ਪੰਜਾਬ ਦੀ ਆਪ ਸਰਕਾਰ ਨੇ ਸੋਮਵਾਰ ਨੂੰ ਜਲਾਲਾਬਾਦ ਵਿਧਾਨ ਸਭਾ ਹਲਕੇ ਲਈ ਵੱਡਾ ਤੋਹਫਾ ਦੇਣ ਦਾ ਐਲਾਨ ਕੀਤਾ ਹੈ। ਜਲਾਲਾਬਾਦ ਵਿੱਚ ਸ਼ਹੀਦ ਊਧਮ ਸਿੰਘ ਦੇ ਨਾਂ ’ਤੇ ਬਾਈਪਾਸ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਪ੍ਰਸ਼ਨ ਕਾਲ ਦੌਰਾਨ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਫਾਜ਼ਿਲਕਾ-ਫ਼ਿਰੋਜ਼ਪੁਰ ਰੋਡ ’ਤੇ ਜਲਾਲਾਬਾਦ ਬਾਈਪਾਸ ਦੀ ਉਸਾਰੀ ਸਬੰਧੀ ਸਵਾਲ ਉਠਾਇਆ।
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ਤੋਂ ਜਲਾਲਾਬਾਦ ਦਾ ਬਾਈਪਾਸ ਬਣਾਇਆ ਜਾਵੇਗਾ। ਬਾਈਪਾਸ ਬੱਗੇ ਕੇ ਉਤਾੜ ਤੋਂ ਸ਼ੁਰੂ ਹੋ ਕੇ ਨਹਿਰ ਦੇ ਨਾਲ ਅਮੀਰ ਖਾਸ ਤੱਕ ਜਾਵੇਗਾ। ਇਸ ਦੀ ਲੰਬਾਈ 8.75 ਕਿਲੋਮੀਟਰ ਅਤੇ ਚੌੜਾਈ 18 ਫੁੱਟ ਹੋਵੇਗੀ। ਇਸ ਸਬੰਧੀ ਸਰਕਾਰ ਵੱਲੋਂ 13 ਕਰੋੜ 28 ਲੱਖ 70 ਹਜ਼ਾਰ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਵੀ ਜਾਰੀ ਕੀਤੀ ਗਈ ਹੈ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਇਸ ਸੜਕ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਪਰ ਪਿਛਲੀਆਂ ਸਰਕਾਰਾਂ ਦੇ ਵੱਡੇ ਆਗੂ ਇਸ ਇਲਾਕੇ ਤੋਂ ਵੋਟਾਂ ਤਾਂ ਲੈਂਦੇ ਰਹੇ ਪਰ ਵਿਕਾਸ ਦੇ ਅਸਲ ਮੁੱਦਿਆਂ ਵੱਲ ਧਿਆਨ ਨਹੀਂ ਦਿੱਤਾ ਅਤੇ ਪਿਛਲੇ ਵੱਡੇ ਲੀਡਰ ਇਸ ਬਾਈਪਾਸ ਦਾ ਨਿਰਮਾਣ ਨਹੀਂ ਕਰਵਾ ਸਕੇ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਸੜਕ ਮਹਾਨ ਸ਼ਹੀਦ ਊਧਮ ਸਿੰਘ ਦੇ ਨਾਂ ‘ਤੇ ਬਣਾਈ ਜਾਵੇਗੀ। ਇਸ ਸੜਕ ਦੇ ਬਣਨ ਨਾਲ ਜਲਾਲਾਬਾਦ ਦੀ ਟ੍ਰੈਫਿਕ ਸਮੱਸਿਆ ਦਾ ਸਥਾਈ ਹੱਲ ਹੋਵੇਗਾ ਅਤੇ ਲੋਕਾਂ ਨੂੰ ਫਾਜ਼ਿਲਕਾ ਤੋਂ ਫ਼ਿਰੋਜ਼ਪੁਰ ਜਾਣ ਲਈ ਲੱਗਣ ਵਾਲੇ ਸਮੇਂ ਵਿੱਚ ਵੀ ਕਮੀ ਆਵੇਗੀ।
ਇਹ ਵੀ ਪੜ੍ਹੋ : ਕਰਨਲ ਬਾਠ ਕੁੱ.ਟਮਾ/ਰ ਮਾਮਲਾ, ਪਰਿਵਾਰ ਨੂੰ ਮਿਲਿਆ CM ਮਾਨ ਨਾਲ ਮੁਲਾਕਾਤ ਦਾ ਸਮਾਂ, ਚੁੱਕਿਆ ਧਰਨਾ
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਸੜਕ ਨੂੰ ਮਨਜ਼ੂਰੀ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਦਾ ਧੰਨਵਾਦ ਕੀਤਾ। ਉਨ੍ਹਾਂ ਸਦਨ ਵਿੱਚ ਇਹ ਵੀ ਮੰਗ ਕੀਤੀ ਕਿ ਇਸ ਨਵੀਂ ਸੜਕ ’ਤੇ ਸ਼ਹੀਦ ਊਧਮ ਸਿੰਘ ਦਾ ਬੁੱਤ ਵੀ ਲਗਾਇਆ ਜਾਵੇ। ਲੋਕ ਨਿਰਮਾਣ ਮੰਤਰੀ ਨੇ ਤੁਰੰਤ ਇਹ ਮੰਗ ਮੰਨ ਲਈ।
ਵੀਡੀਓ ਲਈ ਕਲਿੱਕ ਕਰੋ -:

The post ਸ਼ਹੀਦ ਊਧਮ ਸਿੰਘ ਦੇ ਨਾਂ ‘ਤੇ ਜਲਾਲਾਬਾਦ ‘ਚ ਬਣੇਗਾ ਬਾਈਪਾਸ, ਮਾਨ ਸਰਕਾਰ ਨੇ ਦਿੱਤੀ ਮਨਜ਼ੂਰੀ appeared first on Daily Post Punjabi.