ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਦੋਸਤ ਮੋਦੀ ਨੂੰ 182 ਕਰੋੜ ਰੁਪਏ ਭੇਜੇ ਗਏ ਹਨ। ਇਹ ਦੂਜੀ ਵਾਰ ਹੈ ਜਦੋਂ ਟਰੰਪ ਨੇ ਇਸ ਮਾਮਲੇ ਵਿਚ ਮੋਦੀ ਦਾ ਨਾਂ ਲਿਆ ਹੈ ਤੇ ਨਾਲ ਹੀ ਭਾਰਤੀ ਚੋਣਾਂ ਵਿਚ ਅਮਰੀਕੀ ਫੰਡਿੰਗ ‘ਤੇ ਸਵਾਲ ਚੁੱਕੇ ਹਨ।
ਟਰੰਪ ਨੇ ਕਿਹਾ ਕਿ ਇਹ ਫੰਡ ਭਾਰਤ ਵਿਚ ਵੋਟਰ ਟਰਨਆਊਟ ਵਧਾਉਣ ਲਈ ਦਿੱਤੇ ਗਏ। ਸਾਨੂੰ ਵੀ ਅਮਰੀਕਾ ਵਿਚ ਵੋਟਰ ਟਰਨਆਊਟ ਵਧਾਉਣ ਲਈ ਪੈਸਾ ਚਾਹੀਦਾ ਹੈ। ਇਸ ਤੋਂ ਇਲਾਵਾ ਟਰੰਪ ਨੇ ਬੰਗਲਾਦੇਸ਼ ਵਿਚ ਭੇਜੇ ਗਏ 250 ਕਰੋੜ ਰੁਪਏ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿਚ ਸਿਆਸੀ ਮਾਹੌਲ ਨੂੰ ਮਜ਼ਬੂਤ ਕਰਨ ਲਈ ਇਹ ਫੰਡ ਇਕ ਅਜਿਹੇ ਸੰਗਠਨ ਨੂੰ ਭੇਜਿਆ ਗਿਆ ਜਿਸ ਦਾ ਨਾਂ ਵੀ ਕਿਸੇ ਨੇ ਨਹੀਂ ਸੁਣਿਆ। ਅਜਿਹੀ ਸੰਸਥਾ ਨੂੰ ਇੰਨਾ ਪੈਸਾ ਮਿਲਿਆ ਜਿਥੇ ਸਿਰਫ ਦੋ ਲੋਕ ਹੀ ਕੰਮ ਕਰਦੇ ਹਨ। ਉਹ ਇਥੋਂ 10-20 ਹਜ਼ਾਰ ਰੁਪਏ ਇਕੱਠੇ ਕਰ ਰਹੇ ਹਨ ਤੇ ਅਚਾਨਕ ਉਨ੍ਹਾਂ ਨੂੰ ਅਮਰੀਕੀ ਸਰਕਾਰ ਤੋਂ 250 ਕਰੋੜ ਰੁਪਏ ਮਿਲ ਗਏ। ਮੈਨੂੰ ਲੱਗਦਾ ਹੈ ਕਿ ਉਹ ਦੋਵੇਂ ਅਮੀਰ ਬਣਨ ਨਾਲ ਬਹੁਤ ਖੁਸ਼ ਹੋਣਗੇ। ਜਲਦ ਹੀ ਉਨ੍ਹਾਂ ਦੀ ਤਸਵੀਰ ਬਿਜ਼ਨੈੱਸ ਮੈਗਜ਼ੀਨ ਵਿਚ ਛਾਪੀ ਜਾਵੇਗੀ।
ਟਰੰਪ ਨੇ ਕਿਹਾ ਕਿ ਮੈਨੂੰ ਹੈਰਾਨੀ ਹੈ ਕਿ ਇੰਨੇ ਪੈਸੇ ਮਿਲਣ ਦੇ ਭਾਰਤ ਕੀ ਸੋਚੇਗਾ। ਇਹ ਇਕ ਕਿਕ ਬੈਕ ਯਾਨੀ ਰਿਸ਼ਵਤਖੋਰੀ ਦੀ ਸਕੀਮ ਹੈ। ਜੋ ਲੋਕ ਇਹ ਪੈਸਾ ਭਾਰਤ ਨੂੰ ਭੇਜ ਰਹੇ ਹਨ, ਉਸ ਦਾ ਕੁਝ ਹਿੱਸਾ ਪਰਤ ਕੇ ਉਨ੍ਹਾਂ ਲੋਕਾਂ ਕੋਲ ਆ ਰਿਹਾ ਹੈ। ਟਰੰਪ ਨੇ ਕਿਹਾ ਕਿ ਮੈਂ ਭਾਰਤ ਵਿਚ ਵੋਟਰ ਟਰਨਆਊਟ ਦੀ ਪਰਵਾਹ ਕਿਉਂ ਕਰਾਂ? ਸਾਡੀ ਆਪਣੀਆਂ ਪ੍ਰੇਸ਼ਾਨੀਆਂ ਘੱਟ ਨਹੀਂ ਹਨ। ਸਾਨੂੰ ਆਪਣੇ ਟਰਨਆਊਟ ‘ਤੇ ਧਿਆਨ ਦੇਣਾ ਚਾਹੀਦਾ ਹੈ। ਅਸੀਂ ਇਹ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਹਨ। ਹੁਣ ਅਸੀਂ ਸਹੀ ਰਸਤੇ ‘ਤੇ ਹਾਂ।
ਇਹ ਵੀ ਪੜ੍ਹੋ : ਅਜਨਾਲਾ : ਸੱਕੀ ਨਾਲੇ ‘ਚ ਡਿੱਗੀ ਗੰਨੇ ਨਾਲ ਭਰੀ ਟਰਾਲੀ, ਡਰਾਈਵਰ ਦੇ ਮੌਕੇ ‘ਤੇ ਮੁੱ.ਕੇ ਸਾ.ਹ
ਟਰੰਪ ਨੇ ਸਾਬਕਾ ਰਾਸ਼ਟਰਪਤੀ ਜੋ ਬਾਇਡੇਨ ‘ਤੇ ਭਾਰਤ ਦੀਆਂ ਆਮ ਚੋਣਾਂ ਵਿਚ ਦਖਲ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਬਾਇਡੇਨ ਦਾ ਪਲਾਨ ਭਾਰਤ ਵਿਚ ਕਿਸੇ ਹੋਰ ਨੇਤਾ ਨੂੰ ਚੋਣਾਂ ਜਿਤਾਉਣ ਦਾ ਸੀ। ਇਸ ਲਈ ਬਾਈਡੇਨ ਪ੍ਰਸ਼ਾਸਨ ਨੇ ਭਾਰਤ ਵਿਚ ਵੋਟਰ ਟਰਨਾਊਟ ਵਧਾਉਣ ਲਈ 182 ਕਰੋੜ ਰੁਪਏ ਦਾ ਫੰਡ ਮੁਹੱਈਆ ਕਰਾਇਆ। ਇਹ ਵੱਡਾ ਖੁਲਾਸਾ ਹੈ, ਅਸੀਂ ਇਸ ਬਾਰੇ ਭਾਰਤ ਸਰਕਾਰ ਨੂੰ ਦੱਸਾਂਗੇ।
ਵੀਡੀਓ ਲਈ ਕਲਿੱਕ ਕਰੋ -:

The post ਟਰੰਪ ਦਾ ਦਾਅਵਾ-‘ਮੇਰੇ ਦੋਸਤ ਮੋਦੀ ਨੂੰ 182 ਕਰੋੜ ਭੇਜੇ’, ਭਾਰਤੀ ਚੋਣਾਂ ‘ਚ ਅਮਰੀਕੀ ਫੰਡਿੰਗ ‘ਤੇ ਚੁੱਕੇ ਸਵਾਲ appeared first on Daily Post Punjabi.