ਲੁਧਿਆਣਾ ਵਿੱਚ ਅੱਜ (ਸੋਮਵਾਰ) ਵਿਜੀਲੈਂਸ ਬਿਊਰੋ ਦੀ ਟੀਮ ਨੇ ਨਗਰ ਨਿਗਮ ਲੁਧਿਆਣਾ ਵਿੱਚ ਤਾਇਨਾਤ ਸੁਪਰਡੈਂਟ ਇੰਜਨੀਅਰ (ਐਸ.ਈ.) ਸੰਜੇ ਕੰਵਰ ਨੂੰ ਇੱਕ ਠੇਕੇਦਾਰ ਤੋਂ ਕਮਿਸ਼ਨ ਦੇ ਰੂਪ ਵਿੱਚ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਇਹ ਖੁਲਾਸਾ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਲੁਧਿਆਣਾ ਦੇ ਇੱਕ ਠੇਕੇਦਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਉਪਰੰਤ ਕੀਤੀ ਗਈ ਹੈ।
ਠੇਕੇਦਾਰ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਸ ਨੇ ਨਹਿਰੂ ਰੋਜ਼ ਗਾਰਡਨ, ਸਿਵਲ ਲਾਈਨਜ਼, ਲੁਧਿਆਣਾ ਵਿਖੇ ਪੁਨਰ ਨਿਰਮਾਣ ਪ੍ਰਾਜੈਕਟ ਲਈ ਟੈਂਡਰ ਦਿੱਤਾ ਸੀ। ਉਕਤ ਦੋਸ਼ੀ ਐਸ.ਈ. ਨੇ ਇਹ ਟੈਂਡਰ ਅਲਾਟ ਕਰਨ ਬਦਲੇ 10 ਫੀਸਦੀ ਕਮਿਸ਼ਨ ਦੀ ਰਿਸ਼ਵਤ ਦੀ ਮੰਗ ਕੀਤੀ। ਰਿਸ਼ਵਤ ਦੀ ਮੰਗ ਸਬੰਧੀ ਕੀਤੀ ਗਈ ਗੱਲਬਾਤ ਨੂੰ ਸ਼ਿਕਾਇਤਕਰਤਾ ਵੱਲੋਂ ਰਿਕਾਰਡ ਕਰ ਲਿਆ ਗਿਆ ਜੋਕਿ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਗਿਆ।
ਇਹ ਵੀ ਪੜ੍ਹੋ : ਪਰਿਵਾਰ ਦੀ ਗਰੀਬੀ ਮਿਟਾਉਣ ਗਏ ਪੰਜਾਬੀ ਮੁੰਡੇ ਦੀ ਦੁਬਈ ‘ਚ ਮੌ/ਤ, ਕਰਜ਼ੇ ਹੇਠ ਦਬੇ ਮਾਪੇ
ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਦੋਸ਼ੀ ਐਸ.ਈ ਸੰਜੇ ਕੰਵਰ ਦੇ ਖਿਲਾਫ ਵਿਜੀਲੈਂਸ ਬਿਓਰੋ ਦੇ ਲੁਧਿਆਣਾ ਰੇਂਜ ਪੁਲਿਸ ਸਟੇਸ਼ਨ ਵਿਖੇ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਭਲਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

The post ਵਿਜੀਲੈਂਸ ਦਾ ਐਕਸ਼ਨ, ਠੇਕੇਦਾਰ ਤੋਂ 10 ਫ਼ੀਸਦੀ ਕਮਿਸ਼ਨ ਮੰਗਣ ਦੇ ਦੋਸ਼ ‘ਚ SE ਗ੍ਰਿਫਤਾਰ appeared first on Daily Post Punjabi.