ ਸੋਮਵਾਰ ਨੂੰ ਬਠਿੰਡਾ ਦੇ ਨੇੜਲੇ ਇਲਾਕਿਆਂ ‘ਚ ਗਰਮੀ ਦਾ ਕਹਿਰ ਰਿਹਾ, ਜਿਸ ਕਾਰਨ ਇੱਥੇ ਪਾਰਾ 41.9 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਵਿੱਚ ਲੂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਵਿਭਾਗ ਮੁਤਾਬਕ ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 4 ਡਿਗਰੀ ਦਾ ਵਾਧਾ ਹੋ ਸਕਦਾ ਹੈ ਪਰ ਇਸ ਤੋਂ ਬਾਅਦ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਕਿਉਂਕਿ ਵਿਭਾਗ ਨੇ 10 ਅਤੇ 11 ਅਪ੍ਰੈਲ ਨੂੰ ਪੰਜਾਬ ‘ਚ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਖਾਸ ਕਰਕੇ 10 ਅਪ੍ਰੈਲ ਨੂੰ ਮੌਸਮ ਖ਼ਰਾਬ ਰਹੇਗਾ। ਤੇਜ਼ ਹਵਾਵਾਂ ਅਤੇ ਅਸਮਾਨ ਵਿੱਚ ਬਿਜਲੀ ਚਮਕਣ ਦੇ ਨਾਲ ਬਾਰਿਸ਼ ਹੋਵੇਗੀ।
ਸੋਮਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਹ ਆਮ ਨਾਲੋਂ 6.2 ਡਿਗਰੀ ਵੱਧ ਗਿਆ ਹੈ। ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 1.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਹ ਵੀ ਆਮ ਨਾਲੋਂ 3.5 ਡਿਗਰੀ ਵੱਧ ਹੈ। ਸਭ ਤੋਂ ਘੱਟ ਤਾਪਮਾਨ ਨਵਾਂਸ਼ਹਿਰ ਵਿੱਚ 17.1 ਡਿਗਰੀ ਦਰਜ ਕੀਤਾ ਗਿਆ।
ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 37.0 ਡਿਗਰੀ, ਲੁਧਿਆਣਾ ਦਾ 39.2 ਡਿਗਰੀ, ਪਟਿਆਲਾ ਦਾ 38.6 ਡਿਗਰੀ, ਪਠਾਨਕੋਟ ਦਾ 37.0 ਡਿਗਰੀ, ਫਰੀਦਕੋਟ ਦਾ 39.5 ਡਿਗਰੀ, ਫਿਰੋਜ਼ਪੁਰ ਦਾ 38.0 ਡਿਗਰੀ ਅਤੇ ਜਲੰਧਰ ਦਾ ਤਾਪਮਾਨ 37.3 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 19.6 ਡਿਗਰੀ, ਲੁਧਿਆਣਾ ਦਾ ਵੀ 19.6 ਡਿਗਰੀ, ਪਟਿਆਲਾ ਦਾ 20.0 ਡਿਗਰੀ, ਪਠਾਨਕੋਟ ਦਾ 17.6 ਡਿਗਰੀ ਅਤੇ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 19.6 ਡਿਗਰੀ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਮਨੋਰੰਜਨ ਕਾਲੀਆ ਦੇ ਘਰ ਗ੍ਰ/ਨੇਡ ਸੁੱਟਣ ਵਾਲੇ ਬੰਦੇ ਗ੍ਰਿਫਤਾਰ, ਪੁਲਿਸ ਨੇ 12 ਘੰਟਿਆਂ ‘ਚ ਸੁਲਝਾਇਆ ਮਾਮਲਾ
ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ
- ਧੁੱਪ ਤੋਂ ਬਚੋ
- ਕਾਫ਼ੀ ਪਾਣੀ ਪੀਓ ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਾਓ
- ਆਪਣੇ ਸਿਰ ਨੂੰ ਕੱਪੜੇ, ਟੋਪੀ, ਛੱਤਰੀ ਆਦਿ ਨਾਲ ਢੱਕੋ।
- ਫਸਲਾਂ ‘ਤੇ ਗਰਮੀ ਦੇ ਪ੍ਰਭਾਵ ਨੂੰ ਘਟਾਉਣ ਲਈ, ਸਵੇਰੇ ਅਤੇ ਸ਼ਾਮ ਨੂੰ ਸਿੰਚਾਈ ਕਰੋ।
ਵੀਡੀਓ ਲਈ ਕਲਿੱਕ ਕਰੋ -:

The post ਪੰਜਾਬ ‘ਚ 42 ਡਿਗਰੀ ਪਹੁੰਚਿਆ ਪਾਰਾ, ਕਹਿਰ ਦੀ ਗਰਮੀ ਵਿਚਾਲੇ ਇਨ੍ਹਾਂ ਤਰੀਕਾਂ ਨੂੰ ਰਾਹਤ ਦੀ ਉਮੀਦ appeared first on Daily Post Punjabi.