ਜਲੰਧਰ ‘ਚ ਬੀਤੇ ਮਹੀਨੇ 25 ਜਨਵਰੀ ਨੂੰ ਛਾਪੇਮਾਰੀ ਕਰਨ ਗਈ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਸੀ.ਆਈ.ਏ ਸਟਾਫ ਟੀਮ ‘ਤੇ ਗੋਲੀ ਚਲਾਉਣ ਵਾਲੇ ਧਰਮਿੰਦਰ ਖਿਲਾਫ ਐਕਸ਼ਨ ਲੈਂਦੇ ਹੋਏ ਉਸ ਦੇ ਘਰ ‘ਤੇ ਅੱਜ ਪੁਲਿਸ ਨੇ ਬੁਲਡੋਜ਼ਰ ਚਲਾ ਦਿੱਤਾ। ਦੋਸ਼ੀ ਨੂੰ ਸੀਆਈਏ ਪੁਲਿਸ ਪਾਰਟੀ ਨੇ ਘਟਨਾ ਤੋਂ ਕੁਝ ਦਿਨ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ।
ਉਸ ਦੇ ਖਿਲਾਫ ਥਾਣਾ ਰਾਮਾ ਮੰਡੀ ਵਿਖੇ ਬੀ.ਐੱਨ.ਐੱਸ. ਦੀ ਧਾਰਾ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ੀ ਨੇ ਪੁਲਿਸ ਪਾਰਟੀ ’ਤੇ ਕਈ ਗੋਲੀਆਂ ਚਲਾਈਆਂ ਸਨ। ਉਕਤ ਘਟਨਾ ‘ਚ ਕਿਸੇ ਦੋਸ਼ੀ ਨੂੰ ਗੋਲੀ ਨਹੀਂ ਲੱਗੀ ਪਰ ਦੋ ਮੁਲਾਜ਼ਮ ਜ਼ਖਮੀ ਹੋ ਗਏ।
ਸੀ.ਆਈ.ਏ ਸਟਾਫ਼ ਦੇ ਮੁਲਾਜ਼ਮ ਏ.ਐਸ.ਆਈ ਗੁਰਵਿੰਦਰ ਸਿੰਘ ਦੇ ਬਿਆਨਾਂ ‘ਤੇ ਧਰਮਿੰਦਰ ਪੁੱਤਰ ਮੋਹਨ ਲਾਲ ਵਾਸੀ ਬਲਦੇਵ ਨਗਰ ਰਾਮਾਮੰਡੀ, ਸ਼ੇਖਰ ਪੁੱਤਰ ਮੋਹਨ ਲਾਲ ਵਾਸੀ ਜੈਮਲ ਨਗਰ, ਆਕਾਸ਼ ਸਹੋਤਾ ਉਰਫ਼ ਕਾਲੂ ਵਾਸੀ ਲੰਮਾ ਪਿੰਡ, ਕਰਨ ਕੁਮਾਰ ਉਰਫ਼ ਕੰਨੀ ਪੁੱਤਰ ਰਵੀ ਕੁਮਾਰ ਵਾਸੀ ਮੁਹੱਲਾ ਬਲਦੇਵ ਨਗਰ, ਮਨੀਸ਼ ਪੁੱਤਰਰ ਵਿਕਰਮ ਨਿਵਾਸੀ ਵਿਨੇ ਨਗਰ, ਸ਼ਿਸ਼, ਰਿਤਾਈ, ਮਥੂ ਨਿਵਾਸੀ ਬਲਦੇਵ ਨਗਰ ਸਣੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਸੀ। ਧਰਮਿੰਦਰ ਕੇਸ ਵਿਚ ਮੁੱਖ ਦੋਸ਼ੀ ਸੀ, ਜਿਸ ਦੇ ਚੱਲਦੇ ਉਸ ਦੇ ਖਿਲਾਫ ਸਿਟੀ ਪੁਲਿਸ ਦੀ ਟੀਮ ਨੇ ਇਹ ਕਾਰਵਾਈ ਕੀਤੀ।
ਸੀਆਈਏ ਸਟਾਫ਼ ਦੇ ਏਐਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਸੀ ਕਿ ਸਾਥੀ ਏਐਸਆਈ ਬਲਕਾਰ ਸਿੰਘ ਅਤੇ ਹੋਰ ਕਰਮਚਾਰੀ ਛਾਪੇਮਾਰੀ ਲਈ ਗਏ ਹੋਏ ਸਨ। ਇਹ ਛਾਪੇਮਾਰੀ ਭਾਰਗਵ ਕੈਂਪ ਥਾਣੇ ਵਿੱਚ ਦਰਜ ਅਸਲਾ ਐਕਟ ਦੀ ਐਫਆਈਆਰ ਦੇ ਸਬੰਧ ਵਿੱਚ ਕੀਤੀ ਗਈ ਸੀ। ਟੀਮ ਜਦੋਂ ਇਸ ਸਬੰਧੀ ਛਾਪੇਮਾਰੀ ਕਰਨ ਪਹੁੰਚੀ ਤਾਂ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਬਜ਼ੁਰਗ ਜੋੜੇ ‘ਤੇ ਫਾ/ਇ.ਰਿੰਗ ਮਾਮਲੇ ‘ਚ ਵੱਡਾ ਖੁਲਾਸਾ, NRI ਪੁੱਤ ਹੀ ਨਿਕਲਿਆ ਪਿਤਾ ਦਾ ਕਾ.ਤ.ਲ
ਪੁਲਿਸ ਪਾਰਟੀ ਨੂੰ ਦੇਖ ਕੇ ਦੋਸ਼ੀਆਂ ਨੇ ਉਨ੍ਹਾਂ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਲੜਾਈ ਸ਼ੁਰੂ ਕਰ ਦਿੱਤੀ। ਦੋਸ਼ੀਆਂ ਨੇ ਹੈੱਡ ਕਾਂਸਟੇਬਲ ਲਲਿਤ ਕੁਮਾਰ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਸੀ, ਜਿਸ ਵਿੱਚ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਦੋਸ਼ੀ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ।
ਵੀਡੀਓ ਲਈ ਕਲਿੱਕ ਕਰੋ -:

The post ਜਲੰਧਰ ਤੋਂ ਵੱਡੀ ਖ਼ਬਰ, ਪੁਲਿਸ ‘ਤੇ ਹਮਲਾ ਕਰਨ ਵਾਲੇ ਬਦਮਾਸ਼ ਦੇ ਘਰ ‘ਤੇ ਚੱਲਿਆ ਪੀਲਾ ਪੰਜਾ appeared first on Daily Post Punjabi.