ਬਰਨਾਲਾ ਜ਼ਿਲ੍ਹੇ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿਥੇ ਪਰਿਵਾਰਕ ਝਗੜੇ ਤੋਂ ਪਰੇਸ਼ਾਨ ਇਕ ਔਰਤ ਨੇ ਆਪਣੀ 5 ਸਾਲਾ ਬੱਚੀ ਨੂੰ ਨਹਿਰ ਵਿਚ ਸੁੱਟ ਦਿੱਤਾ ਤੇ ਪਿੱਛੇ ਖੁਦ ਵੀ ਮਰਨ ਲਈ ਛਾਲ ਮਾਰ ਦਿੱਤੀ। ਪਰ ਇਸ ਦੌਰਾਨ ਲੋਕਾਂ ਨੇ ਔਰਤ ਨੂੰ ਬਚਾ ਲਿਆ ਪਰ ਉਸ ਦੀ ਜਵਾਕੜੀ ਦੀ ਮੌਤ ਹੋ ਗਈ। ਔਰਤ ਨੂੰ ਮੁੱਕਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਉਥੇ ਹੀ ਆਪਣੇ ਹੱਥੀਂ ਆਪਣੀ ਮਾਸੂਮ ਬੱਚੀ ਨੂੰ ਮੌਤ ਦੇ ਮੂੰਹ ਵਿਚ ਸੁੱਟਣ ਮਗਰੋਂ ਔਰਤ ਵੀ ਭੁੱਬਾਂ ਮਾਰ ਰੌਂਦੀ ਨਜ਼ਰ ਆਈ।
ਮਾਮਲਾ ਪਿੰਡ ਕੁੱਬਾ ਤੋਂ ਸਾਹਮਣੇ ਆਇਆ ਹੈ। ਜਿਥੇ ਔਰਤ ਨੇ ਆਪਣੀ ਧੀ ਗੁਰਨੂਰ ਕੌਰ ਨੂੰ ਪਹਿਲਾਂ ਨਹਿਰ ‘ਚ ਸੁੱਟਿਆ ਤੇ ਫਿਰ ਖੁਦ ਵੀ ਛਾਲ ਮਾਰ ਦਿੱਤੀ। ਆਸ-ਪਾਸ ਦੇ ਲੋਕਾਂ ਨੇ ਮਾਂ-ਧੀ ਨੂੰ ਨਹਿਰ ‘ਚੋਂ ਬਾਹਰ ਕੱਢਿਆ। ਦੋਵਾਂ ਨੂੰ ਤੁਰੰਤ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਮਾਂ ਦੀ ਜਾਨ ਬਚ ਗਈ। ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਕੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : SPS ਪਰਮਾਰ ਬਣੇ ਵਿਜੀਲੈਂਸ ਦੇ ਨਵੇਂ ਚੀਫ਼ ਡਾਇਰੈਕਟਰ, 2 IPS ਅਧਿਕਾਰੀਆਂ ਦੇ ਹੋਏ ਤਬਾਦਲੇ
ਥਾਣਾ ਧਨੌਲਾ ਦੇ ਐਸਐਚਓ ਲਖਵੀਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਪਿੰਡ ਦੇ ਸਰਪੰਚ ਹਰਦੇਵ ਸਿੰਘ ਨੂੰ ਮਿਲੀ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਔਰਤ ਦਾ ਆਪਣੇ ਪਤੀ ਬਾਰੂ ਸਿੰਘ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ। ਇਸ ਕਾਰਨ ਉਹ ਅਕਸਰ ਆਪਣੇ ਪੇਕੇ ਘਰ ਚਲੀ ਜਾਂਦੀ ਸੀ। ਪੁਲਿਸ ਨੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ’ਤੇ ਔਰਤ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੋਸ਼ੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਬੱਚੀ ਦਾ ਸਸਕਾਰ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

The post ਘਰੇਲੂ ਕਲੇਸ਼ ਤੋਂ ਦੁਖੀ ਔਰਤ ਨੇ ਮਾਸੂਮ ਸਣੇ ਨਹਿਰ ‘ਚ ਮਾਰੀ ਛਾਲ, ਖੁਦ ਤਾਂ ਬਚ ਗਈ ਸਦਾ ਲਈ ਗੁਆ ਬੈਠੀ ਧੀ appeared first on Daily Post Punjabi.